ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਦੀ ਰਣਨੀਤੀ

ਪੁਲਵਾਮਾ ਹਮਲੇ ਦੇ ਬਾਅਦ ਬਣੇ ਕੌਮਾਂਤਰੀ ਦਬਾਅ ਹੇਠ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਆਪਣੇ ਸੰਬੰਧਤ ਸਰਕਾਰੀ ਅਦਾਰਿਆਂ ਨੂੰ ਮੁਲਕ ਵਿੱਚ ਅੱਤਵਾਦੀ ਗੁੱਟਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਿੱਟੇ ਵਜੋਂ ਜੈਸ਼-ਏ-ਮੁਹੰਮਦ ਨਾਲ ਸੰਬੰਧਤ ਧਾਰਮਿਕ ਮਦਰੱਸਿਆਂ ਨੂੰ ਸਰਕਾਰ ਦੀ ਨਜ਼ਰਸਾਨੀ ਹੇਠ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਗੌਰਤਲਬ ਹੈ ਕਿ ਭਾਰਤ ਦੁਆਰਾ ਪਾਕਿਸਤਾਨ ਦੇ ਬਾਲਾਕੋਟ, ਖੈਬਰ ਪਖਤੂਨਖਵਾ ਇਲਾਕੇ ਵਿੱਚ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ ‘ਤੇ ਕੀਤੇ ਹਵਾਈ ਹਮਲੇ ਮਗਰੋਂ ਹੁਣ ਪਾਕਿਸਤਾਨ ਦੀਆਂ ਅੱਖਾਂ ਖੁੱਲ੍ਹੀਆਂ ਹਨ। ਦੋਹਾਂ ਮੁਲਕਾਂ ਵਿੱਚ ਬਣੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਦੀ ਪ੍ਰਤੀਕਿਰਿਆ ਨੂੰ ਧਿਆਨ ਵਿੱਚ ਰੱਖਿਆ ਜਾਣਾ ਨਿਹਾਇਤ ਹੀ ਜ਼ਰੂਰੀ ਹੈ।

ਪਾਕਿਸਤਾਨ ਨੇ ਆਪਣਾ ਬਚਾਅ ਪੇਸ਼ ਕਰਦਿਆਂ ਇੱਕ ਘਿਨੌਣੀ ਚਾਲ ਤਹਿਤ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਸ ਦੇ ਇਲਾਕੇ ਵਿੱਚ ਘੁਸਪੈਠ ਕਰਨ ਵਾਲਾ ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ ਤੇ ਹਾਦਸੇ ਵਾਲੀ ਥਾਂ ਤੋਂ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਉਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੇ ਕੌਮੀ ਅਸੈਂਬਲੀ ਵਿੱਚ ਸ਼ਾਂਤੀ ਦਾ ਭਾਵ ਦਰਸਾਉਂਦੇ ਹੋਇਆਂ ਉਸ ਦੀ ਰਿਹਾਈ ਦਾ ਐਲਾਨ ਵੀ ਕਰ ਦਿੱਤਾ।

ਕਾਬਿਲੇਗੌਰ ਹੈ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਾਂਝੇ ਇਜਲਾਸ ਵਿੱਚ ਇਸ ਗੱਲ ‘ਤੇ ਸਭ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਪਾਕਿਸਤਾਨ ਦੀ ਹਵਾਈ ਫੌਜ ਨੇ ਭਾਰਤ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਕੌਮੀ ਅਸੈਂਬਲੀ ਵਿੱਚ ਸਰਬਸੰਮਤੀ ਨਾਲ ਇਸ ਗੱਲ ਦੀ ਹਿਮਾਇਤ ਕੀਤੀ ਗਈ ਕਿ ਜੇਕਰ ਭਾਰਤ ਦੀ ਹਵਾਈ ਫੌਜ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਤਾਂ ਭਾਰਤ ਨੂੰ ਇਸ ਦਾ ਢੁਕਵਾਂ ਤੇ ਫੌਰੀ ਜਵਾਬ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਪਾਕਿਸਤਾਨੀ ਹਵਾਈ ਫੌਜ ਦੁਆਰਾ ਕੀਤੀ ਗਈ ਕਾਰਵਾਈ ਨੂੰ ਪੂਰੇ ਮੁਲਕ ਵਿੱਚ ਭਾਰਤੀ ਹਮਲੇ ਦੇ ਜਵਾਬ ਦੇ ਤੌਰ ਤੇ ਦਰਸਾ ਕੇ ਇਸ ਦਾ ਜਸ਼ਨ ਮਨਾਇਆ ਗਿਆ ਹੈ। ਇਸੇ ਸੰਦਰਭ ਵਿੱਚ ਪਾਕਿਸਤਾਨੀ ਸੰਸਦ ਦਾ ਸਾਂਝਾ ਇਜਲਾਸ ਵੀ ਇਸੇ ਗੱਲ ਦੀ ਰਹਿਨੁਮਾਈ ਕਰਦਾ ਪ੍ਰਤੀਤ ਹੁੰਦਾ ਹੈ।

ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਸ਼ਾਹਬਾਜ਼ ਸ਼ਰੀਫ ਨੇ ਪਾਕਿਸਤਾਨੀ ਹਵਾਈ ਫੌਜ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁਲਕ ਦੇ ਜੋਸ਼ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਕਾਰਵਾਈ ਨੂੰ ਬੇਹੱਦ ਮਹੱਤਵਪੂਰਨ ਦਰਸਾਉਣ ਦੇ ਨਾਲ ਇਹ ਵੀ ਕਿਹਾ ਕਿ ਇਸ ਨਾਲ ਪਾਕਿਸਤਾਨ ਦੀ ਫੌਜੀ ਸਮਰੱਥਾ ਬਾਰੇ ਵੀ ਪਤਾ ਚੱਲਦਾ ਹੈ। ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸਮਝਦਾਰੀ ਤੋਂ ਕੰਮ ਲੈਂਦਿਆਂ ਅੱਗੇ ਵਧਣ ਤੋਂ ਬੱਚਣਾ ਚਾਹੀਦਾ ਹੈ, ਨਹੀਂ ਤਾਂ ਇਸ ਖਿੱਤੇ ਵਿੱਚ ਮਾਹੌਲ ਨਾਸਾਜ਼ ਬਣਿਆ ਰਹੇਗਾ। ਇਸ ਮਹੱਤਵਪੂਰਣ ਬੈਠਕ ਵਿੱਚ ਚੋਟੀ ਦੇ ਆਗੂਆਂ ਦੀ ਸ਼ਮੂਲੀਅਤ ਨਾ ਹੋਣ ਦੀ ਆਲੋਚਨਾ ਕਰਦੇ ਹੋਇਆਂ ਪਾਕਿਸਤਾਨ ਦੇ ਸਿਆਸੀ ਦਲ ਪੀ.ਪੀ.ਪੀ. ਦੀ ਆਗੂ ਹਿਨਾ ਰੱਬਾਨੀ ਖਾਰ ਨੇ ਦਲੀਲ ਦਿੱਤੀ ਕਿ ਇਹ ਸੱਤਾ-ਧਿਰ ਦਲ ਅਤੇ ਸੰਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜੰਗ ਵਰਗੇ ਹਾਲਾਤ ਵਿੱਚ ਸੰਸਦ ਵਿੱਚ ਮੌਜੂਦ ਹੋ ਕੇ ਸਾਂਝੇ ਇਜਲਾਸ ਦੀ ਅਗਵਾਈ ਕਰਨ।

ਗੌਰਤਲਬ ਹੈ ਕਿ ਇਮਰਾਨ ਖਾਨ ਨੇ ਮੁਲਕ ਨੂੰ ਸੰਬੋਧਿਤ ਹੁੰਦਿਆਂ ਟੈਲੀਵੀਜ਼ਨ ‘ਤੇ ਦਿੱਤੇ ਆਪਣੇ ਸੰਦੇਸ਼ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੇਕਰ ਭਾਰਤ ਪੁਲਵਾਮਾ ਹਮਲੇ ਨਾਲ ਸੰਬੰਧਤ ਉਸ ਨੂੰ ਸਬੂਤ ਦਿੰਦਾ ਹੈ ਤਾਂ ਪਾਕਿਸਤਾਨ ਉਸ ਨੂੰ ਜਾਂਚ ਵਿੱਚ ਸਹਿਯੋਗ ਕਰਨ ਨੂੰ ਤਿਆਰ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਇਹ ਪਾਕਿਸਤਾਨ ਦੇ ਹਿੱਤ ਵਿੱਚ ਨਹੀਂ ਹੈ ਕਿ ਉਸ ਦੀ ਧਰਤੀ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਲਈ ਕੀਤਾ ਜਾਵੇ। ਉਸ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਵੀ ਕਿ ਉਹ ਸਾਡੇ ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤੇ ਨਾ ਹੀ ਉਹ ਆਪਣੀ ਮਰਜ਼ੀ ਨਾਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਹੋ ਸਕਦਾ ਹੈ। ਉਨ੍ਹਾਂ ਨੇ ਇਸ ਸਾਰੀ ਸਥਿਤੀ ਲਈ ਭਾਰਤ ਨੂੰ ਹੀ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਭਾਰਤ ਨੇ ਆਪਣੇ ਆਪ ਹੀ ਜੱਜ ਅਤੇ ਜਿਊਰੀ ਬਣ ਕੇ ਪਾਕਿਸਤਾਨ ਵਿੱਚ ਫੌਜੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਵਜ਼ੀਰ-ਏ-ਆਜ਼ਮ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਆਪਣੀ ਪ੍ਰਭੂਸੱਤਾ ਦੀ ਹਰ ਕੀਮਤ ਉੱਤੇ ਰੱਖਿਆ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਬਣੇ ਤਣਾਅਪੂਰਨ ਮਾਹੌਲ ਦੇ ਨਿਪਟਾਰੇ ਲਈ ਅੱਤਵਾਦ ਦੇ ਮਸਲੇ ਸਮੇਤ ਭਾਰਤ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ।

ਪਾਕਿਸਤਾਨ ਨੇ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਹੈ ਅਤੇ ਭਾਰਤ ਦੁਆਰਾ ਸੰਭਾਵਿਤ ਹਵਾਈ ਹਮਲੇ ਦੇ ਮੱਦੇਨਜ਼ਰ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਥੋਂ ਹਟਾ ਕੇ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਹੈ। ਪਾਕਿਸਤਾਨੀ ਮੀਡੀਆ ਵਿੱਚ ਇਸ ਗੱਲ ਦੀ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਭਾਰਤ ਕਰਾਚੀ ਬੇਸ ਵਿੱਚ ਵੀ ਘੁਸਪੈਠ ਕਰ ਸਕਦਾ ਹੈ। ਇਸ ਸਭ ਦੇ ਮੱਦੇਨਜਰ ਪਾਕਿਸਤਾਨ ਨੇ ਆਪਣੀ ਫੌਜ ਨੂੰ ਭਾਰਤ ਵੱਲੋਂ ਅਚਾਨਕ ਹੀ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਨਾਲ ਨਿਬੜਨ ਲਈ ਤਿਆਰ-ਬਰ-ਤਿਆਰ ਰਹਿਣ ਦਾ ਹੁਕਮ ਦਿੱਤਾ ਹੈ।

ਸਭ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੀ ਧਰਤੀ ਉੱਤੇ ਅੱਤਵਾਦੀ ਗੁੱਟਾਂ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕਰ ਸਕਦਾ। ਕੌਮਾਂਤਰੀ ਪੱਧਰ ਤੇ ਵੀ ਪਾਕਿਸਤਾਨ ਉੱਤੇ ਅੱਤਵਾਦੀਆਂ ਖਾਸ ਕਰਕੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀਆਂ ਦੇ ਸੁਰੱਖਿਅਤ ਠਿਕਾਣਿਆਂ ਦੇ ਖਾਤਮੇ ਲਈ ਦਬਾਅ ਪਾਇਆ ਗਿਆ ਹੈ।

ਅਮਰੀਕਾ, ਇੰਗਲੈਂਡ ਅਤੇ ਫ਼ਰਾਂਸ ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕਰਨ ਲਈ ਪਹਿਲਾਂ ਹੀ ਸੰਯੁਕਤ ਰਾਸ਼ਟਰ ਵਿੱਚ ਮਤਾ ਪੇਸ਼ ਕਰ ਦਿੱਤਾ ਹੈ। ਇਸ ਸਭ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਪੰਜਾਬ ਦੇ ਬਹਾਵਲਪੁਰ ਵਿੱਚ ਸਥਿਤ ਜੈਸ਼-ਏ-ਮੁਹੰਮਦਦੇ ਮਦਰੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਪਰ ਇਹ ਸਭ ਇੱਕ ਅਸਥਾਈ ਪ੍ਰਬੰਧ ਵੀ ਹੋ ਸਕਦਾ ਹੈ। ਮਸੂਦ ਅਜ਼ਹਰ ਨੂੰ ਪਾਕਿ ਫੌਜ ਦੁਆਰਾ ਪਨਾਹ ਦਿੱਤੀ ਗਈ ਹੈ ਕਿਉਂਕਿ ਉਹ ਕਸ਼ਮੀਰ ਵਿੱਚ ਛੇੜੀ ਅਣ-ਐਲਾਨੀ ਜੰਗ ਦਾ ਮਹੱਤਵਪੂਰਣ ਮੋਹਰਾ ਹੈ। ਪਾਕਿਸਤਾਨ ਪਹਿਲਾਂ ਤੋਂ ਹੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਵਿੱਚ ਹੈ ਅਤੇ ਪੁਲਵਾਮਾ ਹਮਲੇ ਮਗਰੋਂ ਜੇਕਰ ਇਹ ਹਾਲੇ ਵੀ ਅੱਤਵਾਦੀ ਗੁੱਟਾਂ ਦੀ ਪੈਰਵੀ ਕਰਦਾ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਨਾਲ ਬਲੈਕ ਲਿਸਟ (ਕਾਲੀ ਸੂਚੀ) ਕੀਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਇੱਥੇ ਤੱਕ ਕਿ ਪਾਕਿਸਤਾਨ ਦੇ ਕਰੀਬੀ ਸਾਥੀ ਸਾਊਦੀ ਅਰਬ ਅਤੇ ਚੀਨ ਨੇ ਵੀ ਪਰਦੇ ਦੇ ਪਿੱਛਿਓਂ ਪਾਕਿਸਤਾਨ ਨੂੰ ਅੱਤਵਾਦ ਉੱਤੇ ਠੱਲ੍ਹ ਪਾਉਣ ਲਈ ਭਰੋਸੇਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਸਾਊਦੀ ਅਰਬ ਦੇ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਨੇ ਵੀ ਭਾਰਤੀ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਆਪਣੀ ਪਾਕਿਸਤਾਨ ਫੇਰੀ ਤੋਂ ਬਾਅਦ ਨਵੀਂ ਦਿੱਲੀ ਦਾ ਦੌਰਾ ਕਰਨ ਤੋਂ ਪਹਿਲਾਂ ਰਿਆਦ ਵਾਪਿਸ ਜਾਣਾ ਉੱਚਿਤ ਸਮਝਿਆ ਸੀ।