ਭਾਰਤ-ਮਾਲਦੀਵ ਸਬੰਧ ਨਵੀਂਆਂ ਉੱਚਾਈਆਂ ਵੱਲ

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਇਸ ਹਫ਼ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਦੇ ਸੱਦੇ ‘ਤੇ ਮਾਲਦੀਵ ਦਾ ਦੌਰਾ ਕੀਤਾ।ਇਹ 2014 ਤੋਂ ਬਾਅਦ ਸ੍ਰੀਮਤੀ ਸਵਰਾਜ ਦਾ ਦੂਜਾ ਦੌਰਾ ਹੈ ਅਤੇ 2018 ‘ਚ ਸ੍ਰੀ ਇਬਰਾਹਿਮ ਸੋਲਿਹ ਦੇ ਮਾਲਦੀਵ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਫੇਰੀ ਰਹੀ ਹੈ।
ਇਸ ਦੌਰੇ ਦੌਰਾਨ ਦੁਵੱਲੇ ਸਬੰਧਾਂ ਦੇ ਵਿਆਪਕ ਵਿਸਥਾਰ ਸਬੰਧੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਵਧੇਰੇ ਮਜ਼ਬੂਤ ਕਰਨ ਦੇ ਤਰੀਕਿਆਂ ਸਬੰਧੀ ਚਰਚਾ ਵੀ ਕੀਤੀ ਗਈ। ਸ੍ਰੀਮਤੀ ਸਵਰਾਜ ਨੇ ਮਾਲਦੀਵ ਦੇ ਆਪਣੇ ਹਮਅਹੁਦਾ, ਰੱਖਿਆ ਮੰਤਰੀ, ਵਿੱਤ ਮੰਤਰੀ, ਸਿਹਤ ਮੰਤਰੀ , ਕੌਮੀ ਯੋਜਨਾ ਅਤੇ ਬੁਨਿਆਦੀ ਢਾਂਚਾ ਮੰਤਰੀ ਸਮੇਤ ਹੋਰ ਕਈਆਂ ਮੰਤਰੀਆਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਨੇ ਰਾਸ਼ਟਰਪਤੀ ਸੋਲਿਹ, ਸੰਸਦ ਦੇ ਸਪੀਕਰ ਅਤੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਸਾਬਕਾ ਰਾਸ਼ਟਰਪਤੀ  ਮੁਹੰਮਦ ਨਾਸ਼ੀਦ ਨਾਲ ਵੀ ਸ੍ਰੀਮਤੀ ਸਵਰਾਜ ਨੇ ਮੁਲਾਕਾਤ ਕੀਤੀ।
ਸ੍ਰੀਮਤੀ ਸਵਰਾਜ ਅਤੇ ਸ੍ਰੀ ਸਾਹਿਦ ਦਰਮਿਆਨ ਹੋਈ ਬੈਠਕ ‘ਚ ਦੋਵਾਂ ਆਗੂਆਂ ਨੇ 2018 ‘ਚ ਰਾਸ਼ਟਰਪਤੀ ਸੋਲਿਹ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਵੱਲੋਂ ਐਲਾਨੇ ਗਏ ਵਾਅਦਿਆਂ ਦੀ ਤਰੱਕੀ ਦਾ ਜਾਇਜ਼ਾ ਲਿਆ।ਇਸ ਦੇ ਨਾਲ ਹੀ ਭਵਿੱਖ ‘ਚ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਨ ਸੰਪਰਕ ਅਤੇ ਵਿਕਾਸ ਸਹਿਯੋਗ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਰਣਨੀਤਕ ਅਤੇ ਸੁਰੱਖਿਆ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਬਣੇ ਰਹਿਣ ਦੀ ਮਾਲਦੀਵ ਦੀ ਵਚਨਬੱਧਤਾ ‘ਤੇ ਖਾਸ ਜ਼ੋਰ ਦਿੱਤਾ।
ਸੰਯੁਕਤ ਮੰਤਰੀ ਪੱਧਰ ਦੀ ਬੈਠਕ ਦੌਰਾਨ , ਦੋਹਾਂ ਧਿਰਾਂ ਨੇ ਸਮਰੱਥਾ ਵਿਕਾਸ, ਸਿਹਤ, ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਸਮੇਤ ਕਈ ਮੁੱਦਿਆਂ ‘ਤੇ ਦੁਵੱਲੇ ਸੰਬਧਾਂ ਨੂੰ ਵਿਕਸਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਸ੍ਰੀਮਤੀ ਸਵਰਾਜ ਨੇ ਮਾਲਦੀਵ ਦੀ ਬੇਨਤੀ ‘ਤੇ ਭਾਰਤ ਵੱਲੋਂ ਅਤਿ ਜ਼ਰੂਰੀ ਵਸਤਾਂ ਦੇ ਕੋਟੇ ਨੂੰ ਮੁੜ ਬਹਾਲ ਕਰਨ ਦੇ ਫ਼ੈਸਲੇ ਦਾ ਐਲਾਨ ਵੀ ਕੀਤਾ।
ਇਸ ਬੈਠਕ ‘ਚ ਸ੍ਰੀਮਤੀ ਸਵਰਾਜ ਅਤੇ ਮਾਲਦੀਵ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਵਿਚਾਲੇ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਵੀ ਵਿਚਾਰ ਚਰਚਾ ਕੀਤੀ ਗਈ। ਮਾਲਦੀਵ ਦੀ ਸੰਸਦ ਦੇ ਸਪੀਕਰ ਕਾਸਿਮ ਇਬਰਾਹਿਮ  ਨਾਲ ਮੁਲਾਕਾਤ ਦੌਰਾਨ ਸ੍ਰੀਮਤੀ ਸਵਰਾਜ ਨੇ  ਇਸ ਦੀ ਸ਼ਾਂਤੀ, ਵਿਕਾਸ, ਖੁਸ਼ਹਾਲੀ ਅਤੇ ਲੋਕਤੰਤਰ ਦੀ ਰਾਹ ‘ਤੇ ਅੱਗੇ ਵੱਧਣ ‘ਚ ਭਾਰਤੀ ਸਹਿਯੋਗ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ। ਰਾਸ਼ਟਰਪਤੀ ਸੋਲਿਹ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਤੋਂ ਬਾਅਦ ਅੱਗੇ ਦੀ ਕਾਰਵਾਈ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਦੋਵਾਂ ਮੁਲਕਾਂ ਦਰਮਿਆਨ 3 ਸਮਝੌਤੇ ਸਹੀਬੱਧ ਕੀਤੇ ਗਏ ਹਨ।ਕੂਟਨੀਤਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਸਹੂਲਤ, ਵਿਕਾਸ ਸਹਿਯੋਗ ਅਤੇ ਨਵੀਆਉਣਯੋਗ ਊਰਜਾ ਦੇ ਖੇਤਰ ‘ਚ ਤਿੰਨ ਇਕਰਾਰਨਾਮੇ ਸਹੀਬੱਧ ਕੀਤੇ ਗਏ। ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤ ਨੂੰ ਆਪਣਾ ਵਧੀਆ ਮਿੱਤਰ ਮੁਲਕ ਦੱਸਿਆ।
ਸ੍ਰੀਮਤੀ ਸਵਰਾਜ ਨੇ ਮਾਲੇ ‘ਚ ਇੰਦਰਾ ਗਾਂਧੀ ਯਾਦਗਰ ਹਸਪਤਾਲ ਦਾ ਦੌਰਾ ਵੀ ਕੀਤਾ। ਦੱਸਣਯੋਗ ਹੈ ਕਿ 1995 ‘ਚ ਇਸ ਟਾਪੂ ਸਮੂਹ ਨੂੰ ਭਾਰਤ ਨੇ ਇਹ ਹਸਪਤਾਲ ਤੋਹਫੇ ਵੱਜੋਂ ਦਿੱਤਾ ਸੀ।
ਇਸ ਦੌਰੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਯਾਮੀਨ ਪ੍ਰਸ਼ਾਸਣ ਦੌਰਾਨ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ‘ਚ ਆਈ ਖਟਾਸ ਨੂੰ ਕਿਸੇ ਹੱਦ ਤੱਕ ਦੂਰ ਕੀਤਾ ਜਾ ਸਕੇਗਾ।
ਭਾਰਤ ਅਤੇ ਮਾਲਦੀਵ ਦੋਵੇਂ ਹੀ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਯਤਨਸ਼ੀਲ ਹਨ।ਇਸ ਫੇਰੀ ਦੌਰਾਨ ਜਾਰੀ ਕੀਤੇ ਸਾਂਝੇ ਬਿਆਨ ਤੋਂ ਸਪਸ਼ੱਟ ਹੁੰਦਾ ਹੈ ਕਿ ਮੌਜੂਦਾ ਦੋਸਤਾਨਾ ਸਬੰਧਾਂ ਨੂੰ ਹੋਰ ਡੂੰਗਾ ਕਰਨ ਦੇ ਉਦੇਸ਼ ਨਾਲ ਦੋਵੇਂ ਮੁਲਕ ਆਪਣੀਆਂ ਵਚਨਬੱਧਤਾਵਾਂ ਨੂੰ ਗੰਭੀਰ ਰੂਪ ਨਾਲ ਨਿਭਾ ਰਹੇ ਹਨ।