ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਕਾਰਵਾਈ ਕਰਨ ਦੀ ਦਿੱਤੀ ਨਸੀਹਤ

ਅਮਰੀਕੀ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਆਪਣੀ ਧਰਤੀ ‘ਤੇ ਸਰਗਰਮ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਗੁੱਟਾਂ ਖਿਲਾਫ਼ ਠੋਸ ਅਤੇ ਪੁਖਤਾ ਕਾਰਵਾਈ ਕਰਨੀ ਚਾਹੀਦੀ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਦਿੰਦਿਆਂ ਕਿਹਾ ਹੈ ਕਿ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਅੱਤਵਾਦੀਆਂ ਖਿਲਾਫ਼ ਫੌਰੀ ਕਾਰਵਾਈ ਕਰੇ। ਜਦ ਕਿ ਇਸ ਦੇ ਨਾਲ ਹੀ ਉਸ ਨੇ ਇਸਲਾਮਾਬਾਦ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਹੋਰ ਅੱਤਵਾਦੀ ਹਮਲਾ ਭਾਰਤ ਉੱਤੇ ਹੁੰਦਾ ਹੈ ਤਾਂ ਇਸ ਸਭ ਦੇ ਲਈ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਅੱਤਵਾਦੀ ਗੁੱਟਾਂ ਖਾਸ ਤੌਰ ਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਖਿਲਾਫ਼ ਠੋਸ ਅਤੇ ਪੁਖਤਾ ਕਾਰਵਾਈ ਕਰੇ, ਤਾਂ ਕਿ ਖਿੱਤੇ ਵਿੱਚ ਤਣਾਅ ਹੋਰ ਨਾ ਵਧ ਸਕੇ।

ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਗੰਭੀਰਤਾ ਨਾਲ ਇਨ੍ਹਾਂ ਦਹਿਸ਼ਤਗਰਦੀ ਗੁੱਟਾਂ ‘ਤੇ ਕਾਰਵਾਈ ਨਹੀਂ ਕਰਦਾ ਹੈ ਅਤੇ ਭਾਰਤ ਉੱਤੇ ਕੋਈ ਹੋਰ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਪਾਕਿਸਤਾਨ ਦੇ ਲਈ ਇਹ ਬੇਹੱਦ ਸਮੱਸਿਆਵਾਂ ਖੜ੍ਹੀਆਂ ਕਰ ਦੇਵੇਗਾ ਅਤੇ ਇਸ ਨਾਲ ਖਿੱਤੇ ਵਿੱਚ ਤਣਾਅ ਦੇ ਫਿਰ ਤੋਂ ਵਧਣ ਦਾ ਤੌਖਲਾ ਪੈਦਾ ਹੋ ਜਾਵੇਗਾ, ਜੋ ਦੋਨਾਂ ਮੁਲਕਾਂ ਲਈ ਖ਼ਤਰਨਾਕ ਹੈ।

ਭਾਰਤੀ ਲੜਾਕੂ ਜਹਾਜ਼ਾਂ ਦੁਆਰਾ ਬਾਲਾਕੋਟ ਹਵਾਈ ਹਮਲੇ ਦੇ ਬਾਅਦ ਪਾਕਿਸਤਾਨ ਦੁਆਰਾ ਚੁੱਕੇ ਜਾ ਰਹੇ ਕਦਮਾਂ ਉੱਤੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਅਤੇ ਅੰਤਰਰਾਸ਼ਟਰੀ ਭਾਈਚਾਰਾ ਅੱਤਵਾਦੀ ਗੁੱਟਾਂ ਦੇ ਖਿਲਾਫ਼ ਲਗਾਤਾਰ ਅਤੇ ਪੁਖਤਾ ਕਾਰਵਾਈ ਦੇਖਣਾ ਚਾਹੁੰਦਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਗੁੱਟਾਂ ਅਤੇ ਅੱਤਵਾਦੀਆਂ ਦੇ ਖਿਲਾਫ਼ ਕਿਸ ਤਰ੍ਹਾਂ ਠੋਸ ਕਾਰਵਾਈ ਕਰਕੇ ਉਨ੍ਹਾਂ ‘ਤੇ ਸਿਕੰਜਾ ਕੱਸਦਾ ਹੈ ਤਾਂ ਕਿ ਅੱਤਵਾਦੀਆਂ ਦਾ ਫਿਰ ਤੋਂ ਉਠਣਾ ਮੁਮਕਿਨ ਨਾ ਹੋ ਸਕੇ। ਅਧਿਕਾਰੀ ਨੇ ਇਹ ਵੀ ਕਿਹਾ ਕਿ ਹਾਲੇ ਇਸ ਮਸਲੇ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨਾ ਜਲਦਬਾਜ਼ੀ ਹੋਵੇਗੀ।

ਅਮਰੀਕੀ ਅਧਿਕਾਰੀ ਦੇ ਮੁਤਾਬਿਕ ਹਾਲ ਦੇ ਦਿਨਾਂ ਵਿੱਚ ਪਾਕਿਸਤਾਨ ਨੇ ਕੁਝ ਸ਼ੁਰੂਆਤੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਕੁਝ ਅੱਤਵਾਦੀ ਗੁੱਟਾਂ ਦੀਆਂ ਸੰਪਤੀਆਂ ਨੂੰ ਜ਼ਬਤ ਕੀਤਾ ਹੈ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਇਸ ਦੇ ਨਾਲ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਕਈ ਠਿਕਾਣਿਆਂ ਨੂੰ ਵੀ ਆਪਣੇ ਕਬਜ਼ੇ ਅਧੀਨ ਲੈ ਲਿਆ ਹੈ।

ਪਰ ਹਾਲੇ ਅਮਰੀਕਾ ਨੇ ਪੂਰੇ ਹਾਲਾਤ ‘ਤੇ ਨਜ਼ਰ ਟਿਕਾਈ ਹੋਈ ਹੈ। ਅਮਰੀਕਾ ਚਾਹੁੰਦਾ ਹੈ ਕਿ ਅੱਤਵਾਦੀ ਗਤੀਵਿਧੀਆਂ ਤੇ ਠੱਲ੍ਹ ਪਾਉਣ ਲਈ ਹਾਲੇ ਹੋਰ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਪਹਿਲਾਂ ਵੀ ਜਦੋਂ ਗ੍ਰਿਫ਼ਤਾਰੀਆਂ ਹੋਈਆਂ ਸਨ ਤਾਂ ਪਾਕਿਸਤਾਨ ਨੇ ਕੁਝ ਮਹੀਨਿਆਂ ਦੇ ਬਾਅਦ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਦੇ ਸਰਗਨਾ ਨੂੰ ਕਦੇ-ਕਦੇ ਮੁਲਕ ਵਿੱਚ ਕਿਤੇ ਵੀ ਘੁੰਮਣ-ਫਿਰਨ ਅਤੇ ਰੈਲੀਆਂ ਕਰਨ ਦੀ ਇਜਾਜ਼ਤ ਵੀ ਦਿੱਤੀ ਜਾਂਦੀ ਹੈ।

ਅਮਰੀਕਾ ਨੇ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਅੱਤਵਾਦੀ ਗੁੱਟਾਂ ਤੇ ਨਕੇਲ ਕੱਸਣ ਲਈ ਕਿਸੇ ਠੋਸ ਕਾਰਵਾਈ ਦੀ ਲੋੜ ਹੈ ਅਤੇ ਅਮਰੀਕਾ, ਪਾਕਿਸਤਾਨ ਉੱਤੇ ਦਬਾਅ ਵਧਾਉਣ ਲਈ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਸਾਹਮਣੇ ਆਰਥਿਕ ਸੰਕਟ ਖੜ੍ਹਾ ਹੈ, ਇਸ ਲਈ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਵੀ ਪਾਕਿਸਤਾਨ ਦੁਆਰਾ ਅੱਤਵਾਦੀ ਗੁੱਟਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤੇ ਆਪਣੀ ਨਜ਼ਰ ਬਣਾਈ ਹੋਈ ਹੈ, ਜੋ ਚਾਹੁੰਦਾ ਹੈ ਕਿ ਦਹਿਸ਼ਤਗਰਦੀ ਕਾਰਵਾਈਆਂ ‘ਤੇ ਠੱਲ੍ਹ ਪਾਉਣ ਲਈ ਕੋਈ ਪੁਖਤਾ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਪਾਕਿਸਤਾਨ ਨੂੰ ਗ੍ਰੇ-ਸੂਚੀ ਵਿੱਚ ਰੱਖ ਸਕਦਾ ਹੈ, ਜੋ ਕਿ ਪਾਕਿਸਤਾਨ ਦੇ ਲਈ ਬੇਹੱਦ ਨੁਕਸਾਨਦਾਈ ਸਿੱਧ ਹੋਵੇਗਾ।

ਹੁਣ ਪਾਕਿਸਤਾਨ ਨੇ ਇਹ ਤੈਅ ਕਰਨਾ ਹੈ ਕਿ ਕੀ ਉਹ ਇੱਕ ਜ਼ਿੰਮੇਦਾਰ ਅੰਤਰਰਾਸ਼ਟਰੀ ਮੁਲਕ ਦੇ ਤੌਰ ਤੇ ਆਪਣੇ ਆਪ ਨੂੰ ਸਿੱਧ ਕਰਕੇ ਤਮਾਮ ਵਿੱਤੀ ਸਾਧਨਾਂ ਦੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਜਾਂ ਫਿਰ ਉਹ ਅੱਤਵਾਦੀ ਗੁੱਟਾਂ ਖਿਲਾਫ਼ ਪੁਖਤਾ ਕਾਰਵਾਈ ਨਾ ਕਰਨ ਦੇ ਮੁੱਦੇ ਤੇ ਆਪਣੇ ਆਪ ਨੂੰ ਅਲੱਗ-ਥਲੱਗ ਦੇਖਣਾ ਚਾਹੁੰਦਾ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੀ ਚੋਣ ਪਾਕਿਸਤਾਨ ਨੇ ਕਰਨੀ ਹੈ। ਹਾਲਾਂਕਿ ਦੱਖਣੀ ਏਸ਼ੀਆ ਦੇ ਦੋ ਗੁਆਂਢੀ ਮੁਲਕਾਂ ਦਰਮਿਆਨ ਬਣੇ ਤਣਾਅ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਦੀ ਫੌਜ ਹਾਈ ਅਲਰਟ ਉੱਤੇ ਹੋਣ ਕਾਰਨ ਅਮਰੀਕਾ ਨੂੰ ਇਸ ਦੀ ਫਿਕਰ ਹੈ।

ਇਸ ਸਾਰੇ ਹਾਲਾਤ ਦੇ ਮੱਦੇਨਜ਼ਰ ਅਮਰੀਕਾ ਨੂੰ ਪਤਾ ਹੈ ਕਿ ਜੇਕਰ ਭਾਰਤ ਉੱਤੇ ਕੋਈ ਹੋਰ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਸੰਕਟਮਈ ਹਾਲਾਤ ਬਣ ਜਾਣਗੇ। ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਖਿੱਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਦੋਨਾਂ ਮੁਲਕਾਂ ਲਈ ਘਾਤਕ ਸਿੱਧ ਹੋ ਸਕਦੀ ਹੈ।

ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ ਨੂੰ ਲੈ ਕੇ ਅਮਰੀਕਾ ਦਾ ਬਹੁਤ ਹੀ ਕਰੜਾ ਰੁਖ਼ ਹੈ, ਅਮਰੀਕਾ ਇਸ ਗੱਲ ਨੂੰ ਬਿਲਕੁਲ ਵੀ ਸਹਿਨ ਨਹੀਂ ਕਰ ਸਕਦਾ। ਅਧਿਕਾਰੀ ਨੇ ਕਿਹਾ ਕਿ ਭਾਰਤ ਵਿੱਚ 14 ਫਰਵਰੀ ਨੂੰ ਹੋਇਆ ਅੱਤਵਾਦੀ ਹਮਲਾ ਬੜੀ ਹੀ ਘਿਨੌਣੀ ਘਟਨਾ ਸੀ ਤੇ ਕਿਸੇ ਵੀ ਅੱਤਵਾਦੀ ਗੁੱਟ ਨੂੰ ਪਾਕਿਸਤਾਨ ਵਿੱਚ ਪਨਾਹਗਾਹ ਮਿਲੇ, ਇਹ ਬਿਲਕੁਲ ਵੀ ਸਹਿਣਯੋਗ ਨਹੀਂ ਹੈ।

ਕਾਬਿਲੇਗੌਰ ਹੈ ਕਿ ਦੋਹਾਂ ਮੁਲਕਾਂ ਵਿੱਚ ਹਾਲੀਆ ਸਮੇਂ ਦੌਰਾਨ ਜਦੋਂ ਤਣਾਅ ਬਹੁਤ ਹੀ ਸਿਖਰਾਂ ਤੇ ਸੀ ਉਦੋਂ ਅਮਰੀਕਾ, ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਅਧਿਕਾਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀ ਲਗਾਤਾਰ ਫੋਨ ਰਾਹੀਂ ਸੰਪਰਕ ਕਰ ਰਹੇ ਸਨ ਅਤੇ ਭਾਰਤ-ਪਾਕਿਸਤਾਨ ਵਿਚਲੇ ਸੰਬੰਧਾਂ ਦੇ ਬੇਹੱਦ ਖ਼ਤਰਨਾਕ ਪਲਾਂ ਨੂੰ ਟਾਲਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਸਨ।

ਇਸ ਲਈ ਹੁਣ ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਤਵਾਦੀ ਗੁੱਟਾਂ ਖਿਲਾਫ਼ ਠੋਸ ਅਤੇ ਪੁਖਤਾ ਕਾਰਵਾਈ ਕਰੇ, ਨਹੀਂ ਤਾਂ ਅੱਤਵਾਦ ਦੇ ਮੁੱਦੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਉਸ ਨੂੰ ਅਲੱਗ-ਥਲੱਗ ਕੀਤੇ ਜਾਣ ਦਾ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ।