ਕੀ ਸੀਰੀਆ ‘ਚ ਦਾਏਸ਼ ਦੀ ਹਕੂਮਤ ਖ਼ਤਮ ?

24 ਮਾਰਚ, 2019 ਨੂੰ ਅਮਰਕੀ ਹਿਮਾਇਤ ਪ੍ਰਾਪਤ ਸੀਰੀਆਈ ਡੈਮੋਕਰੇਟਿਕ ਫੋਰਸ, ਐਸ.ਡੀ.ਐਫ. ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਉੱਤਰ-ਪੂਰਬੀ ਸੀਰੀਆ ‘ਚ ਸਥਿਤ ਬਾਘੂਜ਼ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਇਹ ਖੇਤਰ ਇਸਲਾਮਿਕ ਰਾਜ ਦਾਏਸ਼ ਦਾ ਆਖਰੀ ਕਬਜੇ ਵਾਲਾ ਖੇਤਰ ਸੀ।
ਦੱਸਣਯੋਗ ਹੈ ਕਿ ਸਾਲ 2004 ‘ਚ ਦਾਏਸ਼ ਇਰਾਕ ‘ਚ ਅਲ-ਕਾਇਦਾ ਦੀ ਇੱਕ ਸ਼ਾਖਾ ਦੇ ਰੂਪ ‘ਚ ਗਠਿਤ ਹੋਇਆ ਸੀ ਅਤੇ 2006 ‘ਚ ਇਸ ਨੇ ਆਪਣੇ ਆਪ ਨੂੰ ਸੁਤੰਤਰ ‘ਇਰਾਕ ਦੇ ਇਸਲਾਮਿਕ ਰਾਜ’ ਵੱਜੋਂ ਘੋਸ਼ਿਤ ਕੀਤਾ।ਸੀਰੀਆ ‘ਚ ਘਰੇਲੂ ਜੰਗ ਦਾ ਫਾਇਦਾ ਚੁੱਕਦਿਆਂ ਇਸ ਅੱਤਵਾਦੀ ਗੁੱਟ ਨੇ ਦੇਸ਼ ‘ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੀਰੀਆ ਦੇ ਵਧੇਰੇ ਹਿੱਸੇ ‘ਤੇ ਆਪਣਾ ਕਬਜਾ ਵੀ ਕਰ ਲਿਆ।ਸਾ 2014 ‘ਚ ਮੋਸੂਲ ਨੂੰ ਆਪਣੇ ਕਬਜੇ ਹੇਠ ਲੈਣ ਤੋਂ ਬਾਅਦ ਦਾਏਸ਼ ਦੇ ਆਗੂ ਅਬੂ ਬਕਰ ਅਲ-ਬਗਦਾਦੀ ਨੇ ਆਪਣੇ ਆਪ ਨੂੰ ‘ਖਲੀਫਾ’ ਐਲਾਨਿਆ ਅਤੇ ਇਰਾਕ ਦੇ ਇਸਲਾਮਿਕ ਰਾਜ ਦੀ ਸਥਾਪਨਾ ਦਾ ਐਲਾਨ ਕੀਤਾ। ਦਾਏਸ਼ ਦੇ ਅੱਤਵਾਦੀ ਸਮੂਹ ਨੇ ਮੱਧ ਪੂਰਬੀ ਅਤੇ ਉੱਤਰ ਅਫ਼ਰੀਕੀ ਖੇਤਰ ‘ਚ ਹੋਰ ਕਈ ਸਮੂਹਾਂ ‘ਤੇ ਆਪਣਾ ਪ੍ਰਭਾਵ ਕਾਇਮ ਕੀਤਾ।
ਦਾਏਸ਼ ‘ਚ ਹਜ਼ਾਰਾਂ ਦੀ ਗਿਣਤੀ ‘ਚ ਵਿਦੇਸ਼ੀ ਲੜਾਕੂਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ਵ ਦੇ ਕਈ ਹਿੱਸਆਂ ‘ਚ ਭਿਆਨਕ ਅੱਤਵਾਦੀ ਹਮਲ਼ਿਆਂ ਨੂੰ ਅੰਜਾਮ ਦਿੱਤਾ। ਇਸ ਦੇ ਅਤਿਆਚਾਰਾਂ, ਫਿਰਕੂ ਏਜੰਡਾ ਅਤੇ ਔਰਤਾਂ ਖਿਲਾਫ਼ ਦਰਿੰਦਗੀਪੂਰਨ ਰਵੱਇਏ ਨੇ ਆਲਮੀ ਅਤੇ ਖੇਤਰੀ ਤਾਕਤਾਂ ਨੂੰ ਇਸ ਅੱਤਵਾਦੀ ਸਮੂਹ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰਿਆ ਅਤੇ ਸੀਰੀਆ ‘ਚ ਦਾਏਸ਼ ਦੀ ਤਾਨਾਸ਼ਾਹੀ ਹਕੂਮਤ ਨੂੰ ਟੱਕਰ ਦੇਣ ਲਈ ਮਜ਼ਬੂਤ ਰਣਨੀਤੀ ਤਿਆਰ ਕਰਨ ਲਈ ਚੌਕਸ ਕੀਤਾ।
ਦਾਏਸ਼ ਨੂੰ ਖ਼ਤਮ ਕਰਨ ਲਈ ਸੀਰੀਆ ‘ਚ ਦੋ ਵੱਖ-ਵੱਖ ਗੱਠਜੋੜਾਂ ਨੇ ਫੌਜੀ ਕਾਰਵਾਈਆਂ ਸ਼ੁਰੂ ਕੀਤੀਆਂ। ਰੂਸ ਨੇ ਇਰਾਨ ਅਤੇ ਸੀਰੀਆ ਦੇ ਬਸ਼ਰ ਅਲ-ਅਸਾਦ ਨਿਜ਼ਾਮ ‘ਚ ਸ਼ਮੂਲੀਅਤ ਕੀਤੀ ਅਤੇ ਅਮਰੀਕਾ ਨੇ ਕੁਰਦ ਫੌਜਾਂ ਨਾਲ ਹਿੱਸਾ ਲਿਆ ਅਤੇ ਐਸ.ਡੀ.ਐਫ. ਦੇ ਗਠਨ ‘ਚ ਮਦਦ ਕੀਤੀ।
2016 ਦੇ ਅਖੀਰ ‘ਚ ਕੁਰਦੀਸ਼ ਐਸ.ਡੀ.ਐਫ. ਨੇ ਦਾਏਸ਼ ਖਿਲਾਫ਼ ਫੌਜੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ। ਇੰਨ੍ਹਾਂ ਕਾਰਵਾਈਆਂ ‘ਚ ਅਮਰੀਕਾ ਨੇ ਹਵਾਈ ਬੰਬਾਰੀ ਰਾਹੀਂ ਦਾਏਸ਼ ਖਿਲਾਫ ਆਪਣਾ ਸਮਰਥਨ ਪ੍ਰਗਟ ਕੀਤਾ ਸੀ।ਅਕਤੂਬਰ 2017 ‘ਚ ਪਹਿਲੀ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਸੀਰੀਆ ‘ਚ ਦਾਏਸ਼ ਦੀ ਰਾਜਧਾਨੀ ਰਾਕਾ ਦਾ ਪਤਨ ਕੀਤਾ ਗਿਆ। ਇਸ ਦੌਰਾਨ ਐਸ.ਡੀ.ਐਫ. ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ , ਪਰ ਫਿਰ ਵੀ ਐਸ.ਡੀ.ਐਫ. ਨੇ ਇਸ ਦਹਿਸ਼ਤਗਰਦ ਸਮੂਹ ‘ਤੇ ਜਿੱਤ ਦਰਜ ਕੀਤੀ।
ਭਾਵੇਂ ਕਿ ਦਾਏਸ਼ ਦੀ ਹਾਰ ਹੋ ਗਈ ਹੈ ਪਰ ਫਿਰ ਵੀ ਸੀਰੀਆਈ ਕੁਰਦਾਂ ਦਾ ਭਵਿੱਖ ਡਾਵਾਂਡੋਲ ਹੈ। ਦਾਏਸ਼ ਖਿਲਾਫ ਕੁਰਦੀ ਲੜਾਕੂਆਂ ਨੇ ਅਹਿਮ ਭੂਮਿਕਾ ਨਿਭਾਈ। ਸੀਰੀਆ ਦੇ ਉੱਤਰ-ਪੂਰਬੀ ਭਾਗ ‘ਤੇ ਐਸ.ਡੀ.ਐਫ. ਦਾ ਕੰਟਰੋਲ ਹੋ ਗਿਆ ਹੈ ੳਤੇ ਇਕ ਖੁਦਮੁਖ਼ਤਿਆਰੀ ਵਾਲੇ ਨਿਜ਼ਾਮ ਦੀ ਸਥਾਪਨਾ ਕੀਤੀ ਗਈ ਹੈ। ਐਸ.ਡੀ.ਐਫ. ਨੇ ਆਪਣੇ ਨਿਯੰਤਰਣ ਹੇਠ ਖੇਤਰ ਨੂੰ ਰੋਜਵਾ ਦਾ ਨਾਂਅ ਦਿੱਤਾ ਹੈ। ਕੁਰਦਾਂ ਨੇ ਸੀਰੀਆਈ ਡੈਮੋਕਰੇਟਿਕ ਕੌਂਸਲ ਰਾਹੀਂ ਜਮਹੂਰੀ ਤੌਰ ‘ਤੇ ਕੰਮ ਕਰਨ ਦੀ ਸਮਰੱਥਾ ਨੂੰ ਪੇਸ਼ ਕੀਤਾ ਅਤੇ ਐਸ.ਡੀ.ਐਫ. ਦੇ ਰੂਪ ‘ਚ ਇੱਕ ਮਜ਼ਬੂਤ ਫੋਰਸ ਨੂੰ ਜਨਮ ਦਿੱਤਾ ਹੈ। ਪਰ ਫਿਰ ਵੀ ਦਾਏਸ਼ ਦੇ ਪਤਨ ਤੋਂ ਬਾਅਦ ਸੀਰੀਆ ‘ਚ ਉਨ੍ਹਾਂ ਦੇ ਸਿਆਸੀ ਹੱਲ ਲੱਭਿਆ ਜਾਣਾ ਬਾਕੀ ਹੈ। ਇਹ ਸਾਰੀ ਸਥਿਤੀ ਬਹੁਤ ਗੁੰਝਲਦਾਰ ਹੈ ਅਤੇ ਕੁਰਦਾਂ ਨੇ ਅਸਦ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਹੈ ਤਾਂ ਜੋ ਸੀਰੀਆ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ, ਪਰ ਇਹ ਕੁਰਦਾਂ ਲਈ ਬਹੁਤ ਹੋਰ ਚੁਣੌਤੀਆਂ ਨੂੰ ਪੈਦਾ ਕਰ ਸਕਦੀ ਹੈ।
ਅਸਦ ਨਿਜ਼ਾਮ ਸਾਰੇ ਸੀਰੀਆ ‘ਤੇ ਆਪਣੀ ਹਕੂਮਤ ਕਾਇਮ ਕਰਨ ‘ਤੇ ਜ਼ੋਰ ਦੇ ਰਿਹਾ ਹੈ।ਅਮਰੀਕੀ ਸਮਰਥਨ ਵਾਲੇ ਕੁਰਦਾਂ ਅਤੇ ਰੂਸ ਤੇ ਇਰਾਨ ਹਿਮਾਇਤ ਪ੍ਰਾਪਤ ਅਸਦ ਸਰਕਾਰ ਵਿਚਾਲੇ ਇਹ ਇੱਕ ਵਿਵਾਦਿਤ ਮੁੱਦੇ ਦਾ ਰੂਪ ਧਾਰਨ ਕਰ ਸਕਦਾ ਹੈ।ਸਮੁੱਚੇ ਸੀਰੀਆ ‘ਤੇ ਅਸਦ ਸਰਕਾਰ ਦੇ ਦਾਅਵੇ ਨੂੰ ਰੂਸ ਅਤੇ ਇਰਾਨ ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੇ ਹਨ ਪਰ ਮਾਸਕੋ ਦੇ ਮੁਕਾਬਲੇ ਤਹਿਰਾਨ ਨੇ ਕੁਰਦਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੇਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਉੱਤਰ-ਪੱਛਮੀ ਸੀਰੀਆ ‘ਚ ਅਸਥਿਰਤਾ ਨੂੰ ਖ਼ਤਮ ਕਰਨ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਤੁਰਕੀ ਨੇ ਵੀ ਕੁਰਦਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਤੁਰਕੀ ਐਸ.ਡੀ.ਐਫ. ਨੂੰ ਆਪਣੀ ਸੁਰੱਖਿਆ ਲਈ ਵੱਡਾ ਖ਼ਤਰਾ ਮੰਨਦਾ ਹੈ, ਕਿਉਂਕਿ ਉਸ ਦੇ ਸਬੰਧ ਤੁਰਕੀ ਵੱਲੋਂ ਪਾਬੰਦੀਸ਼ੁਦਾ ਵੱਖਵਾਦੀ ਸੰਗਠਨ ਕੁਰਦਿਸਤਾਨ ਵਰਕਸ ਪਾਰਟੀ ਨਾਲ ਸਨ। ਰਾਸ਼ਟਰਪਤੀ ਡੌਨਲਡ ਟਰੰਪ ਦੀ ਅਗਵਾਈ ‘ਚ ਅਮਰੀਕੀ ਫੌਜ ਉੱਤਰ-ਪੂਰਬੀ ਸੀਰੀਆ ‘ਚ ਆਪਣੀ ਫੌਜੀ ਮੌਜੂਦਗੀ ਨੂੰ ਵਧਾਉਣ ਲਈ ਪੁਰ ਜ਼ੋਰ ਯਤਨ ਕਰ ਰਹੀ ਹੈ। ਜਿਸ ਕਾਰਨ ਕੁਰਦਾਂ ਲਈ ਵਿਕਲਪਾਂ ਦੀ ਚੋਣ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਆਲਮੀ ਅਤੇ ਖੇਤਰੀ ਸ਼ਕਤੀਆਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਸਥਾਨਕ ਹਿੱਸੇਦਾਰਾਂ ਦੀਆਂ ਭਾਵਨਾਂਵਾਂ ਨੂੰ ਧਿਆਨ ‘ਚ ਰੱਖਦਿਆਂ ਸੀਰੀਆ ਦੇ ਰਾਜਸੀ ਹੱਲ ‘ਤੇ ਕੰਮ ਕਰਨ। ਦਾਏਸ਼ ਦਾ ਪਤਨ ਸੀਰੀਆ ਲਈ ਵਧੀਆ ਹੈ ਪਰ ਸੀਰੀਆ ਲਈ ਸਿਆਸੀ ਹੱਲ ਦਾ ਮੁਦਾ ਜਿਉਂ ਦਾ ਤਿਉਂ ਬਰਕਰਾਰ ਹੈ। ਜੇਰਕ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਜਲਦ ਨਾ ਲੱਭਿਆ ਗਿਆ ਤਾਂ ਦਾਏਸ਼ ਮੁੜ ਆਪਣੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਰਾਹ ਬਣਾ ਸਕਦਾ ਹੈ।