ਲੋਕ ਸਭਾ ਚੋਣਾਂ 2019: ਤੀਜੇ ਗੇੜ੍ਹ ਲਈ 66% ਹੋਇਆ ਮਤਦਾਨ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਮੰਗਲਵਾਰ ਨੂੰ 13 ਰਾਜਾਂ ਅਤੇ 2 ਕੇਂਦਰ ਸ਼ਾਸਤ ਰਾਜਾਂ ਦੀਆਂ 116 ਸੀਟਾਂ ‘ਤੇ 66% ਵੋਟਿੰਗ ਹੋਈ।ਕੁੱਲ 543 ਲੋਕ ਸਭਾ ਸੀਟਾਂ ‘ਚੋਂ 303 ਚੋਣ ਹਲਕਿਆਂ ‘ਚ ਮਤਦਾਨ ਹੋ ਚੁੱਕਾ ਹੈ, ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਚੋਣ ਪ੍ਰਕ੍ਰਿਆ ਦਾ ਅਹਿਮ ਹਿੱਸਾ ਹੈ। ਬਾਕੀ ਰਹਿੰਦੇ ਪੜਾਵਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਅਤੇ ਸਟਾਰ ਪ੍ਰਚਾਰਕਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ‘ਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ 7 ਪੜਾਵਾਂ ‘ਚੋਂ ਤਿੰਨ ਪੜਾਵਾਂ ਲਈ ਪਈਆਂ ਵੋਟਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਨਿਗਰਾਨੀ ਕੀਤੀ ਗਈ ਹੈ।
ਤੀਜੇ ਗੇੜ੍ਹ ਲਈ ਹੋਏ ਮਤਦਾਨ ‘ਚ 116 ਸੰਸਦੀ ਚੋਣ ਹਲਕਿਆਂ ਲਈ 1640 ਉਮੀਦਵਾਰ ਚੋਣ ਮੈਦਾਨ ‘ਚ ਸਨ।ਇੰਨ੍ਹੀ ਵੱਡੀ ਗਿਣਤੀ ‘ਚ ਉਮੀਦਵਾਰਾਂ ਦਾ ਚੋਣ ਲੜ੍ਹਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤ ‘ਚ ਲੋਕਤੰਤਰ ਦਾ ਬੋਲ ਬਾਲਾ ਕਾਇਮ ਹੈ।66% ਪਏ ਮਤਦਾਨ ਨੇ ਵੀ ਲੋਕਾਂ ਦੇ ਲੋਕਤੰਤਰ ‘ਚ ਦ੍ਰਿੜ ਵਿਸ਼ਵਾਸ ਨੂੰ ਪੇਸ਼ ਕੀਤਾ ਹੈ।
ਤੀਜੇ ਪੜਾਅ ਲਈ ਦੇਸ਼ ਭਰ ‘ਚ ਦੋ ਲੱਖ ਤੋਂ ਵੱਧ ਮਤਦਾਨ ਕੇਂਦਰ ਸਥਾਪਿਤ ਕੀਤੇ ਗਏ ਸਨ।ਚੋਣ ਕਮਿਸ਼ਨ ਵੱਲੋਂ ਗੁਜਰਾਤ ਦੇ ਗਿਰ ਜੰਗਲ ‘ਚ ਬਨੇਜ ਪਿੰਡ ‘ਚ ਇਕਲੇ ਵੋਟਰ ਲਈ ਵੀ ਮਤਦਾਨ ਕੇਂਦਰ ਸਥਾਪਿਤ ਕੀਤਾ ਗਿਆ, ਜੋ ਕਿ ਇਹ ਦਰਸਾਉਂਦਾ ਹੈ ਕਿ ਹਰ ਇੱਕ ਵੋਟ ਦੀ ਵੱਡਮੁੱਲੀ ਕੀਮਤ ਹੈ।ਤੀਜੇ ਗੇੜ੍ਹ ਦੇ ਮਤਦਾਨ ਤੋਂ ਬਾਅਦ 6 ਰਾਜਾਂ ‘ਚ ਚੋਣ ਪ੍ਰਕ੍ਰਿਆ ਮੁਕੰਮਲ ਹੋ ਗਈ ਹੈ।
ਗੁਜਰਾਤ ਦੀਆਂ ਸਾਰੀਆਂ 26 ਅਤੇ ਕੇਰਲ ਦੀਆਂ ਸਾਰੀਆਂ 20 ਸੀਟਾਂ ‘ਤੇ ਵੋਟਿੰਗ ਹੋਈ।ਇੰਨ੍ਹਾਂ ਰਾਜਾਂ ਤੋਂ ਇਲਾਵਾ ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਗੋਆ, ਤ੍ਰਿਪੁਰਾ, ਮਹਾਰਾਸ਼ਟਰ, ਉੜੀਸਾ, ਪੱਛਮੀ ਬੰਗਾਲ, ਦਾਦਰ ਤੇ ਨਾਗਰ ਹਵੇਲੀ ਅਤੇ ਦਮਨ ਤੇ ਦਿਊ ‘ਚ ਤੀਜੇ ਗੁੜ੍ਹ ਤਹਿਤ ਵੋਟਾਂ ਪਈਆਂ।ਸੁਰੱਖਿਆ ਅਤੇ ਭੌਤਿਕ ਕਾਰਨਾਂ ਦੇ ਮੱਦੇਨਜ਼ਰ ਬਾਕੀ ਚਾਰ ਪੜਾਵਾਂ ਤਹਿਤ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਮਤਦਾਨ ਹੋਵੇਗਾ।
ਜੰਮੂ-ਕਸ਼ਮੀਰ ‘ਚ ਅਨੰਤਨਾਗ ਚੋਣ ਹਲਕੇ ‘ਚ ਵੀ ਵੋਟਾਂ ਪਈਆਂ ਅਤੇ ਦੋ ਹੋਰ ਪੜਾਵਾਂ ਤਹਿਤ ਇੱਥੇ ਮਤਦਾਨ ਹੋਣਾ ਅਜੇ ਬਾਕੀ ਹੈ।ਅਨੰਤਨਾਗ ਇੱਕੋ-ਇੱਕ ਅਜਿਹੀ ਲੋਕ ਸਭਾ ਸੀਟ ਹੈ ਜਿੱਥੇ ਸੁੱਰਖਿਆ ਕਾਰਨਾਂ ਨੂੰ ਧਿਆਨ ‘ਚ ਰੱਖਦਿਆਂ ਤਿੰਨ ਪੜਾਵਾਂ ‘ਚ ਚੋਣਾਂ ਹੋਣੀਆਂ ਤੈਅ ਕੀਤੀਆਂ ਗਈਆਂ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਆਪਣੇ ਹੱਕ ‘ਚ ਕਰਨ ਲਈ ਕੀਤੇ ਜਾਂਦੇ ਸਿਆਸੀ ਢਕੋਸਲਿਆਂ ‘ਤੇ ਰੋਕ ਲਗਾਉਣ ਲਈ ਚੋਣ ਕਮਿਸ਼ਨ ਨੇ ਇਸ ਵਾਰ ਬਹੁਤ ਸਖਤੀ ਵਰਤੀ ਹੋਈ ਹੈ।ਪਰ ਫਿਰ ਵੀ ਕਈ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਯਤਨ ਕੀਤੇ ਜਾ ਰਹੇ ਹਨ।ਚੋਣ ਕਮਿਸ਼ਨ ਨੇ ਅਜਿਹੇ ਤੱਤਾਂ ‘ਤੇ ਨੱਥ ਕੱਸਣ ਲਈ ਆਪਣੀ ਕਾਰਵਾਈ ਵਧਾ ਦਿੱਤੀ ਹੈ।ਤੀਜੇ ਪੜਾਅ ਦੇ ਮੁਕੰਮਲ ਹੋਣ ਤੱਕ ਚੌਕਸ ਚੋਣ ਕਮਿਸ਼ਨ ਨੇ ਦੇਸ਼ ਭਰ ‘ਚੋਂ ਲਗਭਗ 3100 ਕਰੋੜ ਰੁਪਏ ਜ਼ਬਤ ਕੀਤੇ ਹਨ।
ਇਸ ਵਾਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਰਾਜ ਨੇਤਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ।ਕਈ ਆਗੂਆਂ ‘ਦੇ ਚੋਣ ਪ੍ਰਚਾਰ ‘ਤੇ ਰੋਕ ਦੇ ਹੁਕਮ ਵੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹਨ।ਜਾਤੀ ਅਤੇ ਧਰਮ ਨੂੰ ਆਧਾਰ ਬਣਾ ਕੇ ਵੋਟਾਂ ਦੀ ਮੰਗ ਕਰਨ ਦੀ ਅਪੀਲ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ ਹੈ।
2019 ਦੀਆਂ ਆਮ ਚੋਣਾਂ ‘ਚ ਵੋਟਰਾਂ ਦਾ ਉਤਸ਼ਾਹ ਲਾਜਵਾਬ ਹੈ।ਹੁਣ ਤੱਕ ਹੋਏ ਤਿੰਨ ਗੇੜ੍ਹਾਂ ‘ਚ ਨੌਜਵਾਨ ਵੋਟਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ।ਅਜਿਹੀ ਸਥਿਤੀ ਭਾਰਤ ਦੇ ਸੁਨਿਹਰੇ ਭਵਿੱਖ ਲਈ ਬਹੁਤ ਵਧੀਆ ਹੈ।
ਇਸ ਸਬੰਧ ‘ਚ ਲੱਖਾਂ ਦੀ ਗਿਣਤੀ ‘ਚ ਚੋਣ ਅਮਲੇ ਅਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਵੱਲੋਂ ਬਿਨ੍ਹਾਂ ਸਮੇਂ ਦੀ ਮਿਆਦ ਵੇਖਿਆ ਆਪਣੇ ਕੰਮ ਨੂੰ ਨੇਪਰੇ ਚਾੜ੍ਹਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ।
ਲੋਕ ਸਭਾ ਚੋਣਾਂ ‘ਚ ਬਾਕੀ ਰਹਿੰਦੀਆਂ 240 ਸੀਟਾਂ ‘ਤੇ ਚਾਰ ਪੜਾਵਾਂ ‘ਚ ਮਤਦਾਨ ਹੋਵੇਗਾ। 19 ਮਈ ਨੂੰ ਸੱਤਵੇਂ ਅਤੇ ਅੰਤਿਮ ਗੇੜ੍ਹ ਦੀਆਂ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਤੀਜੇ ਐਲਾਨੇ ਜਾਣ ਦੇ ਨਾਲ ਹੀ ਪੂਰੀ ਚੋਣ ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ।