ਦੱਖਣੀ ਏਸ਼ੀਆ ਵਿੱਚ ਕੱਟੜਪੰਥੀ ਸੋਚ ਦੇ ਉਭਾਰ ਦਾ ਖ਼ਤਰਾ

ਈਸਟਰ ਦੇ ਮੌਕੇ, ਦਿਨ ਐਤਵਾਰ 21 ਅਪ੍ਰੈਲ ਨੂੰ ਅੱਠ ਆਤਮਘਾਤੀ ਹਮਲਾਵਰਾਂ ਨੇ ਸ਼੍ਰੀਲੰਕਾ ਵਿੱਚ ਤਿੰਨ ਵੱਖ-ਵੱਖ ਥਾਵਾਂ ਕੋਲੰਬੋ, ਨੀਗੋਂਬੋ ਅਤੇ ਬੈਟੀਕਲੋਆ ਵਿਖੇ ਗਿਰਜਾਘਰਾਂ ਅਤੇ ਹੋਟਲਾਂ ਉੱਤੇ ਹਮਲਾ ਕਰਕੇ 250 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ, ਜਿਨ੍ਹਾਂ ਚ 38 ਵਿਦੇਸ਼ੀ ਵੀ ਸ਼ਾਮਿਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਦੁਆਰਾ ਇੱਕ ਵੀਡੀਓ ਜਾਰੀ ਕਰਕੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦਾ ਦਾਅਵਾ ਕਰਨ ਵਿੱਚ ਦੋ ਦਿਨ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆਜਿਸ ਵਿੱਚ ਹਮਲੇ ਦੇ ਆਗੂ ਜ਼ਹਿਰਾਨ ਹਾਸ਼ਿਮ ਨੇ ਸੱਤ ਹਮਲਾਵਰਾਂ ਦੀ ਅਗਵਾਈ ਕਰਦੇ ਹੋਏ ਆਈ.ਐੱਸ.ਆਈ.ਐੱਸ. ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਪ੍ਰਤੀ ਆਪਣੀ ਵਫਾਦਾਰੀ ਦਾ ਇਜ਼ਹਾਰ ਕੀਤਾ ਹੈ।

ਕਾਬਿਲੇਗੌਰ ਹੈ ਕਿ ਇਨ੍ਹਾਂ ਖੂਨੀ ਹਮਲਿਆਂ ਦੇ ਬਾਅਦ ਸ਼੍ਰੀਲੰਕਾ ਦੇ ਅਧਿਕਾਰੀਆਂ ਨੇ 70 ਤੋਂ ਜ਼ਿਆਦਾ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਇੱਕ ਛਾਪੇ ਦੌਰਾਨ ਇੱਕ ਮਹਿਲਾ ਜੋ ਕਿ ਹਮਲਾਵਰਾਂ ਵਿੱਚੋਂ ਇੱਕ ਦੀ ਪਤਨੀ ਸੀ, ਨੇ ਕੋਲੰਬੋ ਵਿੱਚ ਆਪਣੇ ਬੱਚਿਆਂ ਸਮੇਤ ਆਪਣੇ ਆਪ ਨੂੰ ਵੀ ਧਮਾਕਾ ਕਰਕੇ ਉਡਾ ਲਿਆ। ਇਸ ਦੇ ਨਾਲ ਹੀ ਵੱਖ-ਵੱਖ ਸਥਾਨਾਂ ਵਿੱਚ ਘੱਟੋ-ਘੱਟ ਦੋ ਵਿਸਫੋਟਕਾਂ ਨੂੰ ਨਕਾਰਾ ਕੀਤਾ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਦੇ ਗੁੱਟ ਦੁਆਰਾ ਇਸ ਤਰ੍ਹਾਂ ਦੇ ਹੋਰ ਵੀ ਹਮਲੇ ਕਰਨ ਦੀ ਯੋਜਨਾ ਸੀ।

ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਹਮਲਿਆਂ ਪਿੱਛੇ ਜ਼ਹਿਰਾਨ ਹਾਸ਼ਿਮ ਨਾਂ ਦੇ ਅੱਤਵਾਦੀ ਦਾ ਹੱਥ ਸੀ ਜੋ ਕਿ ਬੈਟੀਕਲੋਆ ਦੇ ਕੱਟਾਨਕੁਡੀ ਦਾ ਰਹਿਣ ਵਾਲਾ ਸੀ। ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਤੇ ਉਸ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਵਿੱਚ ਆਪਣੀ ਕੱਟੜਪੰਥੀ ਸੋਚ ਦਾ ਪ੍ਰਚਾਰ ਕੀਤਾ ਸੀ। ਪਿੱਛੇ ਜਿਹੇ ਉਹ ਕੱਟਾਨਕੁਡੀ ਤੋਂ ਬਾਹਰ ਚਲਾ ਗਿਆ ਸੀ ਤੇ ਮਿਲੀ ਜਾਣਕਾਰੀ ਮੁਤਾਬਿਕ ਉਸ ਨੇ ਕੁਝ ਸਮਾਂ ਮਾਲਦੀਵ ਵਿੱਚ ਵੀ ਗੁਜ਼ਾਰਿਆ। ਇਸ ਗੱਲ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਇਸ ਸਮੇਂ ਦੌਰਾਨ ਉਸ ਨੇ ਦੱਖਣੀ ਭਾਰਤ ਦੀ ਯਾਤਰਾ ਵੀ ਕੀਤੀ ਹੋਵੇਗੀ।

ਜ਼ਹਿਰਾਨ ਆਪਣੇ ਕੱਟੜਪੰਥੀ ਵਿਚਾਰਾਂ ਨਾਲ ਜੁੜਿਆ ਰਿਹਾ ਅਤੇ ਕੱਟਾਨਕੁਡੀ ਪਰਤ ਆਇਆ ਜਿੱਥੇ ਉਸ ਨੇ ਇੱਕ ਮਸਜਿਦ ਵਿੱਚ ਕੱਟੜ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਚੰਗੇ ਬੁਲਾਰੇ ਵਜੋਂ ਜ਼ਹਿਰਾਨ ਨੇ ਕੁਝ ਸੌ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ ਅਤੇ ਯੂ-ਟਿਊਬ ਤੇ ਫੇਸਬੁਕ ਵਰਗੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਆਪਣਾ ਪ੍ਰਚਾਰ ਕਰਕੇ ਉਹ ਨੌਜਵਾਨਾਂ ਵਿੱਚ ਕਾਫੀ ਪ੍ਰਸਿੱਧ ਹੋ ਗਿਆ ਸੀ। ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਅਧਿਕਾਰੀਆਂ ਦੁਆਰਾ ਤਮਿਲਨਾਡੂ ਵਿੱਚ ਆਈ.ਐੱਸ.ਆਈ.ਐੱਸ ਦੇ ਪਰਦਾਫਾਸ਼ ਕੀਤੇ ਇੱਕ ਗਿਰੋਹ ਉੱਤੇ ਮਾਰੇ ਛਾਪੇ ਦੌਰਾਨ ਫੜੇ ਗਏ ਕੁਝ ਸ਼ੱਕੀਆਂ ਨੇ ਮੰਨਿਆ ਸੀ ਕਿ ਉਹ ਉਸ ਦੇ ਕੱਟੜਪੰਥੀ ਸੋਚ ਵਾਲੇ ਭਾਸ਼ਣਾਂ ਤੋਂ ਕਾਫੀ ਪ੍ਰਭਾਵਿਤ ਸਨ।

ਜ਼ਹਿਰਾਨ ਨੇ ਆਪਣੀ ਕੱਟੜਵਾਦੀ ਸੋਚ ਦਾ ਪ੍ਰਸਾਰ ਕਰਨ ਦੇ ਮਕਸਦ ਨਾਲ 2015 ਵਿੱਚ ਨੈਸ਼ਨਲ ਤੌਹੀਦ ਜਮਾਤ ਦੀ ਸਥਾਪਨਾ ਕੀਤੀਹਾਲਾਂਕਿ ਜ਼ਹਿਰਾਨ ਦੇ ਕੱਟੜਪੰਥੀ ਵਿਚਾਰਾਂ ਕਾਰਨ ਛੇਤੀ ਹੀ ਇਹ ਸੰਗਠਨ ਟੁੱਟ ਗਿਆ। ਜ਼ਹਿਰਾਨ ਦੀ ਅਗਵਾਈ ਵਾਲੀ ਵੱਖ ਹੋਈ ਨੈਸ਼ਨਲ ਤੌਹੀਦ ਜਮਾਤ ਨੂੰ ਹੀ ਹੁਣ ਇਨ੍ਹਾਂ ਹਮਲਿਆਂ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਜ਼ਹਿਰਾਨ ਦੇ ਗੁੱਟ ਤੇ ਬੁੱਧ ਦੀਆਂ ਮੂਰਤੀਆਂ ਤੋੜਨ ਦਾ ਇਲਜ਼ਾਮ ਵੀ ਲੱਗਾ ਸੀ ਜਿਸ ਦੇ ਸਿੱਟੇ ਵਜੋਂ ਸੁਰੱਖਿਆ ਬਲਾਂ ਨੇ ਕਈ ਛਾਪੇ ਵੀ ਮਾਰੇ ਸਨ। ਜਨਵਰੀ ਵਿੱਚ ਸ਼੍ਰੀਲੰਕਾ ਦੇ ਮੱਧ ਵਿੱਚ ਸਥਿਤ ਪੁੱਟਾਲਮ ਵਾਲੀ ਥਾਂ ਤੇ ਮਾਰੇ ਗਏ ਛਾਪੇ ਵਿੱਚ ਕੱਟੜਪੰਥੀ ਸਾਹਿਤ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਵਿਸਫੋਟਕ ਅਤੇ ਡੈਟੋਨੇਟਰ ਮਿਲੇ ਸਨ। ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਛੱਡ ਦਿੱਤਾ ਗਿਆ ਸੀ। ਇਸ ਤਰ੍ਹਾਂ ਇਸ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਭਾਰਤ ਤੋਂ ਖੁਫੀਆ ਸੂਚਨਾ ਵੀ ਮਿਲੀ ਸੀ ਕਿ ਅੱਤਵਾਦੀਆਂ ਦੁਆਰਾ ਈਸਟਰ ਮੌਕੇ ਗਿਰਜਾਘਰਾਂ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸ਼੍ਰੀਲੰਕਾ ਦੇ ਸੱਤ੍ਹਾ ਦੇ ਗਲਿਆਰਿਆਂ ਵਿੱਚ ਇਸ ਤਰ੍ਹਾਂ ਦੀ ਮਹੱਤਵਪੂਰਣ ਜਾਣਕਾਰੀ ਹੋਣ ਦੇ ਬਾਵਜੂਦ ਵੀ ਸ਼੍ਰੀਲੰਕਾ ਨੂੰ ਲਿੱਟੇ ਤੇ ਕਾਬੂ ਪਾਉਣ ਤੋਂ ਬਾਅਦ ਇਹੋ ਜਿਹੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਹੈ।

ਜੇਕਰ ਜ਼ਹਿਰਾਨ ਦਾ ਪਿਛੋਕੜ ਗਰੀਬੀ ਭਰਿਆ ਸੀ ਤਾਂ ਅਜਿਹੇ ਹੋਰ ਵੀ ਕਈ ਲੋਕ ਸਨ ਜੋ ਕਿ ਕਾਫੀ ਅਮੀਰ ਘਰਾਂ ਦੇ ਸਨ। ਉਨ੍ਹਾਂ ਵਿੱਚੋਂ ਦੋ, ਇਨਸ਼ਾਨ ਅਤੇ ਇਲਹਾਮ ਇੱਕ ਪ੍ਰਸਿੱਧ ਮਸਾਲਾ ਵਪਾਰੀ ਮੁਹੰਮਦ ਯੂਸਫ਼ ਇਬਰਾਹਿਮ ਦੇ ਮੁੰਡੇ ਸਨ। ਇੱਕ ਹੋਰਅਬਦੁਲ ਲਤੀਫ਼ ਜਮੀਲ ਮੁਹੰਮਦ ਨੇ ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਏਅਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਹਿਰਾਨ ਦਾ ਭਰਾ ਵੀ ਆਤਮਘਾਤੀ ਟੀਮ ਵਿੱਚ ਸ਼ਾਮਿਲ ਸੀ।

ਸ਼੍ਰੀਲੰਕਾ ਵਿੱਚ ਵਾਪਰੀ ਘਟਨਾ ਤੋਂ ਸਪੱਸ਼ਟ ਤੌਰ ਤੇ ਇਹ ਉਜਾਗਰ ਹੁੰਦਾ ਹੈ ਕਿ ਹਾਲ ਦੇ ਸਾਲਾਂ ਵਿੱਚ ਇਸ ਖਿੱਤੇ ਵਿੱਚ ਕੱਟੜਪੰਥੀ ਸੋਚ ਦਾ ਖ਼ਤਰਾ ਵੱਧ ਰਿਹਾ ਹੈ। ਦੱਖਣੀ ਏਸ਼ੀਆ ਦੇ ਬਹੁਤ ਸਾਰੇ ਮੁਲਕ ਇਸ ਦੀ ਚਪੇਟ ਵਿੱਚ ਆ ਗਏ ਹਨ ਜਿੱਥੇ ਫਿਰਕਿਆਂ ਨੂੰ ਇੱਕ-ਦੂਜੇ ਦੇ ਖਿਲਾਫ਼ ਭੜਕਾਇਆ ਜਾ ਰਿਹਾ ਹੈ।

ਗੌਰਤਲਬ ਹੈ ਕਿ ਸ਼੍ਰੀਲੰਕਾ ਵਿੱਚ ਲੰਮੇ ਅਰਸੇ ਤੋਂ ਅੰਤਰ-ਧਾਰਮਿਕ ਖਿੱਚੋਤਾਣ ਦੇਖੀ ਜਾ ਰਹੀ ਹੈ। ਇਹੋ ਜਿਹੇ ਹਾਲਾਤ ਹੋਰਨਾਂ ਮੁਲਕਾਂ ਵਿੱਚ ਵੀ ਬਣੇ ਹੋਏ ਹਨ। ਨਫ਼ਰਤ ਅਤੇ ਡਰ ਦਾ ਮਾਹੌਲ ਇਸ ਖਿੱਤੇ ਵਿੱਚ ਲਗਾਤਾਰ ਬਣਿਆ ਹੋਇਆ ਹੈ। ਭਾਰਤਬੰਗਲਾਦੇਸ਼ ਅਤੇ ਇੱਥੋਂ ਤੱਕ ਕਿ ਨੇਪਾਲ ਦੇ ਫਿਰਕੇ ਵੀ ਕੱਟੜਪੰਥੀ ਸੋਚ ਵੱਲ ਵੱਧ ਰਹੇ ਹਨ ਅਤੇ ਇੱਕ-ਦੂਜੇ ਉੱਤੇ ਹਮਲਾ ਕਰਦੇ ਦੇਖੇ ਗਏ ਹਨ। ਮਾਲਦੀਵ ਦੇ ਸਮਾਜ ਵਿੱਚ ਵੀ ਇੱਕ ਅਤਿ-ਰੂੜ੍ਹੀਵਾਦੀ ਮਾਨਸਿਕਤਾ ਦਾ ਪਸਾਰਾ ਆਪਣੇ ਪੈਰ ਪਸਾਰ ਰਿਹਾ ਹੈ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਆਮ ਦੇਖਦੇ ਹਾਂ। ਭਾਵੇਂ ਕੋਈ ਵੀ ਮੁਲਕ ਇੱਕ ਰਣਨੀਤੀ ਮੁਤਾਬਿਕ ਅੱਤਵਾਦ ਦਾ ਮੁਕਾਬਲਾ ਕਰ ਰਿਹਾ ਹੈ ਪਰ ਇਸ ਤਰ੍ਹਾਂ ਦੇ ਤੱਤ ਖੁੱਲ੍ਹੇ ਤੌਰ ਤੇ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ ਅਤੇ ਆਪਣੇ ਨਾਪਾਕ ਏਜੰਡੇ ਨੂੰ ਅੱਗੇ ਵਧਾਉਣ ਲਈ ਤਿਆਰ ਹਨ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਮੁਲਕ ਦੀਆਂ ਏਜੰਸੀਆਂ ਨੂੰ ਹਮੇਸ਼ਾ ਚੁਕੰਨੇ ਰਹਿਣ ਅਤੇ ਤੁਰੰਤ ਕਾਰਵਾਈ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ ਤਾਂ ਕਿ ਐਤਵਾਰ ਵਾਲੇ ਦਿਨ ਈਸਟਰ ਮੌਕੇ ਵਾਪਰੀ ਮੰਦਭਾਗੀ ਘਟਨਾ ਨੂੰ ਫਿਰ ਵਾਪਰਨ ਤੋਂ ਰੋਕਿਆ ਜਾ ਸਕੇ।