ਕੋਰੀਅਈ ਪ੍ਰਾਇਦੀਪ ‘ਤੇ ਪੁਤਿਨ-ਕਿਮ ਸੰਵਾਦ

ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਨਾਲ ਇਸ ਹਫ਼ਤੇ ਰੂਸੀ ਸ਼ਹਿਰ ਵਲਾਦੀਵੋਸਤੋਕ ਵਿਖੇ ਮੁਲਾਕਾਤ ਕੀਤੀ।ਇੰਨ੍ਹਾਂ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਬੈਠਕ ਸੀ।ਇਸ ਮਿਲਣੀ ਨੂੰ ਮਹੱਤਵਪੂਰਣ ਇਸ ਲਈ ਵੀ ਮੰਨਿਆ ਗਿਆ ਹੈ ਕਿਉਂਕਿ ਮਾਸਕੋ ਅਤੇ ਪਿਯੋਂਗਯਾਂਗ ਦੋਵੇਂ ਹੀ ਸ਼ੀਤ ਯੁੱਧ ਸਮੇਂ ਦੇ ਸਹਿਯੋਗੀ ਹਨ।ਇਸ ਦੇ ਨਾਲ ਹੀ ਇਸ ਬੈਠਕ ਦਾ ਆਯੋਜਨ ਉਸ ਸਮੇਂ ਹੋਇਆ ਹੈ ਜਦੋਂ ਰੂਸ ਇਸ ਖੇਤਰ ‘ਚ ਆਪਣੀ ਮੌਜੂਦਗੀ ਦੇ ਪ੍ਰਭਾਵ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਹੈ।ਇਸ ਤੋਂ ਇਲਾਵਾ ਰੂਸ ਨੂੰ ਇੱਕ ਹੋਰ ਮੌਕਾ ਪ੍ਰਾਪਤ ਹੋਇਆ ਹੈ ਕਿ ਉਹ ਖੇਤਰੀ ਸਮੱਸਿਆਵਾਂ ‘ਚ ਮੁੜ ਆਪਣੀ ਵਿਚੋਲਗੀ ਨੂੰ ਕਾਇਮ ਕਰ ਸਕੇ।ਦਰਅਸਲ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਸਿੱਧੇ ਸੰਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਰੂਸ ਦੀ ਪੁੱਛ ਪੜਤਾਲ ਘੱਟ ਗਈ ਸੀ।ਕਹਿ ਸਕਦੇ ਹਾਂ ਇਸ ਮਸਲੇ ‘ਚ ਨਾ ਦੇ ਬਰਾਬਰ ਹੀ ਰੂਸ ਦੀ ਮੌਜੂਦਗੀ ਰਹੀ ਸੀ।
ਜਿੱਥੇ ਇੱਕ ਪਾਸੇ ਪੁਤਿਨ ਅਤੇ ਕਿਮ ਗੱਲਬਾਤ ਚੱਲ ਰਹੀ ਸੀ ਉਸ ਸਮੇਂ ਹੀ ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਫੌਜੀ ਕਿਵਾਇਦ ਵੀ ਸ਼ੁਰੂ ਹੋਈ, ਜਿਸ ਤੋਂ ਕਿ ਪਿਯੋਂਗਯਾਂਗ ਨੂੰ ਦਿੱਕਤ ਰਹੀ ਹੈ। ‘Key Resolve and Foal Eagle’ ਨਾਂਅ ਦੀ ਇਸ ਸਾਲਨਾ ਸਾਂਝੀ ਫੌਜੀ ਕਿਵਾਇਦ ਨੂੰ ਹਮੇਸ਼ਾਂ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਜਾਂਦਾ ਰਿਹਾ ਹੈ।ਪਰ ਇਸ ਵਾਰ ਇਸ ਫੌਜੀ ਮਸ਼ਕ ਦਾ ਪੱਧਰ ਛੋਟਾ ਹੀ ਸੀ।
ਜਿਵੇਂ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਹਨੋਈ ਸਿਖਰ ਸੰਮੇਲਨ ਬਿਨ੍ਹਾਂ ਕਿਸੇ ਹੱਲ ਦੇ ਖ਼ਤਮ ਹੋਇਆ।ਅਮਰੀਕਾ ਵੱਲੋਂ ਉੱਤਰੀ ਕੋਰੀਆ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ।ਉੱਤਰੀ ਕੋਰੀਆ ਵੱਲੋਂ ਵੀ ਅਮਰੀਕਾ ਦੀਆਂ ਇੰਨ੍ਹਾਂ ਕਾਰਵਾਈਆਂ ਦੀ ਆਲੋਚਨਾ ਕੀਤੀ ਗਈ ਹੈ।
ਸੋਵੀਅਤ ਸੰਘ ਦੇ ਸਮੇਂ ਤੋਂ ਹੀ ਰੂਸ ਉੱਤਰੀ ਕੋਰੀਆ ਦਾ ਸਹਿਯੋਗੀ ਰਿਹਾ ਹੈ।ਪਰ ਦੱਖਣੀ ਕੋਰੀਆ ਨਾਲ ਮਾਸਕੋ ਦੇ ਸੰਤੁਲਿਤ ਸਬੰਧਾਂ ਦੇ ਚੱਲਦਿਆਂ ਰੂਸ ਅਤੇ ਉੱਤਰੀ ਕੋਰੀਆ ਦੇ ਸਬੰਧਾਂ ‘ਚ ਕਈ ਵਾਰ ਉਤਾਰ-ਚੜਾਅ ਵੀ ਵੇਖਣ ਨੂੰ ਮਿਲੇ ਹਨ।ਮਾਸਕੋ ਚੀਨ ਦੇ ਨਾਲ ਪਿਯੋਂਗਯਾਂਗ ਨਿਜ਼ਾਮ ਦੇ ਸਮਰਥਨ ‘ਚ ਖੜ੍ਹਾ ਰਿਹਾ ਹੈ।ਉਨ੍ਹਾਂ ਵੱਲੋਂ ਇਹ ਦੱਸਣ ਦੀ ਕੋਸ਼ਿਸ ਕੀਤੀ ਗਈ ਸੀ ਕਿ ਉੱਤਰੀ ਕੋਰੀਆ ਨੂੰ ਅਲੱਗ ਥਲੱਗ ਕਰਨ ਨਾਲ ਖੇਤਰੀ ਅਤੇ ਆਲਮੀ ਪੱਧਰ ‘ਤੇ ਸ਼ਾਂਤੀ ਅਤੇ ਸੁਰੱਖਿਆ ਲਈ ਵਧੇਰੇ ਖ਼ਤਰੇ ਪੈਦਾ ਹੋ ਸਕਦੇ ਹਨ।
ਹਾਲਾਂਕਿ ਮਾਸਕੋ ਨੇ ਉੱਤਰੀ ਕੋਰੀਆ ‘ਤੇ ਅਮਰੀਕੀ ਪਾਬੰਦੀਆਂ ਦੇ ਅਮਲ ‘ਚ ਆਉਣ ਤੋਂ ਪਹਿਲਾਂ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਖੇਤਰ ਬਣਾਉਣ ਦੀ ਅਮਰੀਕੀ ਨੀਤੀ ਦਾ ਸਮਰਥਨ ਕੀਤਾ ਹੈ।ਪਿਛਲੇ ਸਾਲ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਉੱਤਰੀ ਕੋਰੀਆ ‘ਤੇ ਲੱਗੀਆ ਪਾਬੰਦੀਆਂ ਨੂੰ ਹਟਾਉਣ ਦੀ ਗੱਲ ਕਹੀ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੇ ਬਦਲ ‘ਚ ਉੱਤਰੀ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਹਥਿਆਰ ‘ਤੇ ਰੋਕ ਲਗਾਈ ਜਾ ਰਹੀ ਹੈ।ਰੂਸ ਆਪਸੀ ਗੱਲਬਾਤ ‘ਚ ਵਿਸ਼ਵਾਸ ਰੱਖਦਾ ਹੈ ਨਾ ਕਿ ਕਿਸੇ ਵੀ ਤਰ੍ਹਾਂ ਦੀਆਂ ਇਕਤਰਫਾ ਕਾਰਵਾਈਆਂ ‘ਚ, ਖਾਸ ਕਰਕੇ ਆਪਣੀ ਤਾਕਤ ਦੀ ਵਰਤੋਂ ਕਰਕੇ।ਕੋਰੀਆਈ ਪ੍ਰਾਇਦੀਪ ਮਸਲੇ ਨੂੰ ਸੁਲਝਾਉਣ ਲਈ “ ਛੇ ਪਾਰਟੀ” ਵਾਰਤਾਵਾਂ ਦਾ ਸਮਰਥਨ ਵੀ ਰੂਸ ਵੱਲੋਂ ਕੀਤਾ ਗਿਆ।ਰੂਸ ਨੇ ਉੱਤਰੀ ਕੋਰੀਆ ਦੇ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਮੁਕਤ ਹੋਣ ਦਾ ਸਮਰਥਨ ਕੀਤਾ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਵਾਸ਼ਿਗੰਟਨ ਵੱਲੋਂ ਇਹ ਇੱਕ ਬੇਤੁਕੀ ਮੰਗ ਪੇਸ਼ ਕੀਤੀ ਗਈ ਹੈ ਕਿ ਉੱਤਰੀ ਕੋਰੀਆ ਬਿਨ੍ਹਾਂ ਕਿਸੇ ਠੋਸ ਗਰੰਟੀ ਦੇ ਅਜਿਹਾ ਕਰੇ।
ਪੁਤਿਨ-ਕਿਮ ਮੁਲਾਕਾਤ ਦਾ ਏਜੰਡਾ ਕੋਰੀਆਈ ਪ੍ਰਾਇਦੀਪ ਵਿਚਲੀ ਸਥਿਤੀ ਦੇ ਹੱਲ ਸਬੰਧੀ ਪੈਦਾ ਹੋਏ ਮਸਲਿਆਂ ਨੂੰ ਵਿਚਾਰਨਾ ਸੀ ਅਤੇ ਨਾਲ ਹੀ ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ।ਇਸ ਬੈਠਕ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਉੱਤਰੀ ਕੋਰੀਆਈ ਆਗੂ ਖੇਤਰ ਨੂੰ ਪ੍ਰਮਾਣੂ ਮੁਕਤ ਕਰਨ ਲਈ ਤਿਆਰ ਹਨ।ਹਾਲਾਂਕਿ ਉਹ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਦੇਸ਼ ਦੇ ਕੌਮੀ ਹਿੱਤਾਂ ਲਈ ਠੋਸ ਗਰੰਟੀ ਦੀ ਮੰਗ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਕਿਮ ਇਸ ਗੱਲ ਨੂੰ ਸਮਝਦੇ ਹਨ ਕਿ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਬਣਾਇਆ ਜਾ ਸਕਦਾ ਹੈ, ਪਰ ਇਸ ਲਈ ਉੱਤਰੀ ਕੋਰੀਆ ਦੇ ਭਾਈਵਾਲਾਂ ਖਾਸ ਕਰਕੇ ਅਮਰੀਕਾ ਨੂੰ ਉਸਾਰੂ ਸੰਵਾਦ ਲਈ ਤਿਆਰ ਹੋਣ ਦੀ ਲੋੜ ਹੈ।ਰਾਸ਼ਟਰਪਤੀ ਪੁਤਿਨ ਨੇ ਦੱਖਣੀ ਕੋਰੀਆ ਨੂੰ ਵੀ ਅਪੀਲ ਕੀਤੀ ਹੈ ਕਿ ਉੱਤਰੀ ਕੋਰੀਆ ਨਾਲ ਇਸ ਸਬੰਧੀ ਗੱਲਬਾਤ ‘ਚ ਅਮਰੀਕਾ ਨੂੰ ਖੁਲ੍ਹਾ ਛੱਡ ਦਿੱਤਾ ਜਾਵੇ ਤਾਂ ਜੋ ਦੋਵੇਂ ਮੁਲਕਾਂ ਦੇ ਆਗੂ ਸਹੀ ਢੰਗ ਨਾਲ ਕਿਸੇ ਸਿੱਟੇ ‘ਤੇ ਪਹੁੰਚ ਸਕਣ।
ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਕਿਹਾ ਕਿ ਅਮਰੀਕੀ ਨੀਤੀਆਂ ਦੇ ਕਾਰਨ 2018 ਤੋਂ ਕੋਰੀਆਈ ਪ੍ਰਾਇਦੀਪ ‘ਚ ਸਥਿਰਤਾ ਵਾਲੀ ਸਥਿਤੀ ਕਾਇਮ ਹੈ।ਉਨ੍ਹਾਂ ਕਿਹਾ ਕਿ ਪ੍ਰਾਇਦੀਪ ‘ਚ ਸ਼ਾਂਤੀ ਅਤੇ ਸੁਰੱਖਿਆ ਭਵਿੱਖ ‘ਚ ਅਮਰੀਕੀ ਵਤੀਰੇ ‘ਤੇ ਨਿਰਭਰ ਕਰਦੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੋਖਮ ਤੋਂ ਬਚਾ ਸਕਣ ਦੇ ਸਮਰੱਥ ਹੈ ਜਿਸ ਨਾਲ ਕਿ ਦੇਸ਼ ਦੀ ਸੁਰੱਖਿਆ ਭੰਗ ਹੋ ਸਕਦੀ ਹੋਵੇ।
ਕ੍ਰਿਮਲਿਨ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਅਨ ਗੱਲਬਾਤ ਰਚਨਾਤਮਕ ਅਤੇ ਉਸਾਰੂ ਰਹੀ।ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਰਾਸ਼ਟਰਪਤੀ ਪੁਤਿਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।ਇਹ ਬੈਠਕ ਮਾਸਕੋ ਲਈ ਬਹੁਤ ਖਾਸ ਰਹੀ ਹੈ ਕਿਉਂਕਿ ਇਸ ਨਾਲ ਰੂਸ ਮੁੜ ਖੇਤਰ ‘ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ‘ਚ ਸਫਲ ਰਿਹਾ ਹੈ।ਰੂਸ ਨੇ ਦਰਸਾਇਆ ਹੈ ਕਿ ਖੇਤਰ ‘ਚ ਉਹ ਇੱਕ ਵਿਹਾਰਕ ਸ਼ਕਤੀ ਹੈ ਜੋ ਕਿ ਇਸ ਸੰਘਰਸ਼ ਵਿਚਲੀ ਭੂ-ਸਿਆਸਤ ਤੋਂ ਭਲੀ ਭਾਂਤੀ ਜਾਣੂ ਹੈ।ਇਸ ਤੋਂ ਇਲਾਵਾ ਖੇਤਰ ‘ਚ ਮਾਸਕੋ ਦੇ ਕੌਮੀ ਹਿੱਤਾਂ ਦੀ ਰਾਖੀ ਲਈ ਵੀ ਇਹ ਬੈਠਕ ਖਾਸ ਰਹੀ ਕਿਉਂਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਨਜ਼ਦੀਕੀਆਂ ਰੂਸ ਲਈ ਖ਼ਤਰੇ ਦਾ ਕਾਰਨ ਬਣ ਸਕਦੀਆਂ ਹਨ।
ਉੱਤਰੀ ਕੋਰੀਆ ਨੇ ਰੂਸ ਅਤੇ ਅਮਰੀਕਾ ਵਿਚਾਲੇ ਤਣਾਅ ਦਾ ਲਾਭ ਚੁੱਕਦਿਆਂ ਮਾਸਕੋ ਤੋਂ ਰਿਆਇਤਾਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।ਰੂਸ ਨਾਲ ਸਹਿਯੋਗ ਵਧਾਉਣ ਨਾਲ ਉੱਤਰੀ ਕੋਰੀਆ ਦੀ ਚੀਨ ‘ਤੇ ਨਿਰਭਰਤਾ ਘੱਟ ਜਾਵੇਗੀ।
ਰੂਸ ਅਤੇ ਉੱਤਰੀ ਕੋਰੀਆ ਦੇ ਆਗੂਆਂ ਦਰਮਿਆਨ ਹੋਈ ਮਿਲਣੀ ਸਫਲ ਰਹੀ ਕਿਉਂਕਿ ਦੋਵਾਂ ਮੁਲਕਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਖਾਸ ਕਰਕੇ ਅਮਰੀਕਾ ਅਤੇ ਚੀਨ ਨੂੰ ਸੰਕੇਤ ਦਿੱਤੇ ਹਨ ਕਿ ਉਹ ਇਕੱਠੇ ਕੰਮ ਕਰਨ ਨੂੰ ਤਿਆਰ ਹਨ।
ਭਾਰਤ ਵੱਲੋਂ ਕੋਰੀਆਈ ਪ੍ਰਾਇਦੀਪ ਸਬੰਧੀ ਸਾਰੇ ਮਸਲਿਆਂ ਅਤੇ ਤਰੱਕੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਨਵੀਂ ਦਿੱਲੀ ਨੂੰ ਉਮੀਦ ਹੈ ਕਿ ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ ਅਤੇ ਸਥਿਰਤਾ ਜਲਦ ਹੀ ਕਾਇਮ ਹੋ ਜਾਵੇਗੀ ਜੋ ਕਿ ਖੇਤਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਣ ਹੈ।