ਜਾਪਾਨ ‘ਚ ਨਵੇਂ ਯੁੱਗ ਦੀ ਸ਼ੁਰੂਆਤ

1 ਮਈ ਤੋਂ ਜਾਪਾਨ ‘ਚ ਨਵੇਂ ਯੁੱਗ ਦੀ ਸ਼ੁਰੂਆਤ ਹੋ ਜਾਵੇਗੀ, ਜਿਸ ਨੂੰ ਕਿ ਰੀਵਾ ਯੁੱਗ ਦਾ ਨਾਂਅ ਦਿੱਤਾ ਗਿਆ ਹੈ।ਉੱਗਦੇ ਸੂਰਜ ਦੇ ਨਾਂਅ ਨਾਲ ਜਾਣੇ ਜਾਂਦੇ ਜਾਪਾਨ ‘ਚ ਕੁੱਝ ਅਜਿਹੀ ਪਰੰਪਰਾ ਹੈ ਕਿ ਜਦੋਂ ਰਾਜਾ ਆਪਣੀ ਗੱਦੀ ਛੱਡਦਾ ਹੈ ਤਾਂ ਉਸ ਦੇ ਗੱਦੀ ਛੱਡਣ ਦੇ ਨਾਲ ਹੀ ਇੱਕ ਯੁੱਗ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਨਵੇਂ ਰਾਜੇ ਦੇ ਕਾਰਜਭਾਰ ਸੰਭਾਲਦਿਆਂ ਹੀ ਨਵੇਂ ਯੁੱਗ ਦਾ ਆਰੰਭ ਹੁੰਦਾ ਹੈ।ਜਾਪਾਨ ‘ਚ ਨਵੇਂ ਯੁੱਗ ਦੀ ਸ਼ੁਰੂਆਤ ਸਬੰਧੀ ਹਾਲ ‘ਚ ਹੀ ਐਲਾਨ ਕੀਤਾ ਗਿਆ ਸੀ।

ਜਾਪਾਨ ‘ਚ ਇਸ ਸਮੇਂ ਆਕੀਹੀਤੋ ਰਾਜਾ ਸੀ, ਜੋ ਕਿ ਪਿਛਲੇ 31 ਸਾਲਾਂ ਤੋਂ ਬਤੌਰ ਜਾਪਾਨ ਦੇ ਸਮਰਾਟ ਸੇਵਾਵਾਂ ਨਿਭਾ ਰਹੇ ਸਨ।ਆਕੀਹੀਤੋ ਤੋਂ ਬਾਅਦ ਹੁਣ ਉਨ੍ਹਾਂ ਦਾ ਪੁੱਤਰ ਪ੍ਰਿੰਸ ਨਾਰੂਹੀਤੋ ਆਕੀਹੀਤੋ ਕ੍ਰਿਸੇਨਥੇਮਸ ਜਾਨਿ ਕਿ ਤਾਜ ਨੂੰ ਧਾਰਨ ਕਰੇਗਾ।ਨਾਰੂਹੀਤੋ ਦੇ ਰਾਜਾ ਬਣਦਿਆਂ ਹੀ ਦੇਸ਼ ਭਰ ‘ਚ ਉਤਸਵ ਦਾ ਮਾਹੌਲ ਹੋਵੇਗਾ।ਉਹ ਦੇਸ਼ ਦੇ 126ਵੇਂ ਰਾਜਾ ਹੋਣਗੇ।ਨਵੇਂ ਯੁੱਗ ਰੀਵਾ ਦੀ ਸ਼ੁਰੂਆਤ ਦੇ ਨਾਲ ਹੀ ਦਸਤਾਵੇਜ਼ ਤੱਕ ਬਦਲ ਜਾਣਗੇ।ਹਰ ਸਥਾਨ, ਵਸਤੂ ‘ਤੇ ਨਵੇਂ ਯੁੱਗ ਦਾ ਨਾਂਅ ਹੋਵੇਗਾ।
ਆਕੀਹੀਤੋ ਵੱਲੋਂ ਆਪਣੀਆਂ ਸ਼ਕਤੀਆਂ ਨਾਰੂਹੀਤੋ ਨੂੰ ਸੌਂਪਣ ਦੀ ਰਿਵਾਇਤੀ ਰਸਮ 30 ਅਪ੍ਰੈਲ ਨੂੰ ਮੁਕੰਮਲ ਕੀਤੀ ਗਈ।ਉਨ੍ਹਾਂ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਪੇਸ਼ ਕੀਤਾ ਗਿਆ ਅਤੇ 1 ਮਈ ਜਾਨਿ ਕਿ ਅੱਜ ਨਵੇਂ ਰਾਜੇ ਨਾਰੂਹੀਤੋ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ।ਸੁਲਤਾਨ ਨਾਰੂਹੀਤੋ ਲਈ ਸ਼ਾਹੀ ਰਾਜ ਤਿਲਕ ਰਸਮ ਦਾ ਆਯੋਜਨ ਅਕਤੂਬਰ ਮਹੀਨੇ ਕੀਤਾ ਜਾਵੇਗਾ, ਜਿਸ ‘ਚ ਵਿਦੇਸ਼ੀ ਆਗੂਆਂ, ਸਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।

ਸਮਰਾਟ ਆਕੀਹੀਤੋ ਦੀ ਸ਼ਕਤੀਆਂ ਤਿਆਗਨ ਦੀ ਪ੍ਰਕ੍ਰਿਆ/ਰਸਮ ‘ਚ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਸਮਰਾਟ ਆਕੀਹੀਤੋ ਵੱਲੋਂ ਦੇਸ਼ ਦੇ ਲੋਕਾਂ ਲਈ ਦਿੱਤੀਆਂ ਆਪਣੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਮੀਦ ਪ੍ਰਗਟ ਕੀਤੀ ਕਿ ਜਾਪਾਨ ਭਵਿੱਖ ‘ਚ ਸ਼ਾਂਤੀ ਅਤੇ ਆਸ ਦੀ ਰਾਹ ‘ਤੇ ਅੱਗੇ ਵੱਧੇਗਾ।

ਜਾਪਾਨੀ ਸਮਾਜ ‘ਚ ਨਵੇਂ ਯੁੱਗ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਘਟਨਾ ਹੈ।ਜਾਪਾਨ ‘ਚ ਇਹ ਪ੍ਰਥਾ ਜਾਂ ਕਹਿ ਸਕਦੇ ਹੋਕਿ ਪ੍ਰਣਾਲੀ 645 ਈ. ਤੋਂ ਚੱਲਦੀ ਆ ਰਹੀ ਹੈ।ਉਸ ਸਮੇਂ ਤਾਇਕਾ ਯੁੱਗ ਦੀ ਸ਼ੁਰੂਆਤ ਹੋਈ ਸੀ।ਕਿਸੇ ਵੀ ਯੁੱਗ ਦਾ ਨਾਮ ਉਸ ਸਮੇਂ ਦੇ ਸਮਰਾਟ ਦੇ ਨਿਜ਼ਾਮ ਦੀ ਲੰਬਾਈ ਨੂੰ ਪੇਸ਼ ਕਰਦਾ ਹੈ।ਇਸ ਸਾਲ 1 ਅਪ੍ਰੈਲ ਨੂੰ ਜਾਪਾਨੀ ਮੰਤਰੀ ਮੰਡਲ ਨੇ ਨਵੇਂ ਯੁੱਗ ਦਾ ਨਾਂਅ ਤੈਅ ਕੀਤਾ ਅਤੇ ਇਸ ਨੂੰ “ਰੀਵਾ ਯੁੱਗ” ਨਾਲ ਪੁਕਾਰਿਆ।ਜਿਸ ਦਾ ਅਰਥ ਹੈ- “ਸੁੰਦਰ ਇਤਫ਼ਾਕ”। ਇਸ ਨਾਂਅ ਨੂੰ ਜਾਪਾਨ ਦੇ ਸਭ ਤੋਂ ਪੁਰਾਣੇ ਕਾਵਿ ਸੰਕਲਨ ਮਨਯੋਸ਼ੋ ‘ਚੋਂ ਲਿਆ ਗਿਆ ਹੈ, ਜਿਸ ਨੂੰ ਕਿ 1200 ਸਾਲ ਪਹਿਲਾਂ ਸੰਕਲਿਤ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਰੀਵਾ ਤੋਂ ਪਹਿਲਾਂ ਹਾਈਸੀ ਯੁੱਗ ਸੀ ਜੋ ਕਿ 1989 ਤੋਂ 30 ਅਪ੍ਰੈਲ , 2019 ਤੱਕ ਜਾਰੀ ਰਿਹਾ।ਹਾਈਸੀ ਤੋਂ ਪਹਿਲਾਂ ਸ਼ੋਵਾ ਯੁੱਗ ਸੀ ਜੋ ਕਿ 1926 ਤੋਂ 1989 ਤੱਕ (64 ਸਾਲ) ਜਾਰੀ ਰਿਹਾ ਸੀ।ਇਹ ਜਾਪਾਨੀ ਇਤਿਹਾਸ ‘ਚ ਸਭ ਤੋਂ ਲੰਬਾ ਯੁੱਗ ਮੰਨਿਆ ਗਿਆ ਹੈ।ਜ਼ਿਕਰਯੋਗ ਹੈ ਕਿ ਜਾਪਾਨ ‘ਚ ਸਭ ਤੋਂ ਪਹਿਲੇ ਯੁੱਗ ਦੀ ਸ਼ੁਰੂਆਤ ਮੇਜੀ ਯੁੱਗ ਨਾਲ ਹੋਈ ਸੀ (1862-1912)।

ਦੋ ਸਦੀਆਂ ‘ਚ ਪਹਿਲੀ ਤਿਆਗ ਰਸਮ ਦੀ ਸਹੂਲਤ ਲਈ ਜਾਪਾਨ ਦੀ ਸੰਸਦ ਨੇ 2017 ‘ਚ ਵਿਸ਼ੇਸ਼ ਤਿਆਗ ਕਾਨੂੰਨ ਨੂੰ ਪ੍ਰਵਾਣਗੀ ਦਿੱਤੀ, ਕਿਉਂਕਿ ਸਮਰਾਟ ਅਕੀਹੀਤੋ ਆਪਣੀ ਸਿਹਤ ਸਮੱਸਿਆਵਾਂ ਦੇ ਚੱਲਦਿਆਂ ਆਪਣੀ ਇੱਛਾ ਅਨੁਸਾਰ ਇਸ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਸਨ।30 ਅਪ੍ਰੈਲ ਨੂੰ ਹੋਈ ਤਿਆਗ ਰਸਮ ‘ਚ ਸਮਰਾਟ ਅਕੀਹੀਤੋ ਨੇ ਜਾਪਾਨੀ ਨਾਗਰਿਕਾਂ ਦਾ ਧੰਨਵਾਦ ਕਰਦਿਾਂ ਕਿਹਾ ਕਿ ਜਾਪਾਨੀ ਨਾਗਰਿਕਾਂ ਨੇ ਪਿਛਲੇ ਤਿੰਨ ਦਹਾਕਿਆਂ ਦੇ ਸਮੇਂ ਦੌਰਾਨ ਆਪਣੇ ਪਿਆਰ ਅਤੇ ਸਮਰਥਨ ਨਾਲ ਉਨ੍ਹਾਂ ਨੂੰ ਇਸ ਗੱਦੀ ‘ਤੇ ਕਾਇਮ ਰੱਖਿਆ।ਸਮਰਾਟ ਅਕੀਹੀਤੋ ਨੇ ਆਪਣੇ ਕਾਰਜਕਾਲ ਦੌਰਾਨ ਹਰ ਸਥਿਤੀ ਦਾ ਬਹੁਤ ਹੀ ਸਹਿਜ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਸਾਹਮਣਾ ਕੀਤਾ।ਉਨ੍ਹਾਂ ਨੇ ਭਾਰਤ-ਜਾਪਾਨ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਵੀ ਅਹਿਮ ਭੂਮਿਕਾ ਨਿਭਾਈ।ਸਮਰਾਟ ਅਕੀਹੀਤੋ ਅਤੇ ਮਹਾਰਾਣੀ ਮਿਛੀਕੋ ਨੇ 2013 ‘ਚ ਦਿੱਲੀ ਅਤੇ ਚੇਨਈ ਦਾ ਦੌਰਾ ਕੀਤਾ ਸੀ, ਜੋ ਕਿ ਦੋਵਾਂ ਮੁਲਕਾਂ ਦੇ ਨਜ਼ਦੀਕੀ ਸਬੰਧਾਂ ਨੂੰ ਪੇਸ਼ ਕਰਦਾ ਹੈ।ਇਸ ਫੇਰੀ ਨੂੰ ਭਾਰਤ-ਜਾਪਾਨ ਰਣਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਦੇ ਰੂਪ ‘ਚ ਵੀ ਯਾਦ ਕੀਤਾ ਜਾਂਦਾ ਹੈ।ਇਸ ਤੋਂ ਪਹਿਲਾਂ 1960 ‘ਚ ਸਮਰਾਟ ਅਕੀਹੀਤੋ ਨੇ ਆਪਣੀ ਮਹਾਰਾਣੀ ਨਾਲ ਭਾਰਤ ਦਾ ਦੌਰਾ ਕੀਤਾ ਸੀ, ਉਸ ਸਮੇਂ ਆਪ ਕਰਾਊਨ ਪ੍ਰਿੰਸ ਵੱਜੋਂ ਇਸ ਦੌਰੇ ‘ਤੇ ਆਏ ਸਨ।

ਹਾਈਸੀ ਯੁੱਗ ਦੌਰਾਨ ਦੇਸ਼ ‘ਚ ਰਲਵਾਂ ਮਿਲਵਾਂ ਅਨੁਭਵ ਵੇਖਣ ਨੂੰ ਮਿਿਲਆ।ਜਾਪਾਨ ‘ਚ ਕਈ ਉਤਰਾਅ ਚੜਾਅ ਆਏ।ਜਾਪਾਨ ਦੁਨੀਆ ‘ਚ ਸਭ ਤੋਂ ਵੱਡੇ ਕਰਜੇ ਤੋਂ ਜੀਡੀਪੀ ਅਨੁਪਾਤ ਦੀ ਸਥਿਤੀ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।ਇਸ ਤੋਂ ਇਲਾਵਾ ਅਰਥਚਾਰੇ ਨੂੰ ਪੁਰਾਣੇ ਸਮਾਜ ‘ਤੇ ਵੱਧ ਰਹੇ ਤਣਾਅ ਨੂੰ ਘਟਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਰੀਵਾ ਯੁੱਗ ‘ਚ ਜਾਪਾਨ ਨੂੰ ਆਰਥਿਕ ਢਾਂਚੇ ‘ਚ ਸੁਧਾਰ ਕਰਨ ਲਈ ਅੱਗੇ ਵੱਧਣਾ ਚਾਹੀਦਾ ਹੈ।ਚੌਥੀ ਉਦਯੋਗਿਕ ਕ੍ਰਾਂਤੀ ‘ਚ ਜਾਪਾਨ ਨੂੰ ਆਪਣੀ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਭੂ-ਰਣਨੀਤਕ ਤੌਰ ‘ਤੇ ਜਾਪਾਨ ਨੂੰ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਕਰਨ ਲਈ ਇੱਕ ਸਰਗਰਮ ਸ਼ਕਤੀ ਵੱਜੋਂ ਆਪਣੀ ਭੂਮਿਕਾ ਮਜ਼ਬੂਤ ਕਰਨੀ ਚਾਹੀਦੀ ਹੈ।

ਰੀਵਾ ਯੁੱਗ ਦੌਰਾਨ ਜਾਪਾਨ ਨੂੰ ਅਮਰੀਕਾ ਨਾਲ ਆਪਣੇ ਗੱਠਜੋੜ ਨੂੰ ਵਧੇਰੇ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਪਿਛਲੇ ਕੁੱਝ ਸਮੇਂ ‘ਚ ਉਸ ਨੇ ਬਹੁਤ ਸਾਰੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।ਮਿਸਾਲਨ ਉੱਤਰੀ ਕੋਰੀਆ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ, ਪੂਰਬੀ ਚੀਨ ਸਮੁੰਦਰ ‘ਚ ਚੀਨ ਵੱਲੋਂ ਸਮੁੰਦਰੀ ਗਤੀਵਿਧੀਆਂ ਆਦਿ।ਜਾਪਾਨ ਨੂੰ ਅੰਦਰੂਨੀ ਅਤੇ ਨਾਲ ਹੀ ਬਾਹਰੀ ਸਥਿਤੀਆਂ ਨੂੰ ਸੁਤੰਲਿਤ ਕਰਕੇ ਆਪਣੀ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।ਜਿੱਥੇ ਇੱਕ ਪਾਸੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨਾ ਜਾਪਾਨ ਲਈ ਇੱਕ ਵੱਡੀ ਚੁਣੌਤੀ ਹੈ ਉੱਥੇ ਹੀ ਇਸ ਤੋਂ ਵੱਧ ਅਮਰੀਕਾ ਨਾਲ ਵਧੇਰੇ ਸਰਗਰਮ ਸਹਯੋਗੀ ਵੱਜੋਂ ਉਭਰਨਾ ਵੀ ਜਾਪਾਨ ਲਈ ਵੱਡਾ ਟੀਚਾ ਹੈ।ਇਸ ਦੇ ਨਾਲ ਹੀ ਹਿੰਦ-ਪੈਸੀਫਿਕ ਖੇਤਰ ‘ਚ ਦੂਜੇ ਸਹਿਯੋਗੀਆਂ ਨਾਲ ਵਿਆਪਕ ਕਦਰਾਂ ਅਧਾਰਿਤ ਨੈੱਟਵਰਕ ਨੂੰ ਅਧਾਰ ਬਣਾ ਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੋਵੇਗਾ।