ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਵੱਜੋਂ ਕੀਤਾ ਗਿਆ ਨਾਮਜ਼ਦ: ਅੱਤਵਾਦ ਖ਼ਿਲਾਫ ਭਾਰਤ ਦੀ ਕੂਟਨੀਤਕ ਜਿੱਤ

 

ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਸਮੂਹ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਆਖੀਰਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਕਮੇਟੀ ਦੀ ਪਾਬੰਦੀਸ਼ੁਦਾ ਸੂਚੀ ਤਹਿਤ ਕੌਮਾਂਤਰੀ ਅੱਵਾਦੀ ਐਲਾਨਿਆ ਗਿਆ ਹੈ ਜੋ ਕਿ ਭਾਰਤ ਦੀ ਕੂਟਨੀਤਕ ਜਿੱਤ ਦਾ ਪ੍ਰਤੀਕ ਹੈ।ਇਸ ਦਾ ਮਤਲਬ ਇਹ ਹੈ ਕਿ ਮਸੂਦ ਦੀਆਂ ਦੁਨੀਆ ਭਰ ‘ਚ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਯਾਤਰਾ ‘ਤੇ ਵੀ ਪਾਬੰਦੀ ਲੱਗੇਗੀ।
ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਸੁਰੱਖਿਆ ਕੌਂਸਲ ਦੇ ਇਸ ਫ਼ੈਸਲੇ ਦਾ ਨਿੱਘਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਅੱਤਵਾਦ ਅਤੇ ਇਸ ਦੇ ਸਮਰਥਕਾਂ ਖ਼ਿਲਾਫ ਜੰਗ ‘ਚ ਕੌਮਾਂਤਰੀ ਭਾਈਚਾਰੇ ਵੱਲੋਂ ਦਰਸਾਏ ਗਏ ਆਪਸੀ ਸਹਿਯੋਗ ਨੇ ਪ੍ਰਗਟ ਕੀਤਾ ਹੈ ਕਿ ਉਹ ਸਹੀ ਰਾਹ ‘ਤੇ ਅੱਗੇ ਵੱਧ ਰਹੇ ਹਨ।ਸੰਯੁਕਤ ਰਾਸ਼ਟਰ ‘ਚ ਭਾਰਤ ਵੱਲੋਂ ਕੀਤੇ ਗਏ ਕੂਟਨੀਤਕ ਯਤਨਾਂ ਸਦਕਾ ਹੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦਾ ਫ਼ੈਸਲਾ ਸਾਹਮਣੇ ਆਇਆ ਹੈ।ਭਾਰਤ ਵੱਲੋਂ ਉੱਚ ਪੱਧਰ ‘ਤੇ ਇਸ ਸਬੰਧੀ ਚਰਚਾ ਕਰਨਾ, ਭਾਰਤ ਅਤੇ ਚੀਨ ਦਰਮਿਆਨ ਲਗਾਤਾਰ ਗੱਲਬਾਤ ਦਾ ਦੌਰ ਵਰਗੇ ਕਦਮਾਂ ਨੇ ਪਿਛਲੇ ਲੰਬੇ ਸਮੇਂ ਤੋਂ ਅਜ਼ਹਰ ਨੂੰ ਇਸ ਸੂਚੀ ‘ਚ ਲਿਆਉਣ ਦੇ ਕਾਰਜ ਨੂੰ ਆਖਿਰਕਾਰ ਮੁਕੰਮਲ ਹੋਣ ਦੀ ਰਾਹ ‘ਤੇ ਤੋਰਿਆ ਹੈ।ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਹੋਰ ਅੱਤਵਾਦੀ ਸਮੂਹਾਂ ਅਤੇ ਦਹਿਸ਼ਤਗਰਦਾਂ ਨੂੰ ਨਿਆਂ ਹੇਠ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।

ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਨਵੀਂ ਦਿੱਲੀ ਦੀ ਕੂਟਨੀਤਕ ਜਿੱਤ ਹੋਈ ਹੈ।ਦੱਸਣਯੋਗ ਹੈ ਕਿ ਸਾਲ 2009 ‘ਚ ਭਾਰਤ ਨੇ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦੀ ਪ੍ਰਕ੍ਰਿਆ ਨੂੰ ਸ਼ੁਰੂ ਕੀਤਾ ਸੀ।ਅਜ਼ਹਰ 26/11 ਮੁਬੰਈ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਾਰ ਸੀ ਅਤੇ 1267 ਕਮੇਟੀ ਦੀ ਪਾਬੰਦੀਸ਼ੁਦਾ ਸੂਚੀ ‘ਚ ਮੁੱਖ ਦੋਸ਼ੀ ਵੱਜੋਂ ਨਾਮਜ਼ਦ ਸੀ, ਪਰ ਚੀਨ ਵੱਲੋਂ ਤਕਨੀਕੀ ਕਾਰਨਾਂ ਦੀ ਪੇਸ਼ਕਸ਼ ਕਰਦਿਆਂ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੀ ਪ੍ਰਕ੍ਰਿਆ ‘ਚ ਅੜਿੱਕਾ ਪਾ ਦਿੱਤਾ ਗਿਆ ਸੀ।ਫਰਾਂਸ ਅਤੇ ਅਮਰੀਕਾ ਵਰਗੇ ਮੁਲਕਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ ਪਰ ਚੀਨ ਵੱਲੋਂ ਹਰ ਵਾਰ ਵੀਟੋ ਦਾ ਪ੍ਰਯੋਗ ਕਰ ਕੇ ਇਸ ‘ਤੇ ਰੋਕ ਲਗਾਈ ਗਈ।

ਇਸ ਸਬੰਧ ‘ਚ ਭਾਰਤ-ਚੀਨ ਸਬੰਧਾਂ ‘ਚ ਸੁਧਾਰ ਵੀ ਮਹੱਤਵਪੂਰਨ ਹੈ।ਭਾਵੇਂ ਕਿ ਭਾਰਤ ਵੱਲੋਂ ਦੂਜੇ ਬੇਲਟ ਅਤੇ ਰੋਡ ਫੋਰਮ ‘ਚ ਸ਼ਿਰਕਤ ਨਹੀਂ ਕੀਤੀ ਗਈ, ਪਰ ਸੰਮੇਲਨ ਤੋਂ ਚਾਰ ਦਿਨ ਪਹਿਲਾਂ ਹੀ ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਵੱਲੋਂ 2 ਦਿਨਾਂ ਲਈ ਚੀਨ ਦਾ ਦੌਰਾ ਕੀਤਾ ਗਿਆ ਸੀ।ਇਸ ਬੈਠਕ ਦਾ ਰਸਮੀ ਏਜੰਡਾ ‘ਨਿਯਮਿਤ ਕੂਟਨੀਤਕ ਸਲਾਹ’ ਵੱਜੋਂ ਐਲਾਨਿਆ ਗਿਆ ਹੈ। ਇਸ ਲਈ ਕੋਈ ਵੀ ਅਧਿਕਾਰਤ ਐਲਾਨਨਾਮਾ ਜਾਰੀ ਨਹੀਂ ਕੀਤਾ ਗਿਆ, ਪਰ ਇਸ ਮਿਲਣੀ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਅਜ਼ਹਰ ਨੂੰ ਕਾਲੀ ਸੂਚੀ ‘ਚ ਪਾਉਣ ਦੇ ਮਸਲੇ ਨੂੰ ਜ਼ਰੂਰ ਵਿਚਾਰਿਆ ਗਿਆ ਸੀ।

ਪੁਲਵਾਮਾ ਅੱਤਵਾਦੀ ਫਿਦਾਇਨ ਹਮਲੇ ਤੋਂ ਬਾਅਦ ਮਾਰਚ 2019 ‘ਚ ਭਾਰਤ ਵੱਲੋਂ ਚੌਥੀ ਵਾਰ ਅਜ਼ਹਰ ਨੂੰ ਕਾਲੀ ਸੂਚੀ ‘ਚ ਪਾਉਣ ਲਈ ਕੋਸ਼ਿਸ਼ ਕੀਤੀ ਗਈ ਸੀ ਪਰ ਚੀਨ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੀ ਵੀਟੋ ਸ਼ਕਤੀ ਦੀ ਮਦਦ ਨਾਲ ਇਸ ਪ੍ਰਸਤਾਵ ‘ਤੇ ਇੱਕ ਵਾਰ ਫਿਰ ਰੋਕ ਲਗਾ ਦਿੱਤੀ ਸੀ । ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਜੈਸ਼ ਵੱਲੋਂ ਲਈ ਗਈ ਸੀ।ਚੀਨ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਇਸ ਮਸਲੇ ਨੂੰ ਵਿਚਾਰਿਆ।ਜ਼ਿਕਰਯੋਗ ਹੈ ਪਿਛਲੇ ਸਾਲ ਅਪ੍ਰੈਲ ਮਹੀਨੇ ਵੁਹਾਨ ਸੰਮੇਲਨ ਤੋਂ ਬਾਅਦ ਭਾਰਤ-ਚੀਨ ਸਬੰਧਾਂ ‘ਚ ਬਹੁਤ ਸੁਧਾਰ ਵੇਖਣ ਨੂੰ ਮਿਿਲਆ ਹੈ।

ਸ੍ਰੀ ਗੋਖਲੇ ਵੱਲੋਂ ਚੀਨ ਦੌਰੇ ਤੋਂ ਕੁੱਝ ਦਿਨ ਪਹਿਲਾਂ ਹੀ ਚੀਨ ਦੇ ਵਿਦੇਸ਼ ਮੰਤਰੀ ਅਤੇ ਰਾਜ ਕੌਂਸਲਰ ਵਾਂਗ ਯੀ ਨੇ ਕਿਹਾ ਸੀ ਕਿ ਚੀਨ ਭਾਰਤੀ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਦਰਮਿਆਨ ਦੂਜੇ ਗ਼ੈਰ ਰਸਮੀ ਸੰਮੇਲਨ ਨੂੰ ਆਯੋਜਿਤ ਕਰਨ ਦੀ ਸਲਾਹ ਬਣਾ ਰਿਹਾ ਹੈ, ਜੋ ਕਿ ਇਸ ਸਾਲ ਦੇ ਅੰਤ ‘ਚ ਭਾਰਤ ‘ਚ ਹੋਵੇਗਾ।
ਵੁਹਾਨ ਵਾਰਤਾ ਵਰਗੀਆਂ ਹੋ ਵਾਰਤਾਵਾਂ ਨੇ ਦੋਵਾਂ ਮੁਲਕਾਂ ਵਿਚਲੇ ਦੁਵੱਲੇ ਸਬੰਧਾਂ ਨੂੰ ਸੁੁਧਾਰਨ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਨਾਲ ਹੀ ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਖੁੱਲੀ ਚਰਚਾਵਾਂ ਦਾ ਹਿੱਸਾ ਬਣਨ ਲਈ ਮੰਚ ਪ੍ਰਦਾਨ ਕੀਤਾ ਹੈ।

ਭਾਰਤ ਅਤੇ ਚੀਨ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਸਰਹੱਦੀ ਵਿਵਾਦ ਚੱਲਦੇ ਆ ਰਹੇ ਹਨ, ਜਿਸ ਕਾਰਨ ਕਿਸੇ ਵੀ ਮਤੇ ‘ਤੇ ਸਾਵਧਾਨੀਪੂਰਵਕ ਅਤੇ ਨਿਰੰਤਰ ਗੱਲਬਾਤ ਦੀ ਲੋੜ ਸਪਸ਼ੱਟ ਹੁੰਦੀ ਹੈ।ਦੋਵਾਂ ਧਿਰਾਂ ਲਈ ਜ਼ਰੂਰੀ ਹੈ ਕਿ ਸਰਹੱਦੀ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਕਾਇਮ ਰੱਖਣ।ਹੋਰ ਦੂਜੇ ਮਸਲਿਆਂ ਨੂੰ ਨਿਯਮਿਤ ਗੱਲਬਾਤ ਰਾਹੀਂ ਸੁਲਝਾਇਆ ਜਾਵੇ।ਅਜਿਹੀਆਂ ਵਾਰਤਾਵਾਂ ਲੰਬਿਤ ਪਏ ਮਸਲਿਆਂ ਦੇ ਹੱਲ ਲਈ ਰਾਹ ਤਿਆਰ ਕਰਦੀਆਂ ਹਨ।

ਮਸੂਦ ਅਜ਼ਹਰ ਤੋਂ ਚੀਨ ਵੱਲੋਂ ਆਪਣੇ ਤਕਨੀਕੀ ਕਾਰਨ ਦੀ ਰੋਕ ਨੂੰ ਹਟਾਉਣ ਪਿੱਛੇ ਇੱਕ ਹੋਰ ਮੁੱਖ ਕਾਰਨ ਇਹ ਵੀ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਵੱਡੇ ਪੱਧਰ ‘ਤੇ ਚੀਨ ਦੇ ਇਸ ਕਦਮ ਦੀ ਆਲੋਚਨਾ ਕੀਤੀ ਗਈ ਸੀ।ਭਾਰਤ ਨੂੰ ਅਮਰੀਕਾ,ਫਰਾਂਸ ਅਤੇ ਬਰਤਾਨੀਆ ਵਰਗੇ ਵੱਡੇ ਮੁਲਕਾਂ ਦਾ ਸਮਰਥਨ ਪ੍ਰਾਪਤ ਹੋਇਆ।ਇਸ ਲਈ ਕਹਿ ਸਕਦੇ ਹਾਂ ਕਿ ਚੀਨ ਨੇ ਕੌਮਾਂਤਰੀ ਆਲੋਚਨਾ ਤੋਂ ਬਚਣ ਲਈ ਵੀ ਆਪਣੇ ਫ਼ੈਸਲੇ ‘ਚ ਫੇਰਬਦਲ ਕੀਤਾ ਹੋ ਸਕਦਾ ਹੈ, ਕਿਉਂਕਿ ਚੀਨ ਆਪਣੇ ਬੇਲਟ ਅਤੇ ਰੋਡ ਪਹਿਲ ਲਈ ਕੋਈ ਵੀ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦਾ ਹੈ।ਚੀਨ ਨੇ ਬੀ.ਆਰ.ਆਈ. ਦੇ ਫੈਲਾਅ ਨੂੰ ਮਜ਼ਬੂਤ ਕਰਨ ਲਈ ਇਸ ਪਹਿਲ ‘ਚ ਵਧੇਰੇ ਸੰਮਲਿਤ ਅਤੇ ਵਿੱਤੀ ਪਾਰਦਰਸ਼ਤਾ ਦੀ ਪਾਲਣਾ ਕਰਨ ਲਈ ਵੀ ਆਪਣੀ ਵਚਣਬੱਧਤਾ ਦਾ ਪ੍ਰਗਟਾਵਾ ਕੀਤਾ ਹੈ।

ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸਮੂਹ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਇੱਕ ਆਲਮੀ ਚੁਣੌਤੀ ਹਨ।ਹਾਲ ‘ਚ ਹੀ ਗੁਆਂਢੀ ਮੁਲਕ ਸ਼੍ਰੀਲੰਕਾ ਨੇ ਅੱਤਵਾਦੀ ਹਮਲਿਆਂ ਦਾ ਤਰਾਸ ਭੋਗਿਆ ਹੈ।ਅਜਿਹੇ ਹੋਰ ਕਈ ਮੁਲਕ ਹਨ ਜਿੰਨ੍ਹਾਂ ਨੇ ਅੱਤਵਾਦੀ ਹਮਲਿਆਂ ਨੂੰ ਆਪਣੇ ਪਿੰਡੇ ‘ਤੇ ਝੱਲਿਆ ਹੈ।
ਚੀਨ ਵੱਲੋਂ ਚੁੱਕੇ ਗਏ ਇਸ ਕਦਮ ਨੇ ਅੱਤਵਾਦ ਵਿਰੁੱਧ ਭਾਰਤ ਦੀ ਜੰਗ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਪੇਸ਼ ਕੀਤਾ ਹੈ।ਇਸ ਨਾਲ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ‘ਚ ਮਦਦ ਮਿਲੇਗੀ।ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਭਾਰਤ ਸਰਹੱਦ ਪਾਰ ਤੋਂ ਅੱਤਵਾਦ ਦਾ ਸ਼ਿਕਾਰ ਹੁੰਦਾ ਰਿਹਾ ਹੈ।ਅਜਿਹੇ ‘ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ‘ਤੇ ਦਬਾਅ ਪਾਉਣ ਦੀ ਜ਼ਰੂਰਤ ਹੈ ਕਿ ਉਹ ਅੱਤਵਾਦੀ ਗੁੱਟਾਂ ਦੀਆਂ ਸੁਰੱਖਿਅਤ ਹਵਾਸੀਆਂ ਨੂੰ ਖ਼ਤਮ ਕਰੇ।

ਅਜ਼ਹਰ ਨੂੰ ਕਾਲੀ ਸੂਚੀ ‘ਚ ਪਾਇਆ ਜਾਣਾ ਇੱਕ ਤਰ੍ਹਾਂ ਨਾਲ ਅੱਤਵਾਦ ਖ਼ਿਲਾਫ ਭਾਰਤ ਦੀ ਜੰਗ ‘ਚ ਕੂਟਨੀਤਕ ਜਿੱਤ ਨੂੰ ਦਰਸਾਉਂਦਾ ਹੈ।ਇਸ ਤਰੱਕੀ ਨਾਲ ਭਾਰਤ-ਚੀਨ ਸਬੰਧਾਂ ‘ਚ ਆਪਸੀ ਤਾਲਮੇਲ ਦੀ ਨਵੀਂ ਕਿਰਨ ਉਜਾਗਰ ਹੋਈ ਹੈ ਅਤੇ ਭਵਿੱਖ ‘ਚ ਦੋਵਾਂ ਮੁਲਕਾਂ ਵਿਚਲੇ ਸਬੰਧ ਉਸਾਰੂ ਰਾਹ ‘ਤੇ ਅੱਗੇ ਵੱਧਣਗੇ।