ਅਜ਼ਹਰ ਮਾਮਲੇ ‘ਚ ਕੀ ਰਹੇਗਾ ਪਾਕਿਸਤਾਨ ਦਾ ਅਗਲਾ ਕਦਮ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਕਮੇਟੀ ਦੀ ਪਾਬੰਦੀਸ਼ੁਦਾ ਸੂਚੀ ‘ਚ ਮਸੂਦ ਅਜ਼ਹਰ ਨੂੰ ਨਾਮਜ਼ਦ ਕਰਨ ਦੀ ਪ੍ਰਕ੍ਰਿਆ ‘ਚ ਚੀਨ ਵੱਲੋਂ ਲਗਾਏ ਗਏ ਤਕਨੀਕੀ ਕਾਰਨ ਨੂੰ ਚੀਨ ਵੱਲੋਂ 1 ਮਈ ਨੂੰ ਹਟਾ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਵੱਲੋਂ ਕਈ ਵਾਰ ਇਸ ਪ੍ਰਸਤਾਵ ਨੂੰ ਪਾਸ ਕਰਨ ਦੀ ਰਾਹ ‘ਚ ਅੜਿੱਕਾ ਪਾਇਆ ਗਿਆ ਹੈ।2009 ਤੋਂ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਲਈ ਇਸ ਪ੍ਰਸਤਾਵ ਨੂੰ ਸੁਰੱਖਿਆ ਕੌਂਸਲ ‘ਚ ਪੇਸ਼ ਕੀਤਾ ਜਾ ਰਿਹਾ ਹੈ।2016 ਤੋਂ 2019 ਦੇ ਸਮੇਂ ਦੌਰਾਨ ਚੀਨ ਨੇ ਤਿੰਨ ਵਾਰ ਇਸ ਪ੍ਰਸਤਾਵ ‘ਤੇ ਆਪਣੀ ਵੀਟੋ ਦੀ ਵਰਤੋਂ ਕਰਦਿਆਂ ਰੋਕ ਲਗਾਈ।

ਫਰਵਰੀ 2016 ‘ਚ ਭਾਰਤ ਦੇ ਪੰਜਾਬ ਸੂਬੇ ‘ਚ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਇਸ ਪ੍ਰਸਤਾਵ ਨੂੰ ਅੱਗੇ ਤੋਰਿਆ ਗਿਆ ਸੀ।ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਵੱਲੋਂ ਲਈ ਗਈ ਸੀ । ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਲਗਾਤਾਰ ਪੈ ਰਹੇ ਦਬਾਅ ਦੇ ਚੱਲਦਿਆਂ ਬੀਜਿੰਗ ਨੇ ਇਸ ਮਤੇ ‘ਤੇ ਆਪਣੇ ‘ਹੋਲਡ’ ਨੂੰ ‘ਬਲਾਕ’ ‘ਚ ਤਬਦੀਲ ਕਰ ਦਿੱਤਾ।

ਦੱਸਣਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਪੁਲਵਾਮਾ ਫਿਦਾਇਨ ਹਮਲੇ ਤੋਂ ਬਾਅਦ ਮਾਰਚ 2019 ਨੂੰ ਅਮਰੀਕਾ, ਫਰਾਂਸ ਅਤੇ ਬਰਤਾਨੀਆ ਵੱਲੋਂ ਮਸੂਦ ਅਜ਼ਹਰ ਨੂੰ ਇਸ ਸੂਚੀ ‘ਚ ਸ਼ਾਮਿਲ ਕੀਤੇ ਜਾਣ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।ਪਰ ਚੀਨ ਵੱਲੋਂ ‘ਤਕਨੀਕੀ ਕਾਰਨ’ ਦਾ ਹਵਾਲਾ ਦਿੰਦਿਆਂ ਇਸ ਮਤੇ ‘ਤੇ ਕੁੱਝ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ।ਧਿਆਨ ਦੇਣ ਵਾਲੀ ਗੱਲ ਹੈ ਕਿ ਚੀਨ ਵੱਲੋਂ ਪੁਲਵਾਮਾ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਵੀ ਕੀਤੀ ਗਈ ਸੀ ਅਤੇ ਅਸਿੱਧੇ ਤੌਰ ‘ਤੇ ਬੀਜਿੰਗ ਨੇ ਭਾਰਤ ਦੀ ਅੱਤਵਾਦ ਵਿਰੁੱਧ ਜੰਗ ਲਈ ਕੀਤੇ ਜਾ ਰਹੇ ਉਪਾਵਾਂ ਨੂੰ ਮਾਨਤਾ ਵੀ ਦਿੱਤੀ ਸੀ।

ਚੀਨ ਦੀ ਸਥਿਤੀ ਦਾ ਅਨੁਮਾਨ ਲਗਾਇਆ ਜਾ ਸਕਦਾ ਸੀ ਕਿਉਂਕਿ ਉਸ ਵੱਲੋਂ ਲਗਾਤਾਰ ਪਾਕਿਸਤਾਨ ਦਾ ਸਮਰਥਨ ਕੀਤਾ ਜਾ ਰਿਹਾ ਸੀ।ਦੂਜੇ ਪਾਸੇ ਪਾਕਿਸਤਾਨ ‘ਤੇ ਅੱਤਵਾਦੀ ਸਮੂਹਾਂ, ਦਹਿਸ਼ਗਰਦਾਂ ਨੂੰ ਸੁਰੱਖਿਅਤ ਹਵਾਸੀਆਂ ਮੁਹੱਈਆ ਕਰਵਾਉਣ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਦੇ ਮੁੱਦੇ ‘ਤੇ ਅੰਤਰਰਾਸ਼ਟਰੀ ਦਬਅ ਝੱਲਣਾ ਪੈ ਰਿਹਾ ਹੈ।ਚੀਨ ਦਾ ਮੰਨਣਾ ਸੀ ਕਿ ਅਜ਼ਹਰ ਅਤੇ ਪੁਲਵਾਮਾ ਹਮਲੇ ਦੇ ਆਪਸ ਕਿਸੇ ਵੀ ਤਰ੍ਹਾਂ ਦੇ ਤਾਰ ਨਹੀਂ ਜੁੜਦੇ ਹਨ।ਇਹ ਸਿਰਫ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ ਹੈ।ਚੀਨ ਨੇ ਇਸ ਮਸਲੇ ਨੂੰ ਨਿਰਪੱਖ ਅਤੇ ਪੇਸ਼ੇਵਰ ਤਰੀਕੇ ਨਾਲ ਹੱਲ ਕਰਨ ਦੀ ਵਕਾਲਤ ਕੀਤੀ ਸੀ।

ਭਾਰਤ ਦੀ ਸਰਗਰਮ ਕੂਟਨੀਤੀ ਦਾ ਉਦੇਸ਼ ਇਸ ਮੁੱਦੇ ਨੂੰ ਅਮਰੀਕਾ ਦੀ ਅਗਵਾਈ ‘ਚ ਅੱਗੇ ਵਧਾਉਣਾ ਸੀ ਅਤੇ 27 ਮਾਰਚ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਾਬੰਦੀਆਂ ਲਗਾਉਣ ਵਾਲੀ ਕਮੇਟੀ ਕੋਲ ਇਸ ਮੁੱਦੇ ਨੂੰ ਚੁੱਕਿਆ ਗਿਆ।ਚੀਨ ਨੇ ਇਸ ਮਸਲੇ ਸਬੰਧੀ ਆਪਣੀਆਂ ਚਿੰਤਾਵਾਂ ਨੂੰ ਪੇਸ਼ ਕੀਤਾ ਅਤੇ ਨਾਲ ਹੀ ਦਾਅਵਾ ਕੀਤਾ ਕਿ ਬੀਜਿੰਗ ਸਾਰੀਆਂ ਧਿਰਾਂ ਨਾਲ ਉਸਾਰੂ ਅਤੇ ਜ਼ਿੰਮੇਵਾਰ ਢੰਗ ਨਾਲ ਗੱਲਬਾਤ ਕਰ ਰਿਹਾ ਹੈ।

ਹਾਲ ਦੇ ਸਮੇਂ ‘ਚ ਚੀਨ ਨੇ ਇਸ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਨਾਲ ਕੂਟਨੀਤਕ ਚਰਚਾਵਾਂ ਕੀਤੀਆਂ ਅਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ।ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਹਾਲ ‘ਚ ਹੀ ਦੂਜੇ ਬੀ.ਆਰ.ਆਈ. ਸੰਮੇਲਨ ‘ਚ ਸ਼ਿਰਕਤ ਕਰਨ ਲਈ ਚੀਨ ਦਾ ਦੌਰਾ ਕੀਤਾ।ਚੀਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਕਿ ਇਸ ਮੁੱਦੇ ‘ਤੇ ਪਾਕਿਸਤਾਨ ਦਾ ਨਾਂਅ ਲਏ ਬਿਨ੍ਹਾਂ ਅਤੇ ਉਸ ਨੂੰ ਬਦਨਾਮ ਕੀਤੇ ਬਿਨ੍ਹਾਂ ਹੀ ਅੱਗੇ ਵਧਿਆ ਜਾਵੇ।

ਭਾਰਤੀ ਵਿਦੇਸ਼ ਸਕੱਤਰ ਵੱਲੋਂ ਵੀ ਹਾਲ ‘ਚ ਹੀ ਚੀਨ ਦਾ ਦੌਰਾ ਕੀਤਾ ਗਿਆ ਅਤੇ ਚੀਨ ਦੇ ਸਰਕਾਰੀ ਉੱਚ ਅਧਿਕਾਰੀਆਂ ਨਾਲ ਇਸ ਮੁੱਦੇ ਨੂੰ ਗੰਭੀਰ ਰੂਪ ਨਾਲ ਵਿਚਾਰਿਆ ਗਿਆ।ਵਿਦੇਸ਼ ਸਕੱਤਰ ਨੇ ਚੀਨ ਦੇ ਵਿਦੇਸ਼ ਮੰਤਰੀ ਜੋ ਕਿ ਰਾਜ ਸਲਾਹਕਾਰ ਵੀ ਹਨ , ਉਨ੍ਹਾਂ ਨਾਲ ਵੀ ਇਸ ਮੁੱਦੇ ‘ਤੇ ਗੱਲਬਾਤ ਕੀਤੀ ਸੀ।
ਚੀਨ ਨੇ ਇਸ ਪ੍ਰਸਤਾਵ ‘ਤੇ ਆਪਣੇ ਵੱਲੋਂ ਲਗਾਏ ਗਏ ਇਤਰਾਜ਼ਾਂ ਨੂ ਵਾਪਿਸ ਲੈਣ ਦਾ ਫ਼ੈਸਲਾ ਕੀਤਾ।ਮੰਨਿਆਂ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਚੱਲਦਆਂ ਚੀਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਅਤੇ ਨਾਲ ਹੀ ਬੀਜਿੰਗ ਆਲਮੀ ਬੁਰਾਈ ਅੱਤਵਾਦ ਦੇ ਮੁੱਦੇ ‘ਤੇ ਕੌਮਾਂਤਰੀ ਪੱਧਰ ‘ਤੇ ਅਲੱਗ-ਥਲੱਗ ਨਹੀਂ ਪੈਣਾ ਚਾਹੰੁਦਾ ਹੈ।ਭਾਰਤ ਅਤੇ ਅਮਰੀਕਾ ਦਾ ਇਸ ਮੁੱਦੇ ‘ਤੇ ਇੱਕਜੁੱਟ ਹੋਣਾ ਇਸ ਗੱਲ ਵੀ ਸੰਕੇਤ ਕਰਦਾ ਹੈ ਕਿ ਚੀਨ ਨੂੰ ਇਸ ਮੁੱਦੇ ‘ਤੇ ਢੁਕਵਾਂ ਕਾਰਨ ਦਿੰਦਿਆਂ ਆਪਣੀ ਸਥਿਤੀ ਨੂੰ ਬਦਲਣਾ ਚਾਹੀਦਾ ਹੈ।

ਇਸ ਮੁੱਦੇ ‘ਤੇ ਪਾਕਿਸਤਾਨ ਪਿੱਛੇ ਬੈਠ ਕੇ ਹੀ ਸਾਰੀ ਸਥਿਤੀ ਨੂੰ ਭਾਂਪ ਰਿਹਾ ਹੈ।ਲਿਹਾਜ਼ਾ ਪਾਕਿਸਤਾਨ ਨੇ ਚੀਨ ‘ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਕਿ ਉਹ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ‘ਤੇ ਲਗਾਈ ਆਪਣੀ ਰੋਕ ਨੂੰ ਹਟਾ ਲਵੇ।ਪਰ ਇਸਲਾਮਾਬਾਦ ਨੇ ਦਾਅਵਾ ਕੀਤਾ ਹੈ ਕਿ ਚੀਨ ਵੱਲੋਂ ਅਜ਼ਹਰ ਨੂੰ ਕੌਮਾਂਤਰੀ ਦਹਿਸ਼ਤਗਰਦ ਵੱਜੋਂ ਨਾਮਜ਼ਦ ਕਰਨ ਲਈ ਉਸ ਵੱਲੋਂ ਉਤਪ੍ਰੇਕ ਭੂਮਿਕਾ ਨਿਭਾਈ ਗਈ ਹੈ।ਵਿੱਤੀ ਕਾਰਜ ਟਾਸਕ ਫੋਰਸ ਦੀ ਕਾਲੀ ਸੂਚੀ ‘ਚ ਨਾਮਜ਼ਦ ਹੋਣ ਦੇ ਡਰ ਨਾਲ ਘਬਰਾਏ ਹੋਏ ਪਾਕਿਸਤਾਨ ਨੂੰ ਅੱਤਵਾਦ ਖ਼ਿਲਾਫ ਨਿਰਣਾਇਕ ਕਾਰਵਾਈ ਕਰਨ ਦੀ ਲੋੜ ਹੈ।

ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਵੱਜੋਂ ਐਲਾਨਿਆ ਜਾਣਾ ਭਾਰਤ ਅਤੇ ਅਮਰੀਕਾ ਲਈ ਇੱਕ ਵੱਡੀ ਕੂਟਨੀਤਕ ਜਿੱਤ ਹੈ।ਅਜ਼ਹਰ ਨੂੰ ਇਸ ਸੂਚੀ ‘ਚ ਸ਼ਾਮਿਲ ਕਰਨ ਨਾਲ ਅੱਤਵਾਦ ਬੁਨਿਆਦੀ ਢਾਂਚੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜ਼ਹਰ ਵੱਲੋਂ ਪਾਕਿਸਤਾਨ ‘ਚ ਆਪਣਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਭਾਰਤ ਖ਼ਿਲਾਫ ਉੱਥੋਂ ਹੀ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਹਾਫਿਜ਼ ਸਾਇਦ ਨੂੰ ਵੀ ਇਸ ਸੂਚੀ ‘ਚ ਰੱਖਿਆ ਗਿਆ ਹੈ, ਪਰ ਫਿਰ ਵੀ ਉਹ ਪਾਕਿਸਤਾਨ ‘ਚ ਬਿਨ੍ਹਾਂ ਕਿਸੇ ਰੋਕ-ਟੋਕ ਦੇ ਖੁੱਲਾ ਘੁੰਮ ਰਿਹਾ ਹੈ।ਉਸ ਵੱਲੋਂ ਆਪਣੀਆਂ ਅੱਤਵਾਦੀ ਕਾਰਵਾਈਆਂ ਲਈ ਵਿੱਤ ਹਾਸਿਲ ਕਰਨ ਲਈ ਪਾਕਿਸਤਾਨ ‘ਚ ਫੰਡ ਇੱਕਠੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਖ਼ਿਲਾਫ ਜਹਿਰ ਵੀ ਉਗਲਿਆ ਜਾ ਕਰਹਾ ਹੈ।ਇਹ ਸਭ ਵੇਖਦਿਆਂ ਸਮੇਂ ਦੀ ਮੰਗ ਹੈ ਕਿ ਭਾਵੇਂ ਅਜ਼ਹਰ ਨੂੰ ਇਸ ਸੂਚੀ ‘ਚ ਨਾਮਜ਼ਦ ਕੀਤਾ ਗਿਆ ਹੈ ਪਰ ਫਿਰ ਵੀ ਸਰਹੱਦ ਪਾਰ ਅੱਤਵਾਦ ਦੇ ਮੁੱਦੇ ‘ਤੇ ਭਾਰਤੀ ਚਿੰਤਾਵਾਂ ਨੂੰ ਸੰਬੋਧਨ ਕਰਦਿਆਂ ਅਜ਼ਹਰ ਅਤੇ ਇਸ ਦੇ ਅੱਤਵਾਦੀ ਗੁੱਟ ਖ਼ਿਲਾਫ ਕਾਰਵਾਈ ਕਰਨ ਲਈ ਪਾਕਿਸਤਾਨ ‘ਤੇ ਕੌਮਾਂਤਰੀ ਦਬਾਅ ਜਾਰੀ ਰਹਿਣਾ ਚਾਹੀਦਾ ਹੈ।

 

ਸਕ੍ਰਿਪਟ: ਡਾ.ਅਸ਼ੋਕ ਬਿਹੁਰਿਆ, ਸੰਚਾਲਕ, ਦੱਖਣੀ ਏਸ਼ੀਆਈ ਕੇਂਦਰ