ਤਣਾਅ ਦੀ ਸਥਿਤੀ ਦੌਰਾਨ ਅਫ਼ਗਾਨ-ਪਾਕਿ ਵਾਰਤਾ

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਖੇਤਰੀ ਸੰਪਰਕ ਵਧਾਉਣ ਲਈ ਆਪਣੀ ਭੂਗੋਲਿਕ ਸਥਿਤੀ ਤੋਂ ਲਾਭ ਚੁੱਕਣ ਲਈ ਅਤੇ ਸਮਾਜਿਕ-ਆਰਥਿਕ ਵਿਕਾਸ, ਗਰੀਬੀ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਭਲਾਈ ਲਈ ਆਪਣੀਆਂ ਅਸਲ ਆਰਥਿਕ ਸੰਭਾਵਨਾਵਾਂ ਨੂੰ ਸਮਝਣ ਲਈ ਯਤਨ ਕਰਨ ਦਾ ਫ਼ੈਸਲਾ ਕੀਤਾ ਹੈ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।ਦੋਵਾਂ ਆਗੂਆਂ ਨੇ ਦੁਵੱਲੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।ਇੰਨ੍ਹਾਂ ਮੁੱਦਿਆਂ ‘ਚ ਅਫ਼ਗਾਨਿਸਤਾਨ ਅਤੇ ਖੇਤਰ ‘ਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨਾਲ ਸੰਬਧਿਤ ਮਸਲਿਆਂ ਨੂੰ ਸ਼ਾਮਿਲ ਕੀਤਾ ਗਿਆ।
ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਵਿਚਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਫ਼ਗਾਨਿਸਤਾਨ ਤੇ ਦੱਖਣੀ ਏਸ਼ੀਆਈ ਨਿਜ਼ਾਮ ‘ਚ ਸ਼ਾਂਤੀ ਨੂੰ ਮੁੜ ਬਹਾਲ ਕਰਨ ਦੇ ਯਤਨਾਂ ਦੀ ਵਕਾਲਤ ਕੀਤੀ।ਇਸਲਾਮਾਬਾਦ ਅਤੇ ਕਾਬੁਲ ਦਰਮਿਆਨ ਪਿਛਲੇ ਕਈ ਸਾਲਾਂ ਤੋਂ ਸ਼ੱਕ ਦੀ ਇੱਕ ਦੀਵਾਰ ਖੜ੍ਹੀ ਹੈ।ਦੋਵਾਂ ਮੁਲਕਾਂ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹ ਮੁੱਹਈਆ ਕਰਵਾਉਣ ਦੇ ਇਲਜ਼ਾਮਾਂ ਦੇ ਚੱਲਦਿਆਂ ਬੇਯਕੀਨੀ ਦੀ ਸਥਿਤੀ ਬਣੀ ਹੋਈ ਹੈ।

ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੁਰੱਖਿਆ ਦੀ ਖ਼ਾਤਿਰ ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਖੇਤਰੀ ਖੁਸ਼ਹਾਲੀ ਨੂੰ ਕਾਇਮ ਰੱਖਣ ਲਈ ਸ਼ਾਂਤੀ, ਸਥਿਰਤਾ ਅਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

ਵੇਖਿਆ ਜਾਵੇ ਤਾਂ ਸ਼ਾਂਤੀ ਸਥਾਪਿਤ ਕਰਨ ਲਈ ਪਾਕਿਸਤਾਨ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ।ਕਾਬੁਲ ਨੂੰ ਪਾਕਿਸਤਾਨ ਦੀ ਅੰਤਰ ਸੇਵਾ ਖੁਫ਼ੀਆ, ਆਈ.ਐਸ.ਆਈ. ਅਤੇ ਹੱਕਾਨੀ ਗੁੱਟ ਵੱਲੋਂ ਲਗਾਤਾਰ ਧਮਕੀ ਮਿਲ ਰਹੀ ਹੈ।ਦੱਸਣਯੋਗ ਹੈ ਕਿ ਹੱਕਾਨੀ ਸਮੂਹ ਪਾਕਿਸਤਾਨ ਦੀ ਸਰਪ੍ਰਸਤੀ ‘ਚ ਵੱਧ ਫੁਲ ਰਿਹਾ ਹੈ।ਅਫ਼ਗਾਨਿਸਤਾਨ ‘ਚ ਅਜਿਹੇ ਕਈ ਅੱਤਵਾਦੀ ਹਮਲੇ ਹੋਏ ਹਨ, ਜਿੰਨਾਂ ਨੂੰ ਪਾਕਿ ਅਧਾਰਿਤ ਜਾਂ ਪਾਕਿ ਹਿਮਾਇਤ ਪ੍ਰਾਪਤ ਅੱਤਵਾਦੀ ਸਮੂਹਾਂ ਵੱਲੋਂ ਆਯੋਜਿਤ ਕੀਤਾ ਗਿਆ ਸੀ।ਇੰਨ੍ਹਾਂ ਹਮਲਿਆਂ ਦਾ ਪ੍ਰਮੁੱਖ ਉਦੇਸ਼ ਸ਼ਾਂਤੀ ਭੰਗ ਕਰਨਾ ਅਤੇ ਹਿੰਸਾ ਨੂੰ ਫੈਲਾਉਣਾ ਸੀ।

ਭਾਰਤ ਅਫ਼ਗਾਨੀ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਤਿਆਰ ਰਿਹਾ ਹੈ।ਭਾਰਤ ਨੇ 2 ਬਿਲੀਅਨ ਡਾਲਰ ਤੋਂ ਵੀ ਵੱਧ ਲਾਗਤ ਦੇ ਵਿਕਾਸ ਪ੍ਰਾਜੈਕਟਾਂ ‘ਚ ਮਦਦ ਦੀ ਵਚਨਬੱਧਤਾ ਦਿੱਤੀ ਹੈ।ਭਾਰਤ ਨੇ ਅਫ਼ਗਾਨਿਸਤਾਨ ‘ਚ ਹਸਪਤਾਲ, ਸਕੂਲ, ਸਿਖਲਾਈ ਕੇਂਦਰ, ਰਾਜਮਾਰਗ ਅਤੇ ਡੈਮਾਂ ਦਾ ਨਿਰਮਾਣ ਕੀਤਾ ਹੈ।ਇੰਨ੍ਹਾਂ ਪ੍ਰਾਜੈਕਟਾਂ ਦੇ ਨਿਰਮਾਣ ਦੌਰਾਨ ਕਈ ਭਾਰਤੀ ਕਾਮਿਆਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ।ਇਸ ਤੋਂ ਇਲਾਵਾ ਭਾਰਤ ਵੱਲੋਂ ਅਫ਼ਗਾਨੀ ਵਿਿਦਆਰਥੀਆਂ , ਜੋ ਕਿ ਭਾਰਤੀ ਯੂਨੀਵਰਸਿਟੀਆਂ ‘ਚ ਪੜ੍ਹਦੇ ਹਨ, ਉਨ੍ਹਾਂ ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਹਨ।

ਭਾਰਤ ਦਾ ਪੱਕੇ ਤੌਰ ‘ਤੇ ਮੰਨਣਾ ਹੈ ਕਿ ਜੰਗੀ ਮੁਲਕ ‘ਚ ਪ੍ਰੋਕਸੀਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਇਸ ਖੇਤਰ ‘ਚ ਸ਼ਾਂਤੀ ਮੁੜ ਬਹਾਲ ਕੀਤੀ ਜਾ ਸਕੇ।2001 ‘ਚ ਤਾਲੀਬਾਨ ਦੇ ਪਤਨ ਤੋਂ ਬਾਅਦ ਅਫ਼ਗਾਨਿਸਤਾਨ ‘ਚ ਲੋਕਤੰਤਰ ਦਾ ਅਧਾਰ ਬਹੁਤ ਕੰਮਜ਼ੋਰ ਹੋ ਗਿਆ ਸੀ। ਇਸ ਲਈ ਅਫ਼ਗਾਨਿਸਤਾਨ ਦੇ ਗੁਆਂਢੀ ਮੁਲਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਜੰਗ ਪ੍ਰਭਾਵਿਤ ਮੁਲਕ ‘ਚ ਮਜ਼ਬੂਤ ਲੋਕਤੰਤਰ ਨੂੰ ਕਾਇਮ ਕਰਨ ‘ਚ ਮਦਦ ਕਰਨ।

ਇਸ ਦੀ ਬਜਾਏ ਕਿ ਪਾਕਿ ਹਿਮਾਇਤ ਪ੍ਰਾਪਤ ਤਾਕਤਾਂ ਸਮਾਂ ਪਾਉਂਦਿਆਂ ਹੀ ਮੁੜ ਅਫ਼ਗਾਨਿਸਤਾਨ ‘ਚ ਹਿੰਸਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਤਾਂ ਜੋ ਲੀਹੇ ਆ ਰਹੀ ਲੋਕਤੰਤਰ ਦੀ ਗੱਡੀ ਨੂੰ ਮੁੜ ਪੱਟੜੀ ਤੋਂ ਹੇਠਾਂ ਉਤਾਰਿਆ ਜਾ ਸਕੇ।ਕਾਬੁਲ ਸਰਕਾਰ ਵੀ ਆਪਣੀ ਹਦੂਦ ਅੰਦਰ ਅੱਤਵਾਦੀ ਤੱਤਾਂ ਨਾਲ ਨਜਿੱਠਣ ‘ਚ ਪੂਰੀ ਤਰ੍ਹਾਂ ਨਾਲ ਸਮਰੱਥ ਨਹੀਂ ਹੈ।ਹਾਲ ‘ਚ ਹੀ ਪਾਕਸਤਾਨ ਦੀ ਵਿਚੋਲਗੀ ਨਾਲ ਤਾਲੀਬਾਨ ਅਤੇ ਅਮਰੀਕਾ ਵਿਚਾਲੇ ਹੋਈਆਂ ਵਾਰਤਾਵਾਂ ਇਸ ਮਸਲੇ ਨੂੰ ਹੋਰ ਵਿਗਾੜ ਸਕਦੀਆਂ ਹਨ।
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਆਪਸੀ ਹਿੱਤਾਂ ਦੇ ਸਾਰੇ ਮੁੱਦਿਆਂ ‘ਤੇ ਵਿਆਪਕ ਗੱਲਬਾਤ ਲਈ ਰਾਸ਼ਟਰਪਤੀ ਗਨੀ ਨੂੰ ਦਿੱਤੇ ਆਪਣੇ ਸੱਦੇ ਨੂੰ ਦੁਹਰਾਇਆ। ਜਨਾਬ ਖ਼ਾਨ ਅਤੇ ਰਾਸ਼ਟਰਪਤੀ ਗਨੀ ਦਰਮਿਆਨ ਹੋਈ ਤਾਜ਼ਾ ਗੱਲਬਾਤ ਅਫ਼ਗਾਨਿਸਤਾਨ ‘ਚ ਹੋਏ ਅੱਤਵਾਦੀ ਹਮਲੇ ਤੋਂ ਚਾਰ ਦਿਨ ਬਾਅਦ ਹੋਈ ਹੈ। ਇਸ ਹਮਲੇ ‘ਚ ਤਿੰਨ ਪਾਕਿਸਤਾਨੀ ਫੌਜੀ ਜਵਾਨਾਂ ਦੀ ਵੀ ਜਾਨ ਗਈ ਹੈ। ਦੱਸਣਯੋਗ ਹੈ ਕਿ ਇਹ ਜਵਾਨ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਵਾੜ ਬਣਾ ਰਹੇ ਸਨ ਜਿਸ ਸਮੇਂ ਇਹ ਹਮਲਾ ਹੋਇਆ।

ਧਿਆਨ ਦੇਣ ਵਾਲੀ ਗੱਲ ਹੈ ਕਿ ਪਾਕਿ ਅਤੇ ਅਫ਼ਗਾਨ ਬਲਾਂ ਦਰਮਿਆਨ ਝੜਪਾਂ ਲਗਾਤਾਰ ਜਾਰੀ ਹਨ।ਇਸ ਮਹੀਨੇ ਦੇ ਸ਼ੁਰੂ ‘ਚ ਅਫ਼ਗਾਨਿਸਤਾਨ ‘ਚ ਬੇਸ ਤੋਂ ਸੈਨਿਕਾਂ ਦੇ ਇੱਕ ਸਮੂਹ ਵੱਲੋਂ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਅਲਵਾੜਾ ਖੇਤਰ ‘ਚ ਪਾਕਿਸਤਾਨੀ ਫੌਜੀ ਜਵਾਨਾਂ ‘ਤੇ ਹਮਲਾ ਕੀਤਾ ਗਿਆ , ਜਿਸ ‘ਚ 7 ਪਾਕਿ ਜਵਾਨ ਜ਼ਖਮੀ ਹੋ ਗਏ ਸਨ।

ਇਸ ਦੌਰਾਨ ਅਮਰੀਕਾ ਅਤੇ ਤਾਲਿਬਾਨ ਨੇ ਦੋਹਾ-ਕਤਰ ਵਿਖੇ ਇੱਕ ਨਵੇਂ ਦੌਰ ਦੀ ਗੱਲਬਾਤ ਦਾ ਆਯੋਜਨ ਕੀਤਾ ਤਾਂ ਜੋ ਅਫ਼ਗਾਨਿਸਤਾਨ ‘ਚ ਸ਼ਾਂਤੀ ਸਥਾਪਿਤ ਕਰਨ ਦੇ ਯਤਨਾਂ ਨੂੰ ਅੱਗੇ ਵਧਾਇਆ ਜਾ ਸਕੇ।
ਇਸ ਵਾਰਤਾ ਦੌਰਾਨ ਤਾਲਿਬਾਨੀ ਆਗੂ ਨਾਲ ਅਮਰੀਕਾ ਦੇ ਵਿਸ਼ੇਸ਼ ਸਫੀਰ ਜ਼ਲਮੇਅ ਖਲੀਲਜ਼ਦ ਨੇ ਅਮਰੀਕੀ ਪੱਖ ਦੀ ਅਗਵਾਈ ਕੀਤੀ ।ਤਾਲਿਬਾਨੀ ਸੂਤਰਾਂ ਨੇ ਕਿਹਾ ਹੈ ਕਿ ਇਸ ਚਰਚਾ ਦੌਰਾਨ ਦੋਵਾਂ ਧਿਰਾਂ ਵਿਚਾਲੇ ਮਾਰਚ ਮਹੀਨੇ ਹੋਈ ਪਿਛਲੀ ਬੈਠਕ ਦੌਰਾਨ ਹੋਏ ਸਮਝੌਤਿਆਂ ਨੂੰ ਸਿਰੇ ਚਾੜ੍ਹਣ ਲਈ ਬਾਕੀ ਰਹਿੰਦੇ ਵੇਰਵਿਆਂ ਨੂੰ ਮੁਕੰਮਲ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਬਾਗ਼ੀ ਗੁੱਟ ਨੇ ਮੰਗ ਕੀਤੀ ਹੈ ਕਿ ਕਿਸੇ ਹੋਰ ਮੁੱਦੇ ‘ਤੇ ਚਰਚਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਅਮਰੀਕਾ ਦੀ ਅਗਵਾਈ ‘ਚ ਵਿਦੇਸ਼ੀ ਸੈਨਿਕ ਜੋ ਅਫ਼ਗਾਨ ‘ਚ ਤੈਨਾਤ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਿਸ ਬੁਲਾਇਆ ਜਾਵੇ।ਰਸਮੀ ਗੱਲਬਾਤ ਤੋਂ ਪਹਿਲਾਂ ਦੂਤ ਖਲੀਲਜ਼ਦ ਨੇ ਸਿਆਸੀ ਮਾਮਲਿਆਂ ਦੇ ਉਪ ਤਾਲਿਬਾਨ ਆਗੂ ਅਤੇ ਦੋਹਾ ‘ਚ ਸਮੂਹ ਦੇ ਗੈਰ ਰਸਮੀ ਦਫ਼ਤਰ ਦੇ ਮੁੱਖੀ ਮੁੱਲ੍ਹਾ ਅਬਦੁੱਲ ਗਨੀ ਨਾਲ ਮੁਲਾਕਾਤ ਕੀਤੀ।

ਭਾਰਤ ਦਾ ਨਜ਼ਰੀਆ ਹੈ ਕਿ ਤਾਲਿਬਾਨ ਇੱਕ ਅੱਤਵਾਦੀ ਸੰਗਠਨ ਹੈ ਅਤੇ ਇਸ ਸਮੂਹ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਸਿਰਫ਼ ਤਾਂ ਸਿਰਫ਼ ਅੱਤਵਾਦੀ ਸਮੂਹਾਂ ਦੇ ਕਾਨੂੰਨੀਕਰਨ ਦੀ ਅਗਵਾਈ ਕਰੇਗੀ।

 

 

ਸਕ੍ਰਿਪਟ: ਪਦਮ ਸਿੰਘ, ਆਕਾਸ਼ਵਾਣੀ, ਸਮਾਚਾਰ ਵਿਸ਼ਲੇਸ਼ਕ