ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਹੋਇਆ ਆਤਮਘਾਤੀ ਹਮਲਾ

ਪਾਕਿਸਤਾਨ ‘ਚ ਲਾਹੌਰ ਵਿਖੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਸੂਫ਼ੀ ਅਸਥਾਨ ਦਾਤਾ ਦਰਬਾਰ ਦੇ ਬਾਹਰ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ।ਇਹ ਹਮਲਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੂਜੇ ਦਿਨ ਹੋਇਆ।ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਤੋਂ ਵੱਧ ਲੋਕ ਜ਼ਖਮੀ ਹਨ। ਇਸ ਆਤਮਘਾਤੀ ਹਮਲੇ ਨੇ ਇੱਕ ਵਾਰ ਫਿਰ ਸਿੱਧ ਕੀਤਾ ਹੈ ਕਿ ਪਾਕਿਸਤਾਨ ਅਜੇ ਵੀ ਅੱਤਵਾਦੀ ਸਮੂਹਾਂ ਨੂੰ ਆਪਣੇ ਨਿਜ਼ਾਮ ‘ਚ ਪਨਾਹ ਦੇ ਰਿਹਾ ਹੈ ਅਤੇ ਦਹਿਸ਼ਤਗਰਦ ਬਿਨ੍ਹਾਂ ਕਿਸੇ ਰੋਕ-ਟੋਕ ਖੁੱਲ੍ਹੇ ਤੌਰ ‘ਤੇ ਘੁੰਮ ਰਹੇ ਹਨ।

ਇਹ ਤਾਜ਼ਾ ਆਤਮਘਾਤੀ ਹਮਲਾ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਰਮਜ਼ਾਨ ਦੇ ਮਹੀਨੇ ਕਾਰਨ ਮਸਜਿਦ , ਦਰਗਾਹਾਂ ‘ਤੇ ਆਕਿਦੱਤਮੰਦਾਂ (ਸ਼ਰਧਾਲੂਆਂ) ਦੀ ਆਮਦ ਵੱਧ ਜਾਂਦੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਦਾਤਾ ਦਰਬਾਰ ਵਿਖੇ ਵੀ ਆਕਿਦੱਤਮੰਦਾਂ ਦੀ ਸੁਰੱਖਿਆ ਲਈ ਖਾਸ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਸੀ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ‘ਚ ਦਹਿਸ਼ਤਗਰਦਾਂ ਵੱਲੋਂ ਸੂਫ਼ੀ ਅਸਥਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੋਵੇ।ਸੇਹਵਾਨ ‘ਚ ਲਾਲ ਸ਼ਾਹਬਾਜ਼ ਕਲੰਦਰ, ਪਕਪਟਨ ‘ਚ ਬਾਬਾ ਫਰੀਦ ਅਤੇ ਕਰਾਚੀ ‘ਚ ਅਬਦੱੁਲ੍ਹਾ ਸ਼ਾਹ ਗਾਜ਼ੀ ਵਰਗੇ ਕਈ ਧਾਰਮਿਕ ਸਥਾਨਾਂ ਨੇ ਵੀ ਅੱਤਵਾਦੀ ਹਮਲਿਆਂ ਦਾ ਤਾਪ ਝੱਲਿਆ ਹੈ।ਇੰਨ੍ਹਾਂ ਸੂਫ਼ੀ ਅਸਥਾਨਾਂ ਦੀ ਜੋ ਸੋਚ, ਸਿਧਾਂਤ ਹਨ, ਉਸ ਦੇ ਆਧਾਰ ‘ਤੇ ਇਹ ਅਸਾਨੀ ਨਾਲ ਦਹਿਸ਼ਤਗਰਦ ਸਮੂਹਾਂ ਦੀ ਅੱਖੀ ਚੜ੍ਹਦੇ ਹਨ, ਕਿਉਂਕਿ ਅੱਤਵਾਦੀ ਸਮੂਹ ਸੂਫ਼ੀ ਮਤ ਦੇ ਪੈਰੋਕਾਰਾਂ ਨੂੰ ਕਾਫ਼ਰ ਸਮਝਦੇ ਹਨ।

ਪਾਕਿਸਤਾਨ ‘ਚ ਪਨਪ ਰਹੇ ਅੱਤਵਾਦੀ ਗੁੱਟਾਂ ਮਿਸਾਲਨ ਪਾਕਿਸਤਾਨ ਤਾਲਿਬਾਨ , ਲਸ਼ਕਰ-ਏ-ਝਾਂਗਵੀ ਅਤੇ ਹਿਜ਼ਬੁੱਲ ਅਹਿਰਰ (ਜਿਸ ਨੂੰ ਕਿ ਸਥਾਨਕ ਤਾਲਿਬਾਨ ਦਾ ਇੱਕ ਵੱਖਰਾ ਗੁੱਟ ਕਿਹਾ ਜਾਂਦਾ ਹੈ ) ਨੇ ਦਾਤਾ ਦਰਬਾਰ ‘ਚ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਦਾ ਐਲਾਨ ਕੀਤਾ ਹੈ।ਇੰਨ੍ਹਾਂ ਅੱਤਵਾਦੀ ਸਮੂਹਾਂ ਨੇ ਸੂਫ਼ੀ ਮਤ ਨੂੰ ਮੰਨਣ ਵਾਲਿਆਂ ਨੂੰ ਜਿੱਥੇ ਕਾਫ਼ਰ ਕਿਹਾ ਹੈ ਉੱਥੇ ਹੀ ਇਹ ਸੂਫ਼ੀ ਧਰਮ ਦੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਸੂਫ਼ੀ ਦਰਗਾਹਾਂ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।

ਦਾਤਾ ਦਰਬਾਰ ਜੋ ਕਿ ਦੱਖਣੀ ਏਸ਼ੀਆਂ ਦਾ ਸਭ ਤੋਂ ਵੱਡਾ ਸੂਫ਼ੀ ਅਸਥਾਨ ਹੈ । ਇਸ ਦਾ ਸਾਲਾਨਾ ਉਰਸ (ਜਸ਼ਨ) ਸਾਲ ਦੇ ਅੰਤ ‘ਚ ਤਿੰਨ ਦਿਨਾਂ ਤੱਕ ਜਾਰੀ ਰਹਿੰਦਾ ਹੈ।ਇਸ ਦੌਰਾਨ ਪਾਕਿਸਤਾਨ ਦੇ ਸਾਰੇ ਹਿੱਸਿਆਂ ਤੋਂ ਸ਼ੀਆ ਅਤੇ ਸੁੰਨੀ ਆਕਿਦੱਤਮੰਦ ਦਰਗਾਹ ‘ਚ ਇਸ ਜਸ਼ਨ ਦਾ ਹਿੱਸਾ ਬਣਦੇ ਹਨ।ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਦਾਤਾ ਦਰਬਾਰ ਦੀ ਪ੍ਰਸਿੱਧੀ ਅਤੇ ਪੈਰੋਕਾਰਾਂ ਦੀ ਵੱਡੀ ਤਾਦਾਦ ਦੇ ਚੱਲਦਿਆਂ ਇੱਥੇ ਵੱਡੀ ਮਾਤਰਾ ‘ਚ ਲੋਕ ਇੱਕਠੇ ਹੁੰਦੇ ਹਨ। ਇੱਥੋਂ ਤੱਕ ਕਿ ਸਿਆਸਤਦਾਨਾਂ ਵੱਲੋਂ ਵੀ ਇਸ ਦਰਗਾਹ ਦੀ ਯਾਤਰਾ ਕੀਤੀ ਜਾਂਦੀ ਹੈ।ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਜਨਾਬ ਨਵਾਜ ਸ਼ਰੀਫ ਜੋ ਕਿ ਹਫ਼ਤੇ ਭਰ ਲਈ ਜ਼ਮਾਨਤ ‘ਤੇ ਬਾਹਰ ਆਏ ਹਨ ਉਨ੍ਹਾਂ ਵੱਲੋਂ ਵੀ ਇਸ ਆਤਮਘਾਤੀ ਹਮਲੇ ਤੋਂ ਦੋ ਦਿਨ ਪਹਿਲਾਂ ਹੀ ਦਾਤਾ ਦਰਬਾਰ ਦਾ ਦੌਰਾ ਕੀਤਾ ਗਿਆ ਸੀ। ਪਾਕਿਸਤਾਨ ਦੇ ਬਹੁਤ ਸਾਰੇ ਵਿਸ਼ਲੇਸ਼ਕ ਜਨਾਬ ਸ਼ਰੀਫ ਦੇ ਇਸ ਦੌਰੇ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੀ ਵਾਪਸੀ ਦੇ ਸੰਕੇਤ ਵੱਜੋਂ ਉਜਾਗਰ ਕਰ ਰਹੇ ਹਨ।ਇਸ ਦੇ ਨਾਲ ਹੀ ਪਾਰਟੀ ਦੀ ਬਰਕਰਾਰ ਮਜ਼ਬੂਤੀ ਨੂੰ ਵੀ ਪੇਸ਼ ਕੀਤਾ ਗਿਆ ਹੈ ਜੋ ਕਿ ਕੁੱਝ ਸਮੇਂ ਤੋਂ ਫਿੱਕੀ ਜਾਪ ਰਹੀ ਸੀ।ਅਜਿਹੀ ਸਥਿਤੀ ‘ਚ ਦਰਗਾਹ ਦੀ ਸੁਰੱਖਿਆ ਰਾਜ ਲਈ ਅਤਿ ਜ਼ਰੂਰੀ ਮੁੱਦਾ ਬਣ ਗਈ ਹੈ।ਸੁਰੱਖਿਆ ਮੁਲਾਜ਼ਮਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਾਜ ਦੇ ਸਨਮਾਨਿਤ ਪ੍ਰਤੀਕ ਵੱਜੋਂ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਹ ਮੁੱਖ ਨਿਸ਼ਾਨਾ ਬਣ ਗਏ ਹਨ।

ਮਸ਼ਹੂਰ ਸੂਫ਼ੀ ਅਸਥਾਨ ਦੀ ਸੁਰੱਖਿਆ ‘ਚ ਲੱਗੀ ਵਿਸ਼ੇਸ਼ ਸੁਰੱਖਿਆ ਫੋਰਸ ਨੂੰ ਨਿਸ਼ਾਨੇ ‘ਤੇ ਲੈਣਾ ਬਹੁਤ ਮਹੱਤਵਪੂਰਨ ਹੈ।ਆਤਮਘਾਤੀ ਬੰਬ ਹਮਲਿਆਂ ਨੇ ਇਸਲਾਮਾਬਾਦ ਨੂੰ ਸੰਕੇਤ ਦਿੱਤਾ ਹੈ ਕਿ ਰਾਜ ‘ਚ ਅੱਜ ਵੀ ਦਹਿਸ਼ਤਗਰਦ ਖੁੱਲਾ ਸਾਹ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਸੂਫ਼ੀ ਅਸਥਾਨਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈਣਾ ਜਾਰੀ ਰਹੇਗਾ।ਇਸ ਤੋਂ ਇਲਾਵਾ ਦਾਤਾ ਦਰਬਾਰ ਸੂਫ਼ੀ ਅਸਥਾਨ ਸੰਗੀਤ ਅਤੇ ਨਾਚ ਦੇ ਰੰਗਾਰੰਗ ਉਤਸਵ ਦੀ ਮੇਜ਼ਬਾਨੀ ਵੀ ਕਰਦਾ ਹੈ, ਜਿਸ ‘ਚ ਅਕਿਦੱਤਮੰਦ ਸੰਗੀਤ ਤੋਂ ਪ੍ਰਭਾਵਿਤ ਹੋ ਉਸ ਦੀ ਧੁੰਨ ‘ਚ ਲੀਨ ਹੋ ਜਾਂਦੇ ਹਨ।ਪਰ ਕੱਟੜਪੰਥੀ ਗੁੱਟਾਂ ਵੱਲੋਂ ਇਸ ਨੂੰ ਗ਼ੈਰ ਮੁਸਲਿਮ ਕਰਾਰ ਦਿੱਤਾ ਜਾਂਦਾ ਹੈ।

ਜ਼ਿਕਰੇਖਾਸ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਦਾਤਾ ਦਰਬਾਰ ‘ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਹੋਵੇ।2010 ‘ਚ ਇਸ ਸੂਫ਼ੀ ਅਸਥਾਨ ‘ਤੇ ਦੋ ਆਤਮਘਾਤੀ ਹਮਲੇ ਹੋਏ ਸਨ , ਜਿਸ ‘ਚੋਂ ਇੱਕ ਬਹੁਤ ਹੀ ਘਾਤਕ ਰਿਹਾ ਸੀ। ਇਸ ‘ਚ 50 ਅਕਿਦੱਤਮੰਦਾਂ ਦੀ ਮੌਤ ਹੋ ਗਈ ਸੀ ਅਤੇ 200 ਜ਼ਖਮੀ ਹੋ ਗਏ ਸਨ।

ਅੱਤਵਾਦੀ ਸਮੂਹਾਂ ਵੱਲੋਂ ਪਾਕਿਸਤਾਨ ਦੇ ਨੌਜਵਾਨਾਂ ਦੇ ਦਿਮਾਗ ਨਾਲ ਖੇਡ ਕੇ ਉਨ੍ਹਾਂ ਨੂੰ ਆਪਣੇ ਹਥਿਆਰ ਵੱਜੋਂ ਇਸਤੇਮਾਲ ਕਰਨ ਦਾ ਮੁੱਦਾ ਪਾਕਿਸਤਾਨ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।ਸੂਬਾਈ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ 15 ਸਾਲਾ ਨੌਜਵਾਨ ਸੀ।ਇਸ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਕੱਟੜਪੰਥੀ ਸਮੂਹ ਪੂਰੀ ਤਰ੍ਹਾਂ ਨਾਲ ਰਾਜ ‘ਚ ਸਰਗਰਮ ਹਨ ਅਤੇ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਰਣਨੀਤੀ ਦੇ ਦਾਅਵਿਆਂ ‘ਤੇ ਸਵਾਲਿਆ ਨਿਸ਼ਾਨ ਲਗਾ ਰਹੇ ਹਨ। ਦਰਅਸਲ ਪਾਕਿ ਅੱਤਵਾਦ ਵਿਰੁੱਧ ਰਣਨੀਤੀ ਤਹਿਤ ਦਾਅਵਾ ਕੀਤਾ ਗਿਆ ਸੀ ਕਿ ਹਿਜ਼ਬੁੱਲ ਅਹਿਰਰ ਸਮੂਹ ਨੂੰ ਜੜੋਂ ਖ਼ਤਮ ਕਰ ਦਿੱਤਾ ਗਿਆ ਹੈ।

ਇਹ ਗੱਲ ਵੀ ਧਿਆਨ ‘ਚ ਰੱਖਣੀ ਚਾਹੀਦੀ ਹੈ ਕਿ ਪਿਛਲੇ ਦੋ ਸਾਲਾਂ ‘ਚ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਸੀ।ਇਸ ਲਈ ਦਾਤਾ ਦਰਬਾਰ ‘ਤੇ ਹੋਏ ਇਸ ਅੱਤਵਾਦੀ ਹਮਲੇ ਰਾਹੀਂ ਦਹਿਸ਼ਗਰਦ ਸਮੂਹਾਂ ਨੇ ਇਮਰਾਨ ਖ਼ਾਨ ਸਰਕਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਖ਼ਤਮ ਨਹੀਂ ਹੋਏ ਹਨ ਅਤੇ ਉਨ੍ਹਾਂ ਨੇ ਮੁੜ ਵਾਪਸੀ ਕਰ ਲਈ ਹੈ।

ਮਸੂਦ ਅਜ਼ਹਰ ਨੂੰ ਜਿਸ ਸਮੇਂ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਹੈ ਅਤੇ ਨਾਲ ਹੀ ਪਾਕਿ ਵੱਲੋਂ ਵਿੱਤੀ ਕਾਰਜ ਟਾਸਕ ਫੋਰਸ ਦੀ ਕਾਲੀ ਸੂਚੀ ਤੋਂ ਬਚਣ ਲਈ ਅੱਤਵਾਦ ਸਬੰਧੀ ਸਾਰੇ ਸੰਗਠਨਾਂ ਨੂੰ ਬੰਦ ਕਰ ਦਿੱਤਾ ਹੈ, ਉਸ ਸਮੇਂ ਹੀ ਸੂਫ਼ੀ ਅਸਥਾਨ ‘ਤੇ ਇਸ ਅੱਤਵਾਦੀ ਹਮਲੇ ਨੇ ਇਸਲਾਮਾਬਾਦ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਆਪਣੇ ਹੁਕਮਾਂ ਜਾਂ ਕਾਰਜਾਂ ਨੂੰ ਸੋਚ ਵਿਚਾਰ ਕੇ ਜਾਰੀ ਕਰੇ।
ਸਕ੍ਰਿਪਟ: ਡਾ.ਜ਼ੈਨਾਬ ਅਖ਼ਤਰ, ਪਾਕਿਸਤਾਨ ਮਾਮਲਿਆਂ ਦੇ ਵਿਸ਼ਲੇਸ਼ਕ