ਭਾਰਤ ਤੁਰਕੀ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ

ਭਾਰਤ ਅਤੇ ਤੁਰਕੀ ਵਿਚਾਲੇ ਭਾਵੇਂ ਜ਼ਿਆਦਾ ਰੁਝਾਨ ਨਹੀਂ ਵੇਖੇ ਗਏ ਹਨ ਪਰ ਹਾਲ ‘ਚ ਹੀ ਦੋਵਾਂ ਮੁਲਕਾਂ ਦਰਮਿਆਨ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਉੱਚ ਪੱਧਰੀ ਬੈਠਕਾਂ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਨਿਸ਼ਚਿਤ ਤਰੱਕੀ ਦਾ ਸੰਕੇਤ ਹੈ।ਤੁਰਕੀ ਆਪਣੇ ਉਭਰ ਰਹੇ ਸਹਿਯੋਗੀ ਮੁਲਕ ਭਾਰਤ ਅਤੇ ਰਵਾਇਤੀ ਮਿੱਤਰ ਮੁਲਕ ਪਾਕਿਸਤਾਨ ਨਾਲ ਆਪਣੇ ਸਬੰਧਾਂ ‘ਚ ਸੰਤੁਲਨ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।ਅੰਕਾਰਾ ਨੇ ਆਪਣੇ ਰਾਸ਼ਟਰਪਤੀ ਸਲਾਹਕਾਰ ਡਾ.ਇਬਰਾਹਿਮ ਕਾਲਿਨ ਨੂੰ ਨਵੀਂ ਦਿੱਲੀ ਦੀ ਫੇਰੀ ‘ਤੇ ਭੇਜਿਆ।ਦੌਰੇ ‘ਤੇ ਆਏ ਡਾ. ਕਾਲਿਨ ਨੇ ਦੋਵਾਂ ਮੁਲਕਾਂ ਦਰਮਿਆਨ ਆਰਥਿਕ ਹਿੱਸੇਦਾਰੀ ਨੂੰ ਹੁਲਾਰਾ ਦੇਣ ਸਬੰਧੀ ਯਤਨਾਂ ਦੀ ਚਰਚਾ ਕਰਨ ਤੋਂ ਇਲਾਵਾ ਅੱਤਵਾਦ ਵਿਰੋਧੀ ਕਾਰਵਾਈ ‘ਚ ਸਹਿਯੋਗ ਦੀ ਗੱਲ ਵੀ ਕੀਤੀ।

ਭਾਰਤ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਦਾ ਸ਼ਿਕਾਰ ਹੋ ਰਿਹਾ ਹੈ ਨੇ ਇਸ ਆਲਮੀ ਬੁਰਾਈ ਦੇ ਖ਼ਾਤਮੇ ਲਈ ਤੁਰਕੀ ਦੀ ਸਾਂਝੇਦਾਰੀ ਦੀ ਇੱਛਾ ਪ੍ਰਗਟ ਕੀਤੀ ਹੈ।ਡਾ. ਇਬਰਾਹਿਮ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਅਤੇ ਸ੍ਰੀਲੰਕਾ ‘ਚ ਹਾਲ ‘ਚ ਹੀ ਹੋਏ ਅੱਤਵਾਦੀ ਹਮਲੇ ਦਾ ਮਸਲਾ ਵੀ ਇਸ ਚਰਚਾ ਦਾ ਮੁੱਖ ਵਿਸ਼ਾ ਰਿਹਾ।

ਦੋਵਾਂ ਧਿਰਾਂ ਨੇ ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਨਾਲ ਸੰਬੰਧਿਤ ਮੁੱਦਿਆਂ ਸਮੇਤ ਆਲਮੀ ਅਤੇ ਖੇਤਰੀ ਮਸਲਿਆਂ ਨੂੰ ਵੀ ਵਿਚਾਰਿਆ।ਇਸ ਦੇ ਇਲਾਵਾ ਦੋਵਾਂ ਮੁਲਕਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਰੇ ਦੇਸ਼ਾਂ ਦੀ ਭਾਈਵਾਲੀ ਦੀ ਲੋੜ ਨੂੰ ਉਜਾਗਰ ਕੀਤਾ ਅਤੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਿਆਂ ਦੇ ਘੇਰੇ ਹੇਠ ਲਿਆਉੁਣ ਲਈ ਇੱਕ-ਦੂਜੇ ਦੀ ਮਦਦ ਕਰਨ ਦੇ ਮਹੱਤਵ ਨੂੰ ਪੇਸ਼ ਕੀਤਾ।ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਸਭਿਅਤਾ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ।

ਡਾ.ਇਬਰਾਹਿਮ ਦੇ ਇਸ ਦੌਰੇ ਦਾ ਮੁੱਖ ਤੱਤ ਸੀਨੀਅਰ ਇਸਲਾਮਿਕ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ ਉਨ੍ਹਾਂ ਦੀ ਮੁਲਾਕਾਤ ਸੀ, ਕਿਉਂਕਿ ਨਵੀਂ ਦਿੱਲ ਅਤੇ ਅੰਕਾਰਾ ਨੇ ਕੱਟੜਵਾਦ ਦੇ ਖ਼ਾਤਮੇ ਲਈ ਸਹਿਯੋਗ ਦੇਣ ਦੀ ਦਿਲਚਸਪੀ ਪ੍ਰਗਟ ਕੀਤੀ ਹੈ।ਇਸ ਮਿਲਣੀ ਦਾ ਉਦੇਸ਼ ਭਾਰਤੀ ਸੱਭਿਆਚਾਰ ਅਤੇ ਬਹੁਲਵਾਦੀ ਮੋਜ਼ੇਕ ਅਤੇ ਇਸਲਾਮੀ ਪਰੰਪਰਾ ਦੀ ਬਿਹਤਰ ਸਮਝ ਨੂੰ ਪੇਸ਼ ਕਰਨਾ ਸੀ।

ਡਾ.ਕਾਲਿਨ ਦੀ ਫੇਰੀ ਤੋਂ ਕੁੱਝ ਦਿਨ ਬਾਅਦ ਹੀ ਤੁਰਕੀ ਦੇ ਵਿਦੇਸ਼ ਮਾਮਲਿਆਂ ਬਾਰੇ ਉਪ ਮੰਤਰੀ ਸੇਦਤ ਓਨਾਲ ਵੱਲੋਂ ਤਿੰਨ ਦਿਨਾਂ ਲਈ ਭਾਰਤ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ‘ਚ ਸਕੱਤਰ (ਪੱਛਮੀ) ਗਿਤੇਸ਼ ਏ.ਸ਼ਰਮਾ ਨਾਲ ਮੁਲਾਕਾਤ ਕੀਤੀ । ਇਸ ਬੈਠਕ ਦੌਰਾਨ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਦੇ ਮੌਕਿਆਂ ਦੀ ਪੜਤਾਲ ਕਰਨ ਸਮੇਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਅੰਕਾਰਾ ਅਤੇ ਇਸਲਾਮਾਬਾਦ ਪੁਰਾਣੇ ਮਿੱਤਰ ਮੁਲਕ ਹਨ ਅਤੇ ਅੱਤਵਾਦ ਵਿਰੋਧੀ ਕਾਰਵਾਈ ‘ਚ ਭਾਰਤ ਲਈ ਤੁਰਕੀ ਦੀ ਮਦਦ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ।ਹਾਲਾਂਕਿ ਤੁਰਕੀ ਦੇ ਰਾਸ਼ਟਰਪਤੀ ਰਸੀਪ ਤਾਇਪ ਅਰਡੋਗਨ ਨੇ ਦੱਖਣੀ ਏਸ਼ੀਆ ‘ਚ ਤੁਰਕੀ ਦੀ ਪਹੁੰਚ ਦੀ ਮੰਗ ਕੀਤੀ ਹੈ।
ਰਾਸ਼ਟਰਪਤੀ ਅਰਡੋਗਨ ਨੇ 2017 ‘ਚ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਆਪਣੇ ਨਿੱਜੀ ਤਾਲਮੇਲ ਨੂੰ ਵਿਕਸਿਤ ਕਰਨ ਦੀ ਮੰਗ ਕੀਤੀ ਸੀ, ਜੋ ਕਿ ਦੋਵਾਂ ਮੁਲਕਾਂ ਵਿਚਲੇ ਪਾੜ ਨੂੰ ਦੂਰ ਕਰਨ ਦਾ ਸੰਕੇਤ ਸੀ।

ਦੋਵਾਂ ਦੇਸ਼ਾਂ ਵੱਲੋਂ ਸੈਰ ਸਪਾਟਾ, ਸਮਾਰਟ ਸ਼ਹਿਰਾਂ, ਉਸਾਰੀ, ਬੁਨਿਆਦੀ ਢਾਂਚੇ ਅਤੇ ਸੂਚਨਾ ਤਕਨਾਲੋਜੀ ਵਰਗੇ ਖਾਸ ਖੇਤਰਾਂ ‘ਚ ਨਿਵੇਸ਼ ਦੇ ਮੌਕਿਆਂ ਦੀ ਭਾਲ ਕੀਤੀ ਗਈ।ਰਾਸ਼ਟਰਪਤੀ ਅਰਡੋਗਨ ਵੱਲੋਂ 2017 ‘ਚ ਭਾਰਤ ਦੀ ਫੇਰੀ ਕੀਤੇ ਜਾਣ ਤੋਂ ਬਾਅਦ ਦੁਵੱਲੇ ਵਪਾਰ ‘ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਮੌਜੂਦਾ ਸਮੇਂ ‘ਚ 8.6 ਬਿਲੀਅਨ ਡਾਲਰ ਹੈ।2020 ਤੱਕ ਦੋਵਾਂ ਮੁਲਕਾਂ ਦਾ ਟੀਚਾ ਹੈ ਕਿ ਦੁਵੱਲੇ ਵਪਾਰ ਨੂੰ 10 ਬਿਲੀਅਨ ਡਾਲਰ ਤੱਕ ਪਹੁੰਚਿਆ ਜਾਵੇ। ਤੁਰਕੀ ਦੇ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼ ਦੀਆਂ ਵਸਤਾਂ ਭਾਰਤੀ ਬਾਜ਼ਾਰ ‘ਚ ਦਾਖਲ ਹੋਣ ਲਈ ਤਿਆਰ ਹਨ।

ਪਿਛਲੇ ਦਹਾਕੇ ‘ਚ ਭਾਰਤ ਅਤੇ ਤੁਰਕੀ ਵਪਾਰ ‘ਚ ਕਾਫ਼ੀ ਵਾਧਾ ਹੋਇਆ ਹੈ।ਭਾਰਤ ਵੱਲੋਂ ਤੁਰਕੀ ਨੂੰ ਮੱਧਮ ਤੇਲ ਅਤੇ ਇੰਧਨ, ਮਨੁੱਖ ਵੱਲੋਂ ਬਣਾਏ ਗਏ ਰੇਸ਼ੇ ਅਤੇ ਸਟੈਪਲ ਫਾਈਬਰਜ਼, ਆਟੋਮੋਟਿਵ ਸਪੇਅਰ ਪਾਰਟਸ, ਸਹਾਇਕ ਉਪਕਰਣ, ਜੈਵਿਕ ਰਸਾਇਣ ਆਦਿ ਸਮੇਤ ਹੋਰ ਕਈ ਵਸਤਾਂ ਬਰਾਮਦ ਕੀਤੀਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਤੁਰਕੀ ਵੱਲੋਂ ਭਾਰਤ ਨੂੰ ਖਸਖਸ ਬੀਜ, ਮਸ਼ੀਨਰੀ ਅਤੇ ਮਸ਼ੀਨੀ ਉਪਕਰਣ, ਲੋਹੇ ਅਤੇ ਸਟੀਲ ਦੀਆਂ ਵਸਤਾਂ, ਗ਼ੈਰ-ਜੈਵਿਕ ਰਸਾਇਣ, ਮੋਤੀ ਅਤੇ ਕੀਮਤੀ ਅਤੇ ਅਰਧ ਕੀਮਤੀ ਪੱਥਰ ਤੇ ਧਾਤ ਅਤੇ ਮਾਰਬਲ ਆਦਿ ਨਿਰਯਾਤ ਕੀਤੇ ਜਾਂਦੇ ਹਨ।

ਦੱਸਣਯੋਗ ਹੈ ਕਿ ਭਾਰਤ ਅਤੇ ਤੁਰਕੀ ਦਰਮਿਆਨ ਇਤਿਹਾਸਿਕ ਸੰਬਧ ਹਨ।ਓਟਮੈਨ ਸੁਲਤਾਨ ਅਤੇ ਉਪ-ਮਹਾਂਦੀਪ ਦੇ ਸ਼ਾਸ਼ਕਾਂ ਵਿਚਾਲੇ ਪਹਿਲਾ ਕੂਟਨੀਤਕ ਵਟਾਂਦਰਾ 1481-82 ‘ਚ ਹੋਇਆ ਸੀ।ਮੌਲਾਨਾ ਜਲਾਲੂਦੀਨ ਰੂਮੀ ਦੇ ਸੂਫ਼ੀ ਦਰਸ਼ਨ ਨੇ ਭਾਰਤੀ ਉਪ ਮਹਾਂਦੀਪ ‘ਚ ਸੂਫ਼ੀਵਾਦ ਦੀਆਂ ਆਪਣੀਆਂ ਪਰੰਪਰਾਵਾਂ ਅਤੇ ਭਗਤੀ ਅੰਦੋਲਨ ਨਾਲ ਆਪਣੀ ਹੋਂਦ ਕਾਇਮ ਕੀਤੀ।ਦੋਵਾਂ ਮੁਲਕਾਂ ਦਰਮਿਆਨ ਤਾਜ਼ਾ ਇਤਿਹਾਸਿਕ ਸਬੰਧਾਂ ਦੀ ਚਰਚਾ ਕੀਤੀ ਜਾਵੇ ਤਾਂ ਭਾਰਤ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ ਡਾ. ਐਮ.ਏ.ਅੰਸਾਰੀ ਦੀ ਅਗਵਾਈ ‘ਚ ਮੈਡੀਕਲ ਮਿਸ਼ਨ ਦੀ ਗੱਲ ਹੁੰਦੀ ਹੈ , ਜੋ ਕਿ 1912 ‘ਚ ਤੁਰਕੀ ‘ਚ ਬਲਕਾਨ ਜੰਗ ਅਤੇ ਖਿਲਾਫ਼ਤ ਅੰਦੋਲਨ , 1919-1924 ਦੌਰਾਨ ਚਲਾਇਆ ਗਿਆ ਸੀ।

ਭਾਰਤ ਨੇ 1920 ਦੇ ਦਹਾਕੇ ‘ਚ ਤੁਰਕੀ ਦੀ ਆਜ਼ਾਦੀ ਦੀ ਜੰਗ ਅਤੇ ਤੁਰਕੀ ਦੇ ਗਣਤੰਤਰ ਦੇ ਗਠਨ ‘ਚ ਵੀ ਆਪਣਾ ਸਮਰਥਨ ਦਿੱਤਾ ਸੀ।ਪਹਿਲੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਤੁਰਕੀ ਨਾਲ ਹੋਈਆਂ ਬੇਇਨਸਾਫ਼ੀਆਂ ਖ਼ਿਲਾਫ ਮਹਾਤਮਾ ਗਾਂਧੀ ਨੇ ਆਵਾਜ਼ ਬੁਲੰਦ ਕੀਤੀ ਸੀ।

ਸਕ੍ਰਿਪਟ: ਦੀਪਾਨਜਨ ਰਾਏ ਚੌਧਰੀ, ਕੂਟਨੀਤਕ ਵਾਰਤਾਕਾਰ