ਤਿੰਨ ਤਲਾਕ ਮਾਮਲੇ ‘ਤੇ ਸੁਣਵਾਈ ਮੁਕੰਮਲ; ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ 

ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵਿਚ ਤਿੰਨ ਤਲਾਕ ਮੁੱਦੇ ‘ਤੇ ਸ਼ੁਰੂ ਹੋਈ ਸੁਣਵਾਈ 6 ਦਿਨਾਂ ਬਾਅਦ ਖਤਮ ਹੋ ਗਈ ਹੈ | 11 ਮਈ ਤੋਂ ਸ਼ੁਰੂ ਹੋਈ ਇਸ ਮਾਮਲੇ ਦੀ ਸੁਣਵਾਈ ਨੂੰ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਦੀ ਪ੍ਰਧਾਨਗੀ ਵਾਲੇ 5 ਜੱਜਾਂ ਦੀ ਸੰਵਿਧਾਨਿਕ ਬੈਂਚ, ਜਿਸ ਵਿਚ ਜਸਟਿਸ ਕੁਰੀਅਨ ਜੋਸਫ, ਜਸਟਿਸ ਆਰ. ਐੱਫ. ਨਰੀਮਨ, ਜਸਟਿਸ ਯੂ. ਯੂ. ਲਲਿਤ ਅਤੇ ਜਸਟਿਸ ਐੱਸ. ਅਬਦੁੱਲ ਨਜੀਰ ਸ਼ਾਮਿਲ ਹਨ, ਨੇ  ਮੁਕੰਮਲ ਕਰਦਿਆਂ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਹੈ | ਦਰਅਸਲ ਇਹ ਮਾਮਲਾ ਭਾਰਤ ਦੀ ਦੂਜੀ ਵੱਡੀ ਆਬਾਦੀ ਮੰਨੇ ਜਾਂਦੇ ਮੁਸਲਮਾਨ ਭਾਈਚਾਰੇ ਵਿਚਲੀਆਂ ਔਰਤਾਂ ਨਾਲ ਸਬੰਧਿਤ ਹੈ | ਉਥੇ ਹੀ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਪਰਸਨਲ ਲਾਅ ਬੋਰਡ ਨੇ ਸੁਪਰੀਮ ਕੋਰਟ ਦੀ ਸਲਾਹ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਜਲਦ ਹੀ ਉਹ ਸਾਰੇ ਕਾਜੀਆਂ ਨੂੰ ਇਹ ਸਲਾਹ ਜਾਰੀ ਕਰੇਗਾ ਕਿ ਉਹ ਨਿਕਾਹਨਾਮਾ ਵਿਚ ਇਹ ਸ਼ਾਮਿਲ ਕਰਨ ਕਿ ਇਕ ਵਾਰ ਵਿਚ ਤਿੰਨ ਤਲਾਕ ਨਹੀਂ ਲੈ ਸਕਣਗੇ | ਸੁਰਰੀਮ ਕੋਰਟ ਨੇ ਪਰਸਨਲ ਲਾਅ ਬੋਰਡ ਨੂੰ ਇਕ ਹਫ਼ਤੇ ਦੇ ਅੰਦਰ ਸਹੁੰ ਪੱਤਰ ਦੇਣ ਲਈ ਕਿਹਾ |