ਇਰਾਕ ‘ਚ ਲਾਪਤਾ ਭਾਰਤੀਆਂ ਦੇ ਬਾਦੂਸ਼ ਜੇਲ ‘ਚ ਹੋਣ ਦੀ ਸੰਭਾਵਨਾ: ਵਿਦੇਸ਼ ਮੰਤਰੀ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਐਮ ਜੇ ਅਕਬਰ ਅਤੇ ਵੀ.ਕੇ. ਸਿੰਘ ਨੇ ਐਤਵਾਰ ਨੂੰ ਇਰਾਕ ਵਿਚ 39 ਭਾਰਤੀ ਜੋ ਲਾਪਤਾ ਹਨ, ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।  ਲਾਪਤਾ ਵਿਅਕਤੀਆਂ ਬਾਰੇ ਗੱਲ ਕਰਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਦੇ ਸੂਤਰਾਂ ਨੇ ਸ੍ਰੀ ਵੀ ਕੇ ਸਿੰਘ ਨੂੰ ਦੱਸਿਆ ਕਿ ਲਾਪਤਾ ਭਾਰਤੀਆਂ ਸ਼ਾਇਦ ਬਾਦੂਸ਼ ਦੀ ਜੇਲ੍ਹ ਵਿਚ ਹਨ ਜਿੱਥੇ ਲੜਾਈ ਅਜੇ ਜਾਰੀ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕੀ ਪ੍ਰਧਾਨ ਮੰਤਰੀ ਨੇ ਮੋਸੁਲ ਨੂੰ ਆਈਐਸਆਈਐਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ  ਹੈ ।
ਉਨ੍ਹਾਂ ਦੱਸਿਆ ਕਿ ਇਰਾਕ ਦੇ ਵਿਦੇਸ਼ ਮੰਤਰੀ 24 ਜੁਲਾਈ ਨੂੰ ਭਾਰਤ ਆ ਰਹੇ ਹਨ ਅਤੇ ਇਸ ਦੌਰਾਨ ਉਹ ਲਾਪਤਾ ਹੋਏ ਭਾਰਤੀਆਂ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ | ਦੱਸਣਯੋਗ ਹੈ ਕਿ ਇਰਾਕੀ ਸੈਨਾ ਵੱਲੋਂ ਮੋਸੂਲ ਨੂੰ ਆਈ. ਐਸ. ਦੇ ਅੱਤਵਾਦੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਉਪਰੰਤ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੂੰ ਲਾਪਤਾ ਭਾਰਤੀਆਂ ਦੀ ਜਾਣਕਾਰੀ ਹਾਸਲ ਕਰਨ ਲਈ ਇਰਾਕ ਭੇਜਿਆ ਗਿਆ ਸੀ ।
ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਜੂਨ, 2014 ਵਿੱਚ ਇਸਲਾਮੀ ਰਾਜ ਦੇ ਅਤਿਵਾਦੀਆਂ ਨੇ ਅਗਵਾ ਕੀਤਾ ਸੀ।