ਪਾਕਿ ਸੈਨਾ ਮੁਖੀ ਵੱਲੋਂ ਜਾਧਵ ਖਿਲਾਫ ਸਬੂਤਾਂ ਦਾ ਵਿਸ਼ਲੇਸ਼ਣ ਸ਼ੁਰੂ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ, ਜਿਸ ਨੂੰ ਪਾਕਿਸਤਾਨ ਦੀ ਇਕ ਸੈਨਿਕ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਦੀ ਰਹਿਮ ਪਟੀਸ਼ਨ ‘ਤੇ ਵਿਚਾਰ ਕਰ ਰਹੇ ਹਨ ।  ਪਾਕਿਸਤਾਨੀ ਸੈਨਾ ਨੇ ਕਿਹਾ ਕਿ ਜਨਰਲ ਬਾਜਵਾ ਨੇ ਜਾਧਵ ਦੇ ਖਿਲਾਫ ਸਬੂਤਾਂ ਦਾ ‘ਵਿਸ਼ਲੇਸ਼ਣ’ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਆਧਾਰ ‘ਤੇ ਉਹ ਜਾਧਵ ਦੀ ਰਹਿਮ ਦੀ ਅਪੀਲ ‘ਤੇ ਫੈਸਲਾ ਕਰਨਗੇ ।  ਫੌਜ ਨੇ ਕੱਲ੍ਹ ਇਸਲਾਮਾਬਾਦ ਵਿਚ ਇਹ ਗੱਲ ਕਹੀ।
ਜਾਧਵ ਨੇ ਪਿਛਲੇ ਮਹੀਨੇ 22 ਜੂਨ ਨੂੰ ਬਾਜਵਾ ਦੇ ਕੋਲ ਰਹਿਮ ਦੀ ਅਰਜ਼ੀ ਦਾਇਰ ਕੀਤੀ ਸੀ ।  ਪਾਕਿਸਤਾਨ ਦੀ ਸੈਨਿਕ ਅਦਾਲਤ ਵੱਲੋਂ ਜਾਧਵ ਦੀ ਰਹਿਮ ਦੀ ਅਪੀਲ ਖ਼ਾਰਜ ਹੋਣ ਦੇ ਬਾਅਦ ਜਾਧਵ ਨੇ ਪਾਕਿ ਸੈਨਾ ਮੁਖੀ ਦੇ ਕੋਲ ਅਰਜ਼ੀ ਦਾਖਲ ਕੀਤੀ ਹੈ ।  ਦੱਸਣਯੋਗ ਹੈ ਕਿ ਜਾਧਵ ਨੂੰ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਕਥਿਤ ਜਾਸੂਸੀ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਸੁਣਾਈ ਸੀ । ਜਿਸ ਦੇ ਖਿਲਾਫ ਭਾਰਤ ਨੇ ਹੇਗ ‘ਚ ਕੌਮਾਂਤਰੀ ਨਿਆਂ ਅਦਾਲਤ ‘ਚ ਅਪੀਲ ਕੀਤੀ ਹੈ | ਕੌਮਾਂਤਰੀ ਅਦਾਲਤ ਨੇ ਫ਼ਿਲਹਾਲ ਜਾਧਵ ਦੀ ਫਾਂਸੀ ‘ਤੇ ਰੋਕ ਲਗਾ ਰੱਖੀ ਹੈ ।