ਜੰਮੂ-ਕਸ਼ਮੀਰ: ਪੁਲਵਾਮ ਜ਼ਿਲੇ੍ਹ ‘ਚ ਮੁੱਠਭੇੜ ਦੌਰਾਨ 3 ਅੱਤਵਾਦੀ ਹਲਾਕ

ਜੰਮੂ ਅਤੇ ਕਸ਼ਮੀਰ ਵਿਚ ਕੱਲ੍ਹ ਦੁਪਹਿਰ ਪੁਲਵਾਮਾ ਜ਼ਿਲ੍ਹੇ ਵਿਚ ਤਰਾਲ ਸਬ-ਡਿਵੀਜ਼ਨ ਦੇ ਗੁਲਾਬ ਬਾਗ ਇਲਾਕੇ ਵਿਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿਚ ਤਿੰਨ ਅਣਪਛਾਤੇ ਅੱਤਵਾਦੀ ਮਾਰੇ ਗਏ ਸਨ।
ਜੰਮੂ-ਕਸ਼ਮੀਰ ਪੁਲਿਸ ਦੇ ਆਈ.ਜੀ. ਮੁਨੀਰ ਅਹਿਮਦ ਖਾਨ ਨੇ ਦੱਸਿਆ ਕਿ ਤਰਾਲ ਕਸਬੇ ਦੇ ਗੁਲਾਬ ਬਾਗ ਪਿੰਡ ‘ਚ ਜ਼ਾਕਿਰ ਮੂਸਾ ਗਰੁੱਪ ਦੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ‘ਤੇ ਫੌਜ, ਸਪੈਸ਼ਲ ਆਪ੍ਰੇਸ਼ਨ ਗਰੁੱਪ ਤੇ 182 ਬਟਾਲੀਅਨ ਸੀ.ਆਰ.ਪੀ.ਐਫ. ਨੇ ਘੇਰਾਬੰਦੀ ਕਰ ਦਿੱਤੀ ।
ਸੁਰੱਖਿਆ ਬਲਾਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਇਸ ਦਾ ਜਵਾਬ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰਕੇ ਦਿੱਤਾ ।  ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਤਿੰਨਾਂ ਅੱਤਵਾਦੀਆਂ ਨੂੰ ਮਾਰ-ਮੁਕਾਇਆ ।  ਪੁਲਿਸ ਨੇ ਬਾਗ ‘ਚੋਂ ਤਲਾਸ਼ੀ ਦੌਰਾਨ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਅੱਤਵਾਦੀਆਂ ਦੀ ਪਛਾਣ ਅਤੇ ਮਾਨਤਾ ਪ੍ਰਾਪਤ ਹੋਣ ਬਾਰੇ ਪਤਾ ਲਗਾਇਆ ਜਾ ਰਿਹਾ ਹੈ।  ਇਸ ਤੋਂ ਇਲਾਵਾ ਮੁਕਾਬਲੇ ਵਾਲੀ ਥਾਂ ਨੇੜਿਓ ਕੁਝ ਰਾਈਫਲਾਂ ਤੇ ਹੋਰ ਅਸਲ੍ਹਾ ਵੀ ਬਰਾਮਦ ਹੋਇਆ ਹੈ ।