ਕੋਰੀਆ ਪ੍ਰਾਇਦੀਪ ‘ਚ ਤਣਾਅ ਦੀ ਸਥਿਤੀ

ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਨਵੇਂ ਪੜਾਅ ‘ਚ ਦਾਖਲ ਹੋ ਰਿਹਾ ਹੈ। ਉੱਤਰੀ ਕੋਰੀਆ ਵੱਲੋਂ ਪ੍ਰਸ਼ਾਂਤ ਟਾਪੂ ‘ਤੇ ਅਮਰੀਕਾ ਦੇ ਫੌਜੀ ਬੇਸ ਗੁਆਮ ‘ਤੇ ਮਿਜ਼ਾਈਲ ਹਮਲੇ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਦੇ ਜਵਾਬ ‘ਚ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਜੇਕਰ ਉੱਤਰੀ ਕੋਰੀਆ ਅਜਿਹੀ ਕੋਈ ਵੀ ਕਾਰਵਾਈ ਕਰਦਾ ਹੈ ਤਾਂ ਉਸਨੂੰ ਵੀ ਇਸਦੇ ਭਾਰੀ ਅੰਜਾਮ ਭੁਗਤਨੇ ਪੈਣਗੇ।
ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟੀਸ ਨੇ ਉੱਤਰੀ ਕੋਰੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਇਸ ਤਰਾਂ ਦੀ ਕਾਰਵਾਈ ਕਰਨ ਬਾਰੇ ਸੋਚਣ ਦੀ ਹਿੰਮਤ ਵੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਉਸਦੀ ਫੌਜੀ ਸ਼ਕਤੀ ਦਾ ਅਮਰੀਕੀ ਫੌਜੀ ਸ਼ਕਤੀ ਨਾਲ ਕੋਈ ਮੇਲ ਨਹੀਂ ਹੈ।ਕਿਤੇ ਅਜਿਹੀ ਕਾਰਵਾਈ ਕਰਨ ਦੇ ਚੱਕਰ ‘ਚ ਉਹ ਆਪਣੇ ਸ਼ਾਸਨ ਨੂੰ ਹੀ ਖਤਮ ਨਾ ਕਰ ਬੈਠੇ।
ਅਮਰੀਕਾ ਵੱਲੋਂ ਦਿੱਤੀ ਚੇਤਾਵਨੀ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਵੱਲੋਂ ਗੁਆਮ ‘ਤੇ ਹਮਲਾ ਕਰਨ ਦੀ ਬਹੁਤ ਘੱਟ ਸੰਭਾਵਨਾ ਹੈ ਪਰ ਕਿਮ ਜੋਂਗ ਦੀ ਝਗੜਾਲੂ ਵਿਵਹਾਰ ਦੇ ਚੱਲਦਿਆਂ ਇਸ ਸੰਭਾਵਨਾ ਤੋਂ ਪੂਰੀ ਤਰਾਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ ਹੈ। ਪਿਛਲੇ ਕੁੱਝ ਸਮੇਂ ਤੋਂ ਉੱਤਰੀ ਕੋਰੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਮਾਣੂ ਤੇ ਮਿਜ਼ਾਈਲ ਪ੍ਰੀਖਣਾ ਕਰਕੇ ਕੌਮਾਂਤਰੀ ਪੱਧਰ ‘ਤੇ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਨਾਲ ਉਸਦਾ ਆਤਮਵਿਸ਼ਵਾਸ ਵੀ ਵਧਿਆ ਹੈ।
ਟਰੰਪ ਪ੍ਰਸ਼ਾਸਨ ਅਜੇ ਵੀ ਪ੍ਰੰਪਰਾਗਤ ਢੰਗ ਨਾਲ ਵੱਖ-ਵੱਖ ਪਾਬੰਦੀਆਂ ਲਗਾ ਕੇ ਉੱਤਰੀ ਕੋਰੀਆ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸਲ ‘ਚ ਅਮਰੀਕਾ ਦੀ ਅਗਵਾਈ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਕੁੱਝ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਹੈ।
 ਉੱਤਰੀ ਕੋਰੀਆ ਖਿਲਾਫ ਪਾਸ ਕੀਤੇ ਗਏ ਇਸ ਪ੍ਰਸਤਾਵ 2371 (2017) ਤਹਿਤ ਇਸਦੀ ਸਲਾਨਾ ਮਾਲੀਆ ਆਮਦਨ ‘ਚ 1 ਬਿਲੀਅਨ ਡਾਲਰ ਦੀ ਕਮੀ ਆਵੇਗੀ, ਜਿਸਦਾ ਕਿ ਪ੍ਰਯੋਗ ਪ੍ਰਮਾਣੂ ਤੇ ਮਿਜ਼ਾਈਲ ਪ੍ਰੀਖਣਾ ਲਈ ਕੀਤਾ ਜਾ ਸਕਦਾ ਹੈ। ਇਸ ਪ੍ਰਸਤਾਵ ਤਹਿਤ ਚਾਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਹਨ- ਕੋਲਾ, ਲੋਹਾ ਅਤੇ ਲੋਹੇ ਦੀ ਕਾਸਤ, ਲੈੱਡ ਅਤੇ ਸਮੁੰਦਰੀ ਭੋਜਨ ਜਿਸਦੇ ਨਿਰਯਾਤ ਨਾਲ ਉੱਤਰੀ ਕੋਰੀਆ ਨੂੰ ਮਾਲੀਆ ਪ੍ਰਾਪਤ ਹੁੰਦਾ ਸੀ।
ਕੌਮਾਂਤਰੀ ਦਬਾਅ ਲਗਾਤਾਰ ਵੱਧਣ ਕਾਰਨ ਕਿਮ ਜੋਂਗ ਵੱਲੋ ਟਰੰਪ ਪ੍ਰਸ਼ਾਸਨ ‘ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਹਾਲਾਂਕਿ ਅਮਰੀਕਾ ‘ਤੇ ਹਮਲਾ ਕਰਨ ਦਾ ਬਿਆਨ ਉੱਤਰੀ ਕੋਰੀਆ ਦੀ ਇੱਕ ਸੋਚੀ ਸਮਝੀ ਰਣਨੀਤੀ ਹੈ। ਇਸਦੇ ਪਿੱਛੇ ਕਈ ਕਾਰਨ ਹਨ ਜਿੰਨਾ ‘ਚੋਂ ਇੱਕ ਹੈ ਕਿ ਅਮਰੀਕਾ ‘ਤੇ ਹੌਲੀ-ਹੌਲੀ ਦਬਾਅ ਬਣਾਇਆ ਜਾ ਸਕੇ ਕਿ ਉਸ ਨੂੰ ਉੱਤਰੀ ਕੋਰੀਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਕਿਮ ਜੋਂਗ ਦੀ ਰਣਨੀਤੀ ਹੈ ਕਿ ਕੌਮਾਂਤਰੀ ਪੱਧਰ ‘ਤੇ ਸਾਰੇ ਹੀ ਦੇਸ਼ ਉੱਤਰੀ ਕੋਰੀਆ ਦੀ ਪ੍ਰਮਾਣੂ ਸ਼ਕਤੀ ਤੋਂ ਭਲੀ=ਭਾਂਤੀ ਜਾਣੂ ਹੋ ਸਕਣ। ਆਪਣੇ ਵੱਲ ਧਿਆਨ ਖਿੱਚਣ ਲਈ ਹੀ ਕਈ ਵਾਰ ਉੱਤਰੀ ਕੋਰੀਆ ਨੇ ਅਮਰੀਕਾ ਵਰਗੇ ਦੇਸ਼ ਨੂੰ ਹਮਲੇ ਦੀ ਧਮਕੀ ਦਿੱਤੀ ਹੈ।
ਗੁਆਮ ‘ਤੇ ਹਮਲਾ ਕਰਨਾ ਭਾਵ ਆਪਣੇ ਪੈਰਾਂ ‘ਤੇ ਆਪ ਕੁਲਹਾੜੀ ਮਾਰਨ ਵਾਲੀ ਗੱਲ ਹੈ ਪਰ ਫਿਰ ਵੀ ਉੱਤਰੀ ਕੋਰੀਆ ਨੇ ਇਹ ਹਿੰਮਤ ਕੀਤੀ। ਕਿਮ ਜੋਂਗ ਵੱਲੋਂ ਸਥਿਤੀ ਨੂੰ ਅਸਧਾਰਨ ਕਰਨ ਲਈ ਗੁਆਮ ‘ਤੇ ਹਮਲਾ ਕੀਤਾ ਜਾ ਸਕਦਾ ਹੈ, ਉਹ ਗੱਲ ਵੱਖਰੀ ਹੈ ਕਿ ਉਹ ਵਿਸਫੋਟ ਗੁਆਮ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਵੇ। ਕਿਮ ਜੋਂਗ ਅਜਿਹਾ ਹੀ ਕੁੱਝ ਕਰਨ ਦੀ ਸੋਚ ਰਿਹਾ ਹੈ ਕਿ ਧਮਕੀ ਵੀ ਪੂਰੀ ਹੋ ਜਾਵੇ ਤੇ ਪੂਰੀ ਤਰਾਂ ਨਾਲ ਹਮਲਾ ਵੀ ਨਾ ਹੋ ਸਕੇ। ਗੁਆਮ ‘ਤੇ ਹਮਲਾ ਕਰਨ ਨਾਲ ਉੱਤਰੀ ਕੋਰੀਆ ਦੇ 3 ਉਦੇਸ਼ ਪੂਰੇ ਹੋ ਜਾਣਗੇ। ਇੱਕ ਤਾਂ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਅਸਥਿਰਤਾ, ਅਸ਼ਾਂਤੀ ਫੈਲਾਉਣਾ, ਦੂਜਾ ਕੌਮਾਂਤਰੀ ਭਾਈਚਾਰੇ ਨੂੰ ਆਪਣੀ ਆਈ.ਸੀ.ਬੀ.ਐਮ ਸਮਰੱਥਾ ਤੋਂ ਜਾਣੂ ਕਰਵਾਉਣਾ ਤੇ ਤੀਜਾ ਇਸ ਹਮਲੇ ਤੋਂ ਬਾਅਦ ਉੱਤਰੀ ਕੋਰੀਆ ਜਪਾਨ ਤੇ ਦੱਖਣੀ ਕੋਰੀਆ ‘ਤੇ ਆਪਣਾ ਦਬਦਬਾ ਬਣਾ ਸਕੇਗਾ।
ਉੱਤਰੀ  ਕੋਰੀਆ ‘ਤੇ ਪਾਬੰਦੀਆਂ ਲਗਾਉਣ ਦਾ ਮੁੱਦਾ ਚੀਨ ਅਤੇ  ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰਾਂ ਖਾਸ ਕਰਕੇ ਅਮਰੀਕਾ ਦਰਮਿਆਨ ਹਮੇਸ਼ਾ ਹੀ ਅਸਹਿਮਤੀ ਵਾਲਾ ਰਿਹਾ ਹੈ। ਉੱਤਰੀ ਕੋਰੀਆ ਦੀਆਂ ਪ੍ਰਮਾਣੂ ਗਤੀਵਿਧੀਆਂ ਨੂੰ ਇਸ ਤਰਾਂ ਰੋਕਣਾ ਚੀਨ ਦੇ ਵਿਚਾਰ ‘ਚ ਸਹੀ ਨਹੀਂ ਹੈ। ਇਸ ਤੋਂ ਪਹਿਲਾਂ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਉੱਤਰੀ ਕੋਰੀਆ ‘ਤੇ ਲਗਾਈਆਂ ਪਾਬੰਦੀਆਂ ਦਾ ਸਮਰਥਨ ਤਾਂ ਕੀਤਾ ਪਰ ਉਸਨੇ ਕੁੱਝ ਸਖਤ ਪਾਬੰਦੀਆ ਦਾ ਵਿਰੋਧ ਵੀ ਕੀਤਾ ਸੀ।ਚੀਨ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਨੂੰ ਇੱਕ ਵਾਰ ਗੱਲਬਾਤ ਦਾ ਮੌਕਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।
ਉੱਤਰੀ ਕੋਰੀਆ ਦੇ ਮਾਨਵਤਾਵਾਦੀ ਅਤੇ ਰੋਜ਼ੀ-ਰੋਟੀ ਪਹਿਲੂਆਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦਿਆਂ ਚੀਨ ਆਪਣੇ ਆਪ ਨੂੰ ਡੀ.ਪੀ.ਆਰ.ਕੇ ਦੇ ਮੁੱਖ ਰੱਖਿਅਕ ਵੱਜੋਂ ਪੇਸ਼ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਏਸ਼ੀਆ ਚੀਨ ਦਾ ਨਜ਼ਦੀਕੀ ਖੇਤਰ ਹੈ ਤੇ ਬੀਜਿੰਗ ਇੱਥੇ ਕਿਸੇ ਵੀ ਤਰਾਂ ਦੀ ਅਸਥਿਰਤਾ ਪੈਦਾ ਨਹੀਂ ਹੋਣ ਦੇਣਾ ਚਾਹੇਗਾ।
ਭਾਰਤ ਵੀ ਉੱਤਰ-ਪੂਰਬੀ ਏਸ਼ੀਆ ਦੇ ਬਦਲਦੇ ਭੂ-ਰਾਜਨਿਤਕ ਦ੍ਰਿਸ਼ ‘ਤੇ ਨਜ਼ਰ ਬਣਾਈ ਬੈਠਾ ਹੈ। ਨਵੀਂ ਦਿੱਲੀ ਨੇ ਵੀ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਪ੍ਰਮਾਣੂ ਤੇ ਮਿਜ਼ਾਈਲ ਪ੍ਰੀਖਣਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉੱਤਰੀ ਕੋਰੀਆ ਦੀਆਂ ਅਜਿਹੀਆਂ ਗਤੀਵਿਧੀਆਂ ਚਿੰਤਾ ਦਾ ਵਿਸ਼ਾ ਹਨ। ਇਸ ਲਈ ਭਾਰਤ ਨੇ ਇਸ ਪੂਰੀ ਸਥਿਤੀ ‘ਤੇ ਚੌਕਸ ਹੋ ਕੇ ਬਾਜ ਅੱਖ ਰੱਖੀ ਹੋਈ ਹੈ।