ਬਾਬਰੀ ਮਸਜਿਦ ਵਿਵਾਦ: ਸੁਪਰੀਮ ਕੋਰਟ ਅੱਜ ਤੋਂ ਰੋਜ਼ਾਨਾ ਕਰੇਗੀ ਸੁਣਵਾਈ

ਰਾਮ ਜਨਮ ਭੂਮੀ, ਅਯੁੱਧਿਆ ਜ਼ਮੀਨ ਦੇ ਝਗੜੇ ਦੇ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੋਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਅੱਜ ਤੋਂ ਰੋਜ਼ਾਨਾ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੀ 3 ਜੱਜਾਂ ਦੀ ਬੈਂਚ ਰੋਜ਼ ਦੁਪਹਿਰ 2 ਵਜੇ ਇਸ ਮਾਮਲੇ ‘ਤੇ ਸੁਣਵਾਈ ਕਰੇਗੀ।
ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਬੈਂਚ ਦਾ ਗਠਨ ਕੀਤਾ ਹੈ। ਜਸਟਿਸ ਅਸ਼ੋਕ ਭੂਸ਼ਨ ਅਤੇ ਅਬਦੁਲ ਨਜ਼ੀਰ ਬੈਂਚ ਦੇ ਹੋਰ ਮੈਂਬਰ ਹਨ, ਜੋ ਰਾਮ ਮੰਦਰ-ਬਾਬਰੀ ਮਸਜਿਦ ਜ਼ਮੀਨ ਦੀ ਮਲਕੀਅਤ ਉੱਤੇ ਵਿਵਾਦ ਦਾ ਫੈਸਲਾ ਕਰਨਗੇ।
ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 2010 ਵਿਚ ਅਯੁੱਧਿਆ ਵਿਚ ਵਿਵਾਦਗ੍ਰਸਤ 2.77 ਏਕੜ ਭੂਮੀ ਦੀ ਤਿੰਨ ਮਾਰਗੀ ਵੰਡ ਕੀਤੀ ਸੀ। ਹਾਈ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ 2: 1 ਦੀ ਬਹੁਗਿਣਤੀ ਨਾਲ ਕਿਹਾ ਸੀ ਕਿ ਜ਼ਮੀਨ ਨੂੰ ਤਿੰਨ ਧੜਿਆਂ, ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਵਿਚ ਵੰਡਿਆ ਜਾ ਸਕਦਾ ਹੈ।
ਪਿਛਲੇ ਮਹੀਨੇ ਦੀ 21 ਤਾਰੀਖ ਨੂੰ ਚੀਫ ਜਸਟਿਸ ਜੇ.ਐਸ. ਖੇਹਰ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹਾ ਸੀ ਕਿ  ਇਸ ਮਾਮਲੇ ਦੀ ਛੇਤੀ ਸੁਣਵਾਈ ਕਰਨ ਲਈ ਫੈਸਲਾ ਲਿਆ ਜਾਵੇਗਾ। ਅਦਾਲਤ ਦੀ ਟਿੱਪਣੀ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ‘ਤੇ ਆਈ ਹੈ, ਜਿਸ ਨੇ ਮਾਮਲੇ ਦੀ ਤੁਰੰਤ ਸੂਚੀਬੱਧਤਾ ਅਤੇ ਸੁਣਵਾਈ ਦੀ ਮੰਗ ਕੀਤੀ ਸੀ।