ਰਾਜ ਸਭਾ ‘ਚ ਨਵੇਂ ਚੇਅਰਮੈਨ ਵੈਂਕਿਆ ਨਾਇਡੂ ਦਾ ਸਵਾਗਤ

ਰਾਜ ਸਭਾ ਨੇ ਬੀਤੇ ਦਿਨ ਨਵੇਂ ਬਣੇ ਚੇਅਰਮੈਨ ਐਮ ਵੈਂਕਿਆ ਨਾਇਡੂ ਦਾ ਅਹੁਦਾ ਸੰਭਾਲਣ ‘ਤੇ ਨਿੱਘਾ ਸਵਾਗਤ ਕੀਤਾ। ਉਨਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਕਿਹਾ ਕਿ ਵੈਂਕਈਆ ਨਾਇਡੂ ਸਦਨ ਦੀ ਹਰ ਬਰੀਕੀ ਤੋਂ ਜਾਣੂ ਹਨ। ਜਨਤਕ ਜੀਵਨ ‘ਚ ਉਹ ਜੇ.ਪੀ. ਅੰਦੋਲਨ ਦੀ ਪੈਦਾਇਸ਼ ਹਨ। ਉਸ ਸਮੇਂ ਜੋ ਅੰਦੋਲਨ ਚਲਿਆ ਉਹ ਆਂਧਰਾ ਪ੍ਰਦੇਸ਼ ‘ਚ ਨੌਜਵਾਨ ਨੇਤਾ ਦੇ ਤੌਰ ‘ਤੇ ਅੱਗੇ ਵਧੇ ਤੇ ਅਗਵਾਈ ਕਰਦੇ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵੈਂਕਈਆ ਨਾਇਡੂ ਆਜ਼ਾਦ ਭਾਰਤ ‘ਚ ਜਨਮ ਲੈਣ ਵਾਲੇ ਪਹਿਲੇ ਉਪ ਰਾਸ਼ਟਰਪਤੀ ਹਨ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਸੰਕਲਪ ਸ੍ਰੀ ਨਾਇਡੂ ਦੀ ਪਹਿਲਕਦਮੀ ਸੀ ।
ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸ੍ਰੀ ਨਾਇਡੂ ਦੀ ਚੇਅਰਮੈਨ ਦੀ ਚੋਣ ਦੇਸ਼ ਦੀ ਲੋਕਤੰਤਰ ਅਤੇ ਸੰਵਿਧਾਨ ਦੀ ਜਿੱਤ ਹੈ ।  ਉਨ੍ਹਾਂ ਨੇ ਯਾਦ ਦਿਲਾਇਆ ਕਿ ਸ੍ਰੀ ਨਾਇਡੂ ਆਪਣੇ ਵਿਦਿਆਰਥੀ ਦਿਨਾਂ ਤੋਂ ਲੈ ਕੇ ਜਨਤਕ ਜੀਵਨ ਵਿਚ ਬਹੁਤ ਸਰਗਰਮ ਸਨ । ਸ੍ਰੀ ਅਜ਼ਾਦ ਨੇ ਯਾਦ ਦਿਵਾਇਆ ਸੀ ਕਿ ਡਿਨ ਦੌਰਾਨ ਕਿਸੇ ਵੀ ਬਿੱਲ ਨੂੰ ਪਾਸ ਨਾ ਕਰਨ ਦੀ ਪਰੰਪਰਾ ਦਾ ਪਾਲਣ ਕਰਨਾ ਚਾਹੀਦਾ ਹੈ । ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਨੇ ਜਨਤਕ ਜੀਵਨ ਵਿਚ ਸ੍ਰੀ ਨਾਇਡੂ ਦੇ ਲੰਬੇ ਤਜਰਬੇ ਦੀ ਵੀ ਪ੍ਰਸ਼ੰਸਾ ਕੀਤੀ ।