ਮੌਨਸੂਨ ਇਜਲਾਸ ਦਾ ਸੰਸਦ ‘ਚ ਚੌਥਾ ਤੇ ਆਖਰੀ ਹਫ਼ਤਾ

ਮੌਨਸੂਨ ਇਜਲਾਸ ਦੇ ਚੌਥੇ ‘ਤੇ ਆਖਰੀ ਹਫ਼ਤੇ ਬਹੁਤ ਕੁੱਝ ਨਵਾਂ ਹੋਇਆ। ਸਭ ਤੋਂ ਪ੍ਰਮੁੱਖ ਸੀ ਇਜਲਾਸ ਦੇ ਆਖਰੀ ਦਿਨ ਰਾਜ ਸਭਾ ਦੇ ਚੇਅਰਮੈਨ ਦੀ ਤਬਦੀਲੀ। ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਸ਼ੁੱਕਰਵਾਰ ਨਵੇਂ ਬਣੇ ਉਪ ਰਾਸ਼ਟਰਪਤੀ ਐਂਮ ਵੈਂਕਿਆ ਨਾਇਡੂ ਨੇ ਆਪਣੇ ਅਹੁਦੇ ਦਾ ਹਲਫ਼ ਲੈਣ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਵੱਜੋਂ ਵੀ ਅਹੁਦਾ ਸੰਭਾਲਿਆ। ਰਾਜ ਸਭਾ ‘ਚ ਸੱਤਾ ਧਿਰ ਅਤੇ ਵਿਰੋਧੀ ਧਿਰ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੰਖੇਪ ਭਾਸ਼ਣ ਦੇ ਕੇ ਉਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸ੍ਰੀ ਨਾਇਡੂ ਪਹਿਲੇ ਉਪ ਰਾਸ਼ਟਰਪਤੀ ਹਨ ਜੋ ਕਿ ਆਜ਼ਾਦ ਭਾਰਤ ‘ਚ ਜਨਮੇ ਹਨ। ਉਨਾਂ ਕਿਹਾ ਕਿ ਸ੍ਰੀ ਨਾਇਡੂ ਕੋਲ ਬਹੁਤ ਹੀ ਵਿਆਪਕ ਸੰਸਦ ਅਨੁਭਵ ਹੈ।
ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵੈਂਕਿਆ ਨਾਇਡੂ ਰਾਜ ਸਭਾ ਲਈ ਨਵੇਂ ਨਹੀਂ ਹਨ। 11 ਅਗਸਤ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸ੍ਰੀ ਨਾਇਡੂ ਨੇ ਰਾਜ ਸਭਾ ‘ਚ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਹਰ ਪੱਖ ਤੋਂ ਦੇਸ਼ ਦੀਆਂ ਉਮੀਦਾਂ ‘ਤੇ ਖਰਾ ਉਤਰਣਗੇ।
ਇਸ ਤੋਂ ਪਹਿਲਾਂ ਸਦਨ ‘ਚ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਚਅਰਮੈਨ ਹਾਮਿਦ ਅੰਸਾਰੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਤੇ ਉਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਉਨਾਂ ਵੱਲੋਂ ਸਦਨ ਦੇ ਸੁਚਾਰੂ ਢੰਗ ਨਾਲ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਅੰਸਾਰੀ ਦੀ ਸੂਝ-ਬੂਝ ਦਾ ਉਨਾਂ ਨੂੰ ਨਿੱਜੀ ਤੌਰ ‘ਤੇ ਬਹੁਤ ਲਾਭ ਪ੍ਰਾਪਤ ਹੋਇਆ ਹੈ।
ਇਸ ਹਫ਼ਤੇ ਸੰਸਦ ਦੇ ਦੋਵੇਂ ਸਦਨਾਂ ‘ਚ ‘ ਭਾਰਤ ਛੱਡੋ ਅੰਦੋਲਨ’ ਦੀ 75ਵੀਂ ਵਰੇ੍ਹਗੰਢ ‘ਤੇ ਵਿਸਥਾਰਪੂਰਵਕ ਬਹਿਸ ਕੀਤੀ ਗਈ। ਲੋਕ ਸਭਾ ‘ਚ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿਹਾ ਕਿ 1942 ਤੋਂ 1947 ਦਰਮਿਆਨ ਦੇ ਪੰਜ ਸਾਲਾਂ ਦਾ ਸਬੰਧ 2017 ਤੋਂ 2022 ਤੱਕ ਦੇ ਸਮੇਂ ਸੀਮਾ ਦੌਰਾਨ ਰਾਸ਼ਟਰ ਨਿਰਮਾਣ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਰਾਸ਼ਟਰ ਆਜ਼ਾਦ ਕਰਵਾਉਣ ਦਾ ਜੋ ਜਜ਼ਬਾ ਉਸ ਸਮੇਂ ਸੀ ਉਸ ਤੋਂ ਪ੍ਰੇਰਿਤ ਹੋ ਕੇ ਹੀ ਸਾਨੂੰ ਅੱਜ ਦੇ ਭਾਰਤ ਦੇ ਨਿਰਮਾਣ ਲਈ ਵੀ ਉਤਸ਼ਾਹਿਤ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ 1942 ’ਚ ‘ਕਰਾਂਗੇ ਜਾਂ ਫਿਰ ਮਰਾਂਗੇ’ ਦੀ ਗੂੰਝ ਸੀ ਤੇ ਹੁਣ ਪੰਜ ਸਾਲ ਅਸੀਂ ‘ਸੰਕਲਪ ਸੇ ਸਿੱਧੀ’ ਪਹਿਲ ‘ਤੇ ਕੰਮ ਕਰਾਂਗੇ। ਰਾਸ਼ਟਰ ਨਿਰਮਾਣ ਲਈ ਹਰ ਮੁਸ਼ਕਲ ਦਾ ਹੱਲ ਕਢਾਗੇ।
ਇਸ ਮੌਕੇ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਹੋਰ ਕਈ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਜਿਸ ਤਰਾਂ ਭਾਰਤ ਛੱਡੋ ਅੰਦੋਲਨ ਸਮੇਂ ਸਾਰੇ ਭਾਰਤੀ ਇੱਕਜੁੱਟ ਹੋ ਗਏ ਸਨ ਉਸੇ ਤਰਾਂ ਹੀ ਮੌਜੂਦਾ ਸਮੇਂ ਦੀ ਵੀ ਇਹੀ ਮੰਗ ਹੈ।
ਰਾਜ ਸਭਾ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਮੌਜੂਦਾ ਸਮੇਂ ‘ਚ ਅੱਤਵਾਦ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਹਿਲਾ ਤਾਂ ਖੱਬੇ ਪੱਖੀ ਅੱਤਵਾਦ ਹੈ ਤੇ ਦੂਜਾ ਸਰਹੱਦ ਪਾਰ ਤੋਂ ਪਣਪ ਰਿਹਾ ਅੱਤਵਾਦ ਜੋ ਕਿ ਦੇਸ਼ ਅੰਦਰ ਹਿੰਸਾ ਫੈਲਾ ਰਿਹਾ ਹੈ।
ਲੋਕ ਸਭਾ ‘ਚ ਐਸ.ਬੀ.ਆਈ.(ਸਬਸਿਡਰੀ ਬੈਂਕਾਂ) ਐਕਟ 1959 ਅਤੇ ਇਸ ਨਾਲ ਸੰਬੰਧਿਤ ਹੋਰ ਬਿੱਲਾਂ ਨੂੰ ਖਤਮ ਕਰਨ ਲਈ ਬਿੱਲ ਪੇਸ਼ ਕੀਤਾ ਗਿਆ। ਇਸਦਾ ਭਾਵ ਇਹ ਹੈ ਕਿ ਪੰਜ ਐਸੋਸਿਏਟ ਬੈਂਕਾਂ ਦਾ ਸਟੇਟ ਬੈਂਕ ਆਫ ਇੰਡੀਆ ‘ਚ ਮਿਸ਼ਰਣ ਹੋਣਾ।ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਰ ਨੇ ਕਿਹਾ ਕਿ ਇਸ ਪਹਿਲ ਨਾਲ ਐਸ.ਬੀ.ਆਈ. ਦੁਨੀਆ ਦੇ ਸਿਖਰ ਦੇ 50 ਬੈਂਕਾਂ ਦੀ ਸੂਚੀ ‘ਚ ਆਇਆ ਹੈ ਅਤੇ ਇਸਨੂੰ 45ਵਾਂ ਸਥਾਨ ਪ੍ਰਾਪਤ ਹੋਇਆ ਹੈ।ਸੰਸਦ ਨੇ ਇਸ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਭਾਰਤੀ ਰਿਜ਼ਰਵ ਬੈਂਕ ਨੂੰ ਬੈਂਕਿੰਗ ਸੈਕਟਰ ‘ਚ ‘ਗੈਰ-ਕਾਰਜਕਾਰੀ ਸੰਪਤੀ’ ਨਾਲ ਨਜਿੱਠਣ ਲਈ ਸ਼ਕਤੀ ਮਿਲੇਗੀ, ਜੋ ਕਿ 8 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਲੋਕ ਸਭਾ ‘ਚ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਖੇਤਰ ‘ਚ ਕੁਦਰਤੀ ਆਫਤ ਦੀ ਮਾਰ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਲਈ 2 ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ।
ਲੋਕ ਸਭਾ ‘ਚ ਕੇਂਦਰੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੇ ਦੱਸਿਆ ਗਿਆ ਕਿ ਪਿਛਲੇ 3 ਸਾਲਾਂ ‘ਚ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਇਸ ਖੇਤਰ ‘ਚ ਵੱਡੇ ਪੱਧਰ ‘ਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਗਿਆ ਹੈ। ਟੈਕਸਟਾਈਲ ਸੈਕਟਰ ਵੱਲੋਂ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਹਫ਼ਤੇ ਸੀ.ਪੀ.ਆਈ-ਐਮ ਦੇ ਸੀਤਾਰਾਮ ਯੇਚੂਰੀ, ਤ੍ਰਿਣਮੂਲ ਕਾਂਗਰਸ ਮੈਂਬਰ ਦਬੇਂਦਰਨਾਥ ਬੰਧੋਪਾਧਿਆ ਅਤੇ ਭਾਜਪਾ ਦੇ ਦਿਲੀਪਭਾਈ ਪਾਂਡੇ ਨੂੰ ਵਿਦਾਇਗੀ ਦਿੱਤੀ ਗਈ। ਇੰਨਾਂ ਤੋਂ ਇਲਾਵਾ ਅਹਿਮਦ ਪਟੇਲ, ਸਮ੍ਰਿਤੀ ਇਰਾਨੀ, ਡੇਰੇਕ ਓ ਬਰਿਨ, ਡੋਲਾ ਸੇਨ, ਸੁਖੰਦੂ ਸੇਖਰ ਰਾਏ ਅਤੇ ਪੀ.ਭੱਟਾਚਾਰਿਆ ਸਨ ਜਿੰਨਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਮੁੜ ਚੁਣੇ ਗਏ।
ਇਸ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਗੁਜਰਾਤ ਤੋਂ ਰਾਜ ਸਭਾ ਲਈ ਚੁਣਿਆ ਗਿਆ ਹੈ।