ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਭਾਰਤ-ਜਾਪਾਨ ਸਾਲਾਨਾ ਸੰਮੇਲਨ ‘ਚ ਸ਼ਿਰਕਤ ਕਰਨ ਲਈ ਅੱਜ ਪਹੁੰਚਣਗੇ ਅਹਿਮਦਾਬਾਦ, ਪੀਐਮ ਮੋਦੀ ਕਰਨਗੇ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਅਹਿਮਦਾਬਾਦ ‘ਚ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੋ ਅਬੇ ਦਾ ਸਵਾਗਤ ਕਰਨਗੇ । ਭਾਰਤ-ਜਾਪਾਨ ਸਾਲਾਨਾ ਸੰਮੇਲਨ ‘ਚ ਸ਼ਿਰਕਤ ਕਰਨ ਲਈ ਸ੍ਰੀ ਸ਼ਿੰਜੋ 2 ਦਿਨਾਂ ਦੀ ਭਾਰਤ ਫੇਰੀ ‘ਤੇ ਆ ਰਹੇ ਹਨ। ਇਹ ਸੰਮੇਲਨ ਦਾ 12ਵਾਂ ਸੰਸਕਰਣ ਹੈ ਅਤੇ ਅੱਜ ਗਾਂਧੀਨਗਰ ‘ਚ ਹੋਣ ਵਾਲੀ ਮੀਟਿੰਗ ਪੀਐਮ ਮੋਦੀ ਅਤੇ ਸ਼ਿੰਜੋ ਵਿਚਾਲੇ ਚੌਥੀ ਬੈਠਕ ਹੈ।
ਦੋਵੇਂ ਹੀ ਆਗੂ ਆਪਣੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੀ ਰੂਪ ਰੇਖਾ ਤਹਿਤ ਭਾਰਤ ਅਤੇ ਜਾਪਾਨ ਵਿਚਾਲੇ ਬਹੁ-ਪੱਖੀ ਸਹਿਯੋਗ ਦੀ ਤਰੱਕੀ ਦੀ ਸਮੀਖਿਆ ਕਰਨਗੇ ਅਤੇ ਨਾਲ ਹੀ ਭਵਿੱਖ ਲਈ ਦਿਸ਼ਾ ਨਿਰਦੇਸ਼ ਤੈਅ ਕਰਨਗੇ।
ਇਸ ਤੋਂ ਇਲਾਵਾ ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਸੰਦਰਭ ‘ਚ ਦੋਵੇਂ ਆਗੂ ਇੱਕ ਸਮਾਗਮ ‘ਚ ਹਿੱਸਾ ਲੈਣਗੇ।
ਪੀਐਮ ਮੋਦੀ ਨੇ ਬੀਤੇ ਦਿਨ ਟਵੀਟ ਦੇ ਇੱਕ ਸੰਦੇਸ਼ ਜਰਿਏ ਕਿਹਾ ਕਿ ਭਾਰਤ ਅਸਲ ‘ਚ ਜਾਪਾਨ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਦੁਵੱਲੇ ਸੰਬੰਧਾਂ ਨੂੰ ਹੋਰ ਹੁਲਾਰਾ ਦੇਣ ਦੀ ਉਮੀਦ ਰੱਖਦਾ ਹੈ।