ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਡਿਪਟੀ ਸੈਰ-ਸਪਾਟਾ ਮੰਤਰੀ ਨੂੰ ਅਹੁਦੇ ਤੋਂ ਕੀਤਾ ਬਰਖਾਸਤ

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸੀਰੀਸੇਨਾ ਨੇ ਬੀਤੇ ਦਿਨ ਡਿਪਟੀ ਸੈਰ-ਸਪਾਟਾ ਮੰਤਰੀ ਨੂੰ ਪਾਰਟੀ ਦਾ ਕਥਿਤ ਤੌਰ ‘ਤੇ ਵਿਰੋਧ ਕਰਨ ਦੇ ਦੋਸ਼ ‘ਚ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਇੱਕ ਮਹੀਨੇ ਦੇ ਅੰਦਰ-ਅੰਦਰ ਸਰਕਾਰ ਦੀ ਵਜ਼ਾਰਤ ‘ਚੋਂ ਕੱਢੇ ਗਏ ਉਹ ਦੂਜੇ ਪ੍ਰਮੁੱਖ ਮੰਤਰੀ ਹਨ।ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਅਰੁਨਦੀਕਾ ਫਰਨੈਂਡੋ ਨੂੰ ਉਨਾਂ ਦੇ ਪਦ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ।
ਫਰਨੈਂਡੋ ਜੋ ਕਿ ਸਿਰੀਸੇਨਾ ਦੀ ਸ੍ਰੀਲੰਕਾ ਫ੍ਰੀਡਮ ਪਾਰਟੀ, ਐਸ.ਐਲ.ਐਫ.ਪੀ. ਦੇ ਮੈਂਬਰ ਸਨ ਉਨਾਂ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਮੱਦੇਨਜ਼ਰ ਐਸ.ਐਲ.ਐਫ.ਪੀ. ਦੇ 7 ਮੈਂਬਰ ਸਰਕਾਰ ਨੂੰ ਛੱਡ ਦੇਣਗੇ।
ਦੱਸਣਯੋਗ ਹੈ ਕਿ ਸ੍ਰੀਲੰਕਾ ‘ਚ ਐਸ.ਐਲ.ਐਫ.ਪੀ. ਅਤੇ ਯੂ.ਐਨ.ਪੀ ਦੀ ਗੱਠਜੋੜ ਵਾਲੀ ਸਰਕਾਰ ਚੱਲ ਰਹੀ ਹੈ।ਐਸ.ਐਲ.ਐਫ.ਪੀ. ਦੇ ਕੁੱਝ ਮੈਂਬਰਾਂ ਨੇ ਪਾਰਟੀ ਦੇ ਇੱਕ ਅਜਿਹੇ ਧੜੇ ਦਾ ਸਮਰਥਨ ਕੀਤਾ ਹੈ ਜੋ ਕਿ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਾਪਕਸ਼ੇ ਦਾ ਸਮਰਥਨ ਕਰਦਾ ਹੈ।