15 ਤੋਂ 18 ਸਾਲ ਦੀ ਉਮਰ ਦੀ ਪਤਨੀ ਨਾਲ ਸ਼ਾਰੀਰਕ ਸਬੰਧ ਕਾਇਮ ਕਰਨਾ ਅਪਰਾਧ ਦੇ ਘੇਰੇ ‘ਚ ਆਵੇਗਾ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਬੀਤੇ ਦਿਨ ਇਕ ਇਤਿਹਾਸਿਕ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਨਾਬਾਲਿਗ ਪਤਨੀ ਜਿਸ ਦੀ ਉਮਰ 15 ਤੋਂ 18 ਸਾਲ ਦੀ ਹੈ ਉਸ ਨਾਲ ਜਿਣਸੀ ਸਬੰਧ ਕਾਇਮ ਕਰਨਾ ਜਬਰ ਜਨਾਹ ਦੇ ਘੇਰੇ ‘ਚ ਆਉਣਗੇ ਅਤੇ ਇਸ ਲਈ ਪਤੀ ਨੂੰ ਸਜ਼ਾ ਵੀ ਦਿੱਤੀ ਜਾਵੇਗੀ। ਬਲਾਤਕਾਰ ਕਾਨੂੰਨ ‘ਚ ਦਿੱਤੀ ਗਈ ਛੂਟ ਨਾਲ ਸੰਵਿਧਾਨ ਦੀ ਉਲੰਘਣਾ ਹੁੰਦੀ ਹੈ। ਆਈ.ਪੀ.ਸੀ. ਦੀ ਧਾਰਾ 375 ਦੇ ਤਹਿਤ ਜੇਕਰ ਕਿਸੇ ਪੁਰਸ਼ ਦੇ 15 ਸਾਲ ਜਾਂ ਇਸ ਤੋਂ ਉਪਰ ਦੀ ਇਸਤਰੀ ਨਾਲ ਜਿਣਸੀ ਸਬੰਧ ਹੁੰਦੇ ਹਨ ਤਾਂ ਉਸ ਨੂੰ ਗਲਤ ਨਹੀਂ ਮੰਨਿਆ ਜਾਵੇਗਾ ਪਰ ਦੂਜੇ ਪਾਸੇ ਇਕ ਲੜਕੀ ਲਈ ਵਿਆਹ ਜਾਂ ਫਿਰ ਜਿਣਸੀ ਸਬੰਧ ਕਾਇਮ ਕਰਨ ਦੀ ਕਾਨੂੰਨੀ ਉਮਰ 18 ਸਾਲ ਹੈ।
ਜਸਟਿਸ ਮਦਨ ਵੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਦੇਸ਼ ‘ਚ ਬਾਲ ਵਿਵਾਹ ਵਰਗੀ ਪ੍ਰਥਾ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜਿਕ ਕਾਨੂੰਨ ਨੂੰ ਸਮਾਜ ਅਮਦਰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ।