ਸਾਂਝੀਵਾਲਤਾ ਦੇ ਪ੍ਰਤੀਕ: ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣੁ ਹੋਆ
ਜਿਉ ਕਰਿ ਸੂਰੁਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ”

ਮਹਾਂ ਪੁਰਸ਼ ਸਿੱਖ ਧਰਮ ਦੇ ਮੋਢੀ ਧੰਨ-ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਮਾਤਾ ਤ੍ਰਿਪਤਾ ਦੇਵੀ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਰਾਏ ਭੋਏ ਦੀ ਤਲਵੰਡੀ , ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਅਜੋਕੇ ਪਾਕਿਸਤਾਨ ‘ਚ ਹੋਇਆ ਸੀ।

ਸ੍ਰੀ ਗੁਰੁ ਨਾਨਕ ਦੇਵ ਜੀ ਸਿਰਫ ਸਿੱਖ ਧਰਮ ਦੇ ਹੀ ਨਹੀਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੇ ਵੀ ਗੁਰੁ, ਪੀਰ-ਪੈਗੰਬਰ ਸਨ। ਉਹ ਸਭਨਾਂ ਦੇ ਸਾਂਝੇ ਗੁਰੂ ਸਨ। ਬਾਬੇ ਨਾਨਕ ਨੇ ਆਪਣੀਆਂ ਸਿੱਖਿਆਵਾਂ, ਵਿਚਾਰਾਂ ਅਤੇ ਬਚਨਾਂ ਰਾਹੀਂ ਸਾਂਝੀਵਾਲਤਾ ਅਤੇ ਆਪਸੀ ਮੇਲ ਮਿਲਾਪ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੁ ਨਾਨਕ ਦੇਵ ਜੀ ਦੀ ਸਖਸ਼ੀਅਤ ਨੂੰ ਸ਼ਬਦਾਂ ‘ਚ ਬਿਆਨ ਕਰ ਪਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ। ਉਹ ਇੱਕ ਰੂਹਾਨੀ ਸਖਸ਼ੀਅਤ ਦੇ ਮਾਲਿਕ ਸਨ।
ਕਲਿ ਤਾਰਣ ਗੁਰੁ ਨਾਨਕ ਆਇਆ’

ਗੁਰਬਾਣੀ ‘ਚ ਦਰਜ ਇਸ ਪੰਕਤੀ ਤੋਂ ਆਪ ਮੁਹਾਰੇ ਹੀ ਪਤਾ ਚੱਲਦਾ ਹੈ ਕਿ ਗੁਰੂ ਜੀ ਦਾ ਇਸ ਧਰਤ ‘ਤੇ ਆਉਣ ਦਾ ਉਦੇਸ਼ ਕੀ ਸੀ।ਗੁਰੁ ਜੀ ਨੇ ਤਤਕਾਲੀ ਸਮਾਜ ਦੀਆਂ ਇਸਲਾਮ ਦੇ ਪ੍ਰਭਾਵ ਹੇਠ ਗਰਕ ਹੋ ਚੁੱਕੀਆਂ ਕਦਰਾਂ ਕੀਮਤਾਂ ਨੂੰ ਮੁੜ ਲੀਹੇ ਲਿਆਉਣ ਲਈ ਕਈ ਯਤਨ ਕੀਤੇ।

ਗੁਰੂ ਜੀ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਸਮੇਂ ਦੇ ਅਨੁਕੂਲ ਸਨ। ਉਨਾਂ ਨੇ ਲੋਕਾਂ ਦਾ ਖਹਿੜਾ ਬਹੁ-ਦੇਵਵਾਦ ਅਤੇ ਕਰਮ-ਕਾਂਡਾਂ ਤੋਂ ਛੁੜਾਇਆ ਅਤੇ ਨਾਲ ਹੀ ਇੱਕ ਪ੍ਰਾਮਤਮਾ ਦੀ ਹੋਂਦ ‘ਤੇ ਜ਼ੋਰ ਦਿੱਤਾ। ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਦੀ ਭਗਤੀ ਕਰਨ ਲਈ ਗ੍ਰਹਿਸਥ ਜੀਵਨ ਸਭ ਤੋਂ ਉੱਤਮ ਹੈ। ਇਸ ਲਈ ਜੰਗਲਾਂ ‘ਚ ਭਟਕਣ ਦੀ ਲੋੜ ਨਹੀਂ ਹੈ। ਭਾਵ ਝੂਠੇ ਸਾਧੂ-ਸੰਤਾਂ ਪਿੱਛੇ ਲੱਗ ਕੇ ਆਪਣੇ ਘਰ-ਬਾਰ ਨੂੰ ਤਿਆਗਣ ਦੀ ਕੋਈ ਜ਼ਰੂਰਤ ਨਹੀਂ ਹੈ।
ਗੁਰੁ ਜੀ ਨੇ ਆਪਣੀ ਉਚਾਰੀ ਬਾਣੀ ਰਾਹੀਂ ਕਿਹਾ- ‘ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ’।
ਉਨਾਂ ਨੇ ਜਾਤਿ-ਪਾਤਿ, ਉਚ-ਨੀਚ ਵਿਰੁੱਧ ਆਵਾਜ਼ ਬੁਲੰਦ ਕੀਤੀ। ਕਹਿ ਸਕਦੇ ਹਾਂ ਕਿ ਗੁਰੁ ਨਾਨਕ ਦੇਵ ਜੀ ਦੇ ਸਮੇਂ ਭਾਰਤੀ ਸਮਾਜ ਦਾ ਪੁਰੀ ਤਰਾਂ ਨਾਲ ਪਤਨ ਹੋ ਚੱੁਕਿਆ ਸੀ। ਲੋਕ ਵਹਿਮਾਂ-ਭਰਮਾਂ ਦੇ ਸ਼ਿਕਾਰ ਸਨ।ਅੰਧ-ਵਿਸ਼ਵਾਸ ਦਾ ਉਸ ਸਮੇਂ ਬਹੁਤ ਬੋਲ ਬਾਲਾ ਸੀ ਅਤੇ ਜਾਦੂ-ਟੂਣਿਆਂ ਦੀ ਜਕੜ ਵੀ ਪੱਕੀ ਸੀ। ਇਸ ਦਾ ਵੱਡਾ ਕਾਰਨ ਇਹੀ ਸੀ ਕਿ ਸਮਕਾਲੀ ਧਾਰਮਿਕ ਆਗੂ ਕਹਾਉਣ ਵਾਲੇ ਲੋਕ ਦੰਭੀ ਅਤੇ ਭੇਖੀ ਜੀਵਨ ਜੀਅ ਰਹੇ ਸਨ। ਗੁਰੂ ਜੀ ਜਦੋਂ ਸਾਰੀ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਦੀ ਸ਼ੁਰੂਆਤ ਕਰਦੇ ਹਨ ਤਾਂ ਉਹ ਆਪਣੇ ਵੱਲੋਂ ਉਚਾਰੀ ਬਾਣੀ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਅੰਧ-ਵਿਸ਼ਵਾਸ ਦੇ ਘੇਰੇ ‘ਚੋਂ ਬਾਹਰ ਨਿਕਲਣ ਦਾ ਸੱਦਾ ਦਿੰਦੇ ਹਨ।
ਵਿਦਵਾਨਾਂ ਦਾ ਵਿਚਾਰ ਹੈ ਕਿ ਜੀਵਨ ਅਨੁਭਵ ਨੂੰ ਵਿਸ਼ਾਲ ਅਤੇ ਦੀਰਘ ਬਣਾਉਣ ਲਈ ਯਾਤਰਾ ਬਹੁਤ ਵਧੀਆ ਸਾਧਨ ਹੈ।ਸ੍ਰੀ ਗੁਰੁ ਨਾਕ ਦੇਵ ਜੀ ਆਪਣੇ ਸਮੇਂ ਦੇ ਸਭ ਤੋਂ ਵੱਡੇ ਸੈਲਾਨੀ ਹੋਏ ਹਨ। ਜਿੰਨਾਂ ਦੀਆਂ ਉਦਾਸੀਆਂ ਦਾ ਮੰਤਵ ਸਿਰਫ ਯਾਤਰਾ ਹੀ ਨਹੀਂ ਸੀ ਬਲਕਿ ਉਨਾਂ ਨੇ ਆਪਣੇ ਉਪਦੇਸ਼ਾਂ, ਬਚਨਾਂ ਰਾਹੀਂ ਲੋਕਾਂ ਦੀ ਸੋਚ ਨੂੰ ਸਿੱਧੇ ਰਾਹੇ ਪਾਉਣ ਦਾ ਕੰਮ ਕੀਤਾ।
ਗੁਰੁ ਜੀ ਨੇ ਪੂਰਬ ‘ਚ ਆਸਾਮ ਤੱਕ, ਦੱਖਣ ‘ਚ ਲੰਕਾ ਤੱਕ, ਉੱਤਰ ‘ਚ ਤਿਬੱਤ ਸਥਿਤ ਕੈਲਾਸ਼ ਪਰਬਤ ਤੱਕ ਅਤੇ ਪੱਛਮ ‘ਚ ਮੱਕੇ ਤੱਕ ਲੰਬੀ ਯਾਤਰਾ ਕੀਤੀ। ਉਸ ਸਮੇਂ ਆਵਾਜਾਈ ਦੇ ਸਾਧਨ ਵੀ ਉੱਨਤ ਨਹੀਂ ਸਨ ਅਤੇ ਕੱਚੀਆਂ ਪਗਡੰਡੀਆਂ ‘ਤੇ ਸਫ਼ਰ ਤੈਅ ਕਰਨਾ ਪੈਂਦਾ ਸੀ। ਇੱਥੋਂ ਤੱਕ ਕਿ ਸਫ਼ਰ ਦੌਰਾਨ ਜਾਨ ਤੇ ਮਾਲ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ।ਇੰਨਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਗੁਰੁ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆਂ ਅਤੇ ਸਮਾਜ ਸੁਧਾਰ ਸਬੰਧੀ ਉਪਦੇਸ਼ ਦਿੱਤੇ। ਗੁਰਬਾਣੀ ‘ਚ ਵੀ ਇਸ ਸਬੰਧੀ ਕੁੱਝ ਅਜਿਹਾ ਕਿਹਾ ਗਿਆ ਹੈ ਕਿ ਉਨਾਂ ਵੱਲੋਂ ਕੀਤੀਆਂ ਗਈਆਂ ਇਹ ਯਾਤਰਾਵਾਂ ‘ਚੜਿਆ ਸੋਧਣਿ ਧਰਤ ਲੋਕਾਈ’ ਦੇ ਮਕਸਦ ਨਾਲ ਕੀਤੀਆਂ ਗਈਆਂ ਸਨ।
ਗੁਰੁ ਨਾਨਕ ਦੇਵ ਜੀ ਸਮੂਹ ਮਾਨਵ ਜਾਤੀ ਦਾ ਕਲਿਆਣ ਕਰਨ ਅਤੇ ਉਨਾਂ ਨੂੰ ਵਿਕਾਸ , ਤਰੱਕੀ, ਉੱਨਤੀ ਦੀ ਰਾਹ ‘ਤੇ ਤੋਰਨ ਹਿੱਤ ਹੀ ਵੱਖ-ਵੱਖ ਥਾਵਾਂ ‘ਤੇ ਗਏ।
ਗੁਰੁ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਾਂਝ ਦਾ ਉਪਦੇਸ਼ ਦਿੱਤਾ। ਉਨਾਂ ਲਈ ਸਾਰੇ ਧਰਮਾਂ ਦੇ ਲੋਕ ਬਰਾਬਰ ਸਨ। ਇਸੇ ਲਈ ਆਪਣੇ ਵੇਈਂ ਨਦੀ ਤੋਂ ਬਾਹਰ ਆਉਣ ਪਿੱਛੋਂ ਕਿਹਾ ਸੀ-
‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’।
ਆਪ ਜਿੱਥੇ ਧਰਮ ਸੰਤ ਸਨ ਉੱਥੇ ਹੀ ਇੱਕ ਵੱਡੇ ਭਗਤ ਵੀ ਸਨ। ਭਾਰਤੀ ਭਗਤੀ ਅਤੇ ਗਿਆਨ ਮਾਰਗੀ ਸਿਧਾਂਤਾ ਦਾ ਉਹ ਪੱਖ ਆਪਣੇ ਸਵੀਕਾਰ ਕੀਤਾ, ਜਿਹੜਾ ਕਿ ਵਿਹਾਰਕ ਜੀਵਨ ‘ਚ ਨਿੱਭ ਸਕਦਾ ਸੀ।
ਗੁਰੁ ਜੀ ਨੇ ਮਰਦ ਪ੍ਰਦਾਨ ਸਮਾਜ ‘ਚ ਇਸਤਰੀ ਦੀ ਸਥਿਤੀ ਨੂੰ ਮੁੜ ਉੱਚਾ ਦਰਜਾ ਦੇਣ ਲਈ ਕਈ ਪਹਿਲਕਦਮੀਆਂ ਕੀਤੀਆਂ।ਉਨਾਂ ਕਿਹਾ ਕਿ ਮਨੁੱਖ ਦੀ ਕਦਰ ਧਰਮ, ਜਾਤਿ ਜਾਂ ਲੰਿਗ ਦੇ ਆਧਾਰ ‘ਤੇ ਨਹੀਂ ਬਲਕਿ ਉਸਦੀ ਕਦਰ, ਪਛਾਣ ਮਨੁੱਖ ਵੱਜੋਂ ਹੋਣੀ ਚਾਹੀਦੀ ਹੈ। ਇਸਤਰੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਗੁਰੁ ਜੀ ਨੇ ਫ਼ਰਮਾਇਆ-
‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’।
ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜੀਵਨ ਢੰਗ ਆਮ ਮਨੁੱਖਾਂ ਨਾਲੋਂ ਨਿਵੇਕਲਾ ਅਤੇ ਹਰ ਇੱਕ ਨੂੰ ਪ੍ਰਭਾਵਿਤ ਕਰਨ ਵਾਲਾ ਸੀ। ਆਪ ਵੱਡੇ ਭਗਤ, ਪ੍ਰਭਾਵਸ਼ਾਲੀ ਵਕਤਾ, ਅਣਥੱਕ ਯਾਤਰੀ ਅਤੇ ਰੂਹਾਨੀ ਮੰਡਲਾਂ ਦੇ ਮਹਾਂ-ਮਾਨਵ ਸਨ। ਆਪ ਜੀ ਦੇ ਬਚਨਾਂ, ਦਲੀਲਾਂ ਸਾਹਮਣੇ ਕਦੇ ਵੀ ਕੋਈ ਟਿੱਕ ਨਹੀਂ ਸੀ ਪਾਇਆ। ਗੁਰੂ ਜੀ ਦਾ ਜੀਵਨ ਮਨੋਰਥ ਹੀ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ।
ਗੁਰੂ ਜੀ ਇੱਕ ਅਜਿਹੇ ਇਨਕਲਾਬੀ ਸਨ ਜਿੰਨਾਂ ਨੇ ਜਾਤਿ-ਪਾਤਿ ਦਾ ਖੰਡਨ, ਮਨੁੱਖੀ ਸੋਸ਼ਣ ਦਾ ਵਿਰੋਧ, ਵੈਰਾਗ, ਤੱਪਸਿਆ, ਸੰਨਿਆਸ ਤੋਂ ਉੱਪਰ ਗ੍ਰਹਿਸਥ ਜੀਵਨ, ਇਸਤਰੀ ਨੂੰ ਉੱਚ ਦਰਜਾ, ਬਹੁ-ਦੇਵਵਾਦ ਦਾ ਵਿਰੋਧ ਅਤੇ ਇਕ ਪ੍ਰਮਾਤਮਾ ਦੀ ਹੋਂਦ ‘ਤੇ ਜ਼ੋਰ ਦਿੱਤਾ ਸੀ।
ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਸਾਨੂੰ ਸਹੀ ਦਿਸ਼ਾ ‘ਚ ਤੁਰਨ ਦੀ ਪ੍ਰੇਰਣਾ ਦਿੰਦੀ ਹੈ।ਗੁਰੂ ਜੀ ਨੇ ਕਿਸੇ ਨੂੰ ਵੀ ਮੰਦਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਗੱਲ ਕਹੀ ਸੀ। ਅਸਲ ‘ਚ ਤ੍ਰਾਸਦੀ ਇਹ ਹੈ ਕਿ ਅਸੀਂ ਗੱਲਾਂ ਨਾਲ ਤਾਂ ਚੰਗਾਂ ਹੋਣਾ ਲੋਚਦੇ ਹਾਂ ਪਰ ਸਾਡੇ ਅਮਲ ਮਾੜੇ ਹਨ।
ਗੁਰੂ ਜੀ ਵੱਲੋਂ ਉਸ ਸਮੇਂ ਕਹੀਆਂ ਗਈਆਂ ਗੱਲਾਂ ਅੱਜ ਵੀ ਸਾਰਥਕ ਸਿੱਧ ਹੋ ਰਹੀਆਂ ਹਨ। ਅਜੋਕੇ ਸਮੇਂ ‘ਚ ਭ੍ਰਿਸ਼ਟਾਚਾਰ, ਪ੍ਰਦੂਸ਼ਣ, ਬੇਰੁਜ਼ਗਾਰੀ, ਮੁਨਾਫ਼ਾਖੋਰੀ ਨੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਵਪਾਰੀਕਰਨ ਦੇ ਮੌਜੂਦਾ ਦੌਰ ‘ਚ ਕਿਰਤ, ਫਰਜ਼, ਰਿਸ਼ਤੇ-ਨਾਤਿਆਂ ਦੇ ਸਾਰਥਕ ਅਰਥਾਂ ‘ਚ ਬਦਲਾਵ ਆ ਗਿਆ ਹੈ।ਮਨੁੱਖ ਸੁਆਰਥੀ ਹੋ ਸਵੈ-ਕੇਂਦਰਿਤ ਹੋ ਗਿਆ ਹੈ। ਜਿਸ ਨਾਲ ਕਿਤੇ ਨਾ ਕਿਤੇ ਅੱਜ ਦਾ ਮਨੁੱਖ ਸਮਾਜ ਨਾਲੋਂ ਟੁੱਟ ਰਿਹਾ ਹੈ। ਅਜਿਹੇ ‘ਚ ਮਿਲਜੁਲ ਕੇ ਰਹਿਣ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
4 ਨਵੰਬਰ ਨੂੰ ਅਸੀਂ ਧੰਨ-ਧੰਨ ਸ੍ਰੀ ਗੁਰੂ ਨਾਕ ਦੇਵ ਜੀ ਦਾ 499ਵਾਂ ਆਗਮਨ ਪੁਰਬ ਮਨਾ ਰਹੇ ਹਾਂ। ਇਸ ਮੌਕੇ ਲੋੜ ਹੈ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ‘ਚ ਅਪਣਾਈਏ। ਗੁਰੂ ਜੀ ਦੇ ਉਪਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਨੂੰ ਆਪਣੇ ਜੀਵਨ ਦਾ ਮੂਲ ਆਧਾਰ ਬਣਾ ਕੇ ਸਮਾਜ ਦੀ ਉੱਨਤੀ ਲਈ ਅਗਾਂਹਵਧੂ ਸੋਚ ਦੀਆਂ ਪੈੜਾਂ ‘ਤੇ ਪੈਰਾ ਦਇਏ। ਆਪਸੀ ਸ਼ਾਂਝ ਅਤੇ ਪਿਆਰ-ਇਤਫ਼ਾਕ ਦੀ ਲੜੀ ਨੂੰ ਇੰਨਾਂ ਮਜ਼ਬੂਤ ਬਣਾਇਏ ਕਿ ਕੋਈ ਵੀ ਬਾਹਰੀ ਤਾਕਤ ਸਾਨੂੰ ਨੁਕਸਾਨ ਨਾ ਪਹੁੰਚਾ ਸਕੇ।