ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਦਾ ਅੱਜ ਅੰਤਿਮ ਦਿਨ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਅੱਜ ਬੰਦ ਹੋ ਜਾਵੇਗਾ।ਅੱਜ ਦੇ ਕੁੱਝ ਘੰਟਿਆਂ ‘ਚ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ‘ਚ ਕੋਈ ਕਸਰ ਨਹੀਂ ਛੱਡਣਗੀਆਂ।
ਬੀਤੇ ਦਿਨ ਨੇਤਰਾਂਗ ‘ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਕਬਾਇਲੀ ਲੋਕਾਂ ਦੀ ਭਲਾਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਗੁਜਰਾਤ ‘ਚ ਲੜਕੀਆਂ ਦੀ ਸਿੱਖਿਆ ਖਾਸ ਕਰਕੇ ਕਬਾਇਲੀ ਕੁੜੀਆਂ ਦੀ ਸਿੱਖਿਆ ‘ਚ ਸੁਧਾਰ ਹੋਇਆ ਹੈ।
ਪੀਐਮ ਮੋਦੀ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 4 ਮਿਲੀਅਨ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਅਸਲ ‘ਚ ਗਰੀਬਾਂ ਦੀ ਸਰਕਾਰ ਹੈ।
ਦੂਜੇ ਪਾਸੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਦੇ 39 % ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਉਨਾਂ ਨੇ ਇੱਕ ਟਵੀਟ ਸੰਦੇਸ਼ ਰਾਹੀਂ ਕਿਹਾ ਕਿ ਸੂਬੇ ‘ਚ ਡਾਕਟਰਾਂ ਦੀ ਕਮੀ ਹੈ ਅਤੇ ਸਿਹਤ ਸੇਵਾਵਾਂ ਦੀ ਲਾਗਤ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨਾਂ ਨੇ ਰਾਜ ‘ਚ ਨਵ-ਜੰਮੇ ਬੱਚਿਆਂ ਦੀ ਮੌਤਾਂ ‘ਤੇ ਵੀ ਚਿੰਤਾ ਜਾਹਿਰ ਕੀਤੀ।