ਕੋਰੀਆਈ ਪ੍ਰਾਏਦੀਪ ‘ਚ ਆਸ ਦੀ ਨਵੀਂ ਕਿਰਨ ਦਾ ਵਿਸਥਾਰ

ਕੋਰੀਆਈ ਪ੍ਰਾਏਦੀਪ ‘ਚ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਸਾਰੀ ਸਥਿਤੀ ਆਮ ਹੋਣ ਦੀ ਇੱਕ ਕਿਰਨ ਵਿਖਾਈ ਦਿੱਤੀ ਹੈ । 2 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਦੱਖਣੀ ਅਤੇ ਉੱਤਰੀ ਕੋਰੀਆ ਦਰਮਿਆਨ ਉੱਚ ਪੱਧਰੀ ਦੁਵੱਲੀ ਬੈਠਕ ਦਾ ਆਯੋਜਨ ਕੀਤਾ ਗਿਆ। ਦੋਵੇਂ ਕੋਰੀਆ ਮੁਲਕਾਂ ਵਿਚਾਲੇ ਇਹ ਗੱਲਬਾਤ ਉੱਤਰੀ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਪ੍ਰੋਗਰਾਮ ਤੋਂ ਪੈਦਾ ਹੋਏ ਤਣਾਅ ਦਰਮਿਆਨ ਹੋਈ ਹੈ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦਰਮਿਆਨ ਸਾਲ 2015 ‘ਚ ਦੁਵੱਲੀ ਗੱਲਬਾਤ ਹੋਈ ਸੀ।
ਇਸ ਦੁਵੱਲੀ ਗੱਲਬਾਤ ਦੇ ਆਯੋਜਨ ਦਾ ਫ਼ੈਸਲਾ ਉਸ ਸਮੇਂ ਆਇਆ ਜਦੋਂ ਨਵੇਂ ਸਾਲ ਦੀ ਆਮਦ ‘ਤੇ ਆਪਣੇ ਸੰਬੋਧਨ ‘ਚ ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ-ਉਨ ਨੇ ਦਖਣੀ ਕੋਰੀਆ ਨਾਲ ਆਪਣੇ ਸਬੰਧਾਂ ‘ਚ ਸੁਧਾਰ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ 5 ਫਰਵਰੀ ਤੋਂ ਦੱਖਣੀ ਕੋਰੀਆ ‘ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਖੇਡਾਂ ‘ਚ ਆਪਣਾ ਵਫ਼ਦ ਭੇਜਣ ‘ਤੇ ਸਹਿਮਤੀ ਦਿੱਤੀ।ਇਸ ਪ੍ਰਗਟਾਵੇ ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇੲ-ਇਨ ਇਸ ਸਬੰਧੀ ਅਮਰੀਕਾ ਤੱਕ ਪਹੁੰਚ ਕੀਤੀ ਅਤੇ ਇੰਨਾਂ ਖੇਡਾਂ ਦੌਰਾਨ ਆਪਣੀਆਂ ਸਾਲਾਨਾ ਫੌਜੀ ਅਭਿਆਸਾਂ ਨੂੰ ਮੁਲਤਵੀ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ। ਦਰਅਸਲ ਉੱਤਰੀ ਕੋਰੀਆ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਹੋਣ ਵਾਲੀਆਂ ਫੌਜੀ ਕਿਵਾਇਦਾਂ ਨੂੰ ਜੰਗੀ ਤਿਆਰੀ ਵੱਜੋਂ ਵੇਖਿਆ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਉੱਤਰੀ ਕੋਰੀਆ ਦੇ ਆਗੂ ਕਿਮ  ਜਾਂਗ ਉਨ ਦੇ ਗੱਲਬਾਤ ਦੇ ਸੱਦੇ ਨੂੰ ਸਕਾਰਾਤਮਕ ਢੰਗ ਨਾਲ ਲਿਆ ਅਤੇ ਦੋਵਾਂ ਆਗੂਆਂ ਨੇ ਦੁਵੱਲੀ ਗੱਲਬਾਤ ਵੀ ਕੀਤੀ ਤਾਂ ਜੋ ਕੋਰੀਆ ਪ੍ਰਾਏਦੀਪ ‘ਚ ਸ਼ਾਂਤੀ ਨੂੰ ਮੁੜ ਬਹਾਲ ਕੀਤਾ ਜਾ ਸਕੇ।
ਉੱਤਰੀ ਕੋਰੀਆ ਨੇ ਸਰਦ ਰੁੱਤ ਓਲੰਪਿਕ ਖੇਡਾਂ ‘ਚ ਆਪਣੇ ਖਿਡਾਰੀਆਂ ਦੇ ਵਫ਼ਦ ਨੂੰ ਦੱਖਣੀ ਕੋਰੀਆ ਭੇਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਦੁਵੱਲੀ ਗੱਲਬਾਤ ‘ਚ ਦੱਖਣੀ ਕੋਰੀਆ ਦੇ 5 ਮੈਂਬਰੀ ਵਫ਼ਦ ਦੀ ਅਗਵਾਈ ਏਕੀਕਰਨ ਮੰਤਰੀ ਚੋ ਮਿਊਂਗ ਯਾਨ ਅਤੇ ਉੱਤਰੀ ਕੋਰੀਆ ਦੇ ਵਫ਼ਦ ਦੀ ਅਗਵਾਈ ਚੀ.ਪੀ.ਆਰ.ਕੇ. ਦੇ ਮੁੱਖੀ ਰੀ ਸੋਨ ਗਵੋਨ ਨੇ ਕੀਤੀ। ਇਸ ਬੈਠਕ ਦੌਰਾਨ ਦੁਵੱਲੇ ਸਬੰਧਾਂ ‘ਚ ਸੁਧਾਰ ਸਬੰਧੀ ਵੀ ਚਰਚਾ ਕੀਤੀ ਗਈ।
ਦੱਖਣੀ ਕੋਰੀਆ ਦੇ ਉਪ ਏਕੀਕਰਨ ਮੰਤਰੀ ਚੁਨ ਹਾਏ ਸੁੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਅਥਲੀਟਾਂ ਤੋਂ ਇਲਾਵਾ ਇਕ ਉੱਚ ਪੱਧਰੀ ਵਫ਼ਦ, ਸਮਰਥਕ, ਕਲਾਕਾਰਾਂ ਅਤੇ ਤਾਇਕਵਾਂਡੋ ਟੀਮ ਨੂੰ ਖੇਡਾਂ ‘ਚ ਭੇਜਣ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਦੱਖਣੀ ਕੋਰੀਆ ਨੇ ਉਦਘਾਟਨ ਸਮਾਰੋਹ ‘ਚ ਦੋਵੇਂ ਧਿਰਾਂ ਵਲੋਂ ਇਕੱਠੇ ਮਾਰਚ ਕਰਨ ਦਾ ਸੁਝਾਅ ਰੱਖਿਆ ਹੈ ਅਤੇ ਪਰਿਵਾਰਾਂ ਦੇ ਮੁੜ ਮਿਲਾਪ ਦੀ ਸ਼ੁਰੂਆਤ ਕਰਨ ਦੀ ਅਪੀਲ ਤੋਂ ਇਲਾਵਾ ‘ਅਚਾਨਕ ਝੜਪਾਂ’ ਨੂੰ ਰੋਕਣ ਦੇ ਲਈ ਸੈਨਿਕ ਵਾਰਤਾ ਅਤੇ ਰੈੱਡ ਕ੍ਰਾਸ ਗੱਲਬਾਤ ਦੀ ਵੀ ਅਪੀਲ ਕੀਤੀ ਹੈ। ਦੱਖਣੀ ਕੋਰੀਆ ਨੇ ਕਿਹਾ ਕਿ ਉਹ ਸਰਦ ਰੁੱਤ ਉਲੰਪਿਕ ਖੇਡਾਂ ਦੇ ਸਫ਼ਲ ਤੇ ਸ਼ਾਂਤੀਪੂਰਨ ਆਯੋਜਨ ਦੇ ਲਈ ਜ਼ਰੂਰਤ ਪੈਣ ‘ਤੇ ਉੱਤਰੀ ਕੋਰੀਆ ਦੇ ਖ਼ਿਲਾਫ ਲਗਾਈਆਂ ਗਈਆਂ ਪਾਬੰਦੀਆਂ ਨੂੰ ਅਸਥਾਈ ਤੌਰ ‘ਤੇ ਹਟਾਉਣ ‘ਤੇ ਵਿਚਾਰ ਕਰੇਗਾ। ਦੱਸਣਯੋਗ ਹੈ ਕਿ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣਾਂ ਦੇ ਵਿਰੋਧ ‘ਚ ਉਨ੍ਹਾਂ ਦੇ ਕਈ ਅਧਿਕਾਰੀਆਂ ਦੇ ਆਪਣੇ ਦੇਸ਼ ‘ਚ ਪ੍ਰਵੇਸ਼ ‘ਤੇ ਇਕਤਰਫ਼ਾ ਪਾਬੰਦੀ ਲਗਾਈ ਹੋਈ ਹੈ।  ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੋਹ ਕਿਊਾ ਡੇਓਕ ਨੇ ਦੱਸਿਆ ਕਿ ਜੇਕਰ ਦੱਖਣੀ ਕੋਰੀਆ ਨੂੰ ਉਲੰਪਿਕ ਦੇ ਦੌਰਾਨ ਉੱਤਰੀ ਕੋਰੀਆਈ ਨਾਗਰਿਕਾਂ ਦੇ ਆਗਮਨ ਲਈ ਪਾਬੰਦੀਆਂ ਹਟਾਉਣ ਦੀ ਲੋੜ ਪਈ ਤਾਂ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਹੋਰਨਾਂ ਦੇਸ਼ਾਂ ਦੇ ਨਾਲ ਇਸ ‘ਤੇ ਵਿਚਾਰ ਕਰੇਗਾ ।
ਦੱਖਣੀ ਕੋਰੀਆ ‘ਚ ਉੱਤਰੀ ਕੋਰੀਆ ਨਾਲ ਗੱਲਬਾਤ ਕੀਤੇ ਜਾਣ ਦੇ ਮੁੱਦੇ ‘ਤੇ ਸਿਆਸੀ ਪਾਰਟੀਆਂ ਵੰਡੀਆਂ ਹੋਈਆਂ ਹਨ।ਕੰਜ਼ਰਵੇਟਿਵ ਲਿਬਰਟੀ ਕੋਰੀਆ ਪਾਰਟੀ ਨੇ ਰਾਸ਼ਟਰਪਤੀ ਮੂਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉੱਤਰੀ ਕੋਰੀਆ ਨੱਲੋਂ ਆਪਣੇ ਆਪ ਨੂੰ ਦੂਰ ਰੱਖੇ।ਇੰਨਾਂ ਸਿਆਸੀ ਦਲਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੱਖਣੀ ਕੋਰੀਆ ‘ਚ ਅੰਦਰੂਨੀ ਫਿੱਕ ਪਾਉਣੀ ਚਾਹੁੰਦਾ ਹੈ ਅਤੇ ਨਾਲ ਹੀ ਅਮਰੀਕਾ ਨਾਲ ਸਬੰਧਾਂ ‘ਚ ਵੀ ਖਟਾਸ ਪੈਦਾ ਕਰਨਾ ਚਾਹੁੰਦਾ ਹੈ।
ਕੁੱਝ ਹੋਰ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਗੱਲਬਾਤ ਨਾਲ ਉੱਤਰੀ ਕੋਰੀਆ ਨੂੰ ਆਪਣੇ ਪ੍ਰਮਾਣੂ ਵਿਕਾਸ ਪ੍ਰੋਗਰਾਮ ਨੂੰ ਪੂਰਾ ਕਰਨ ‘ਚ ਸਮਾਂ ਉਪਲਬੱਧ ਕਰਵਾਏਗੀ।ਉੱਤਰੀ ਕੋਰੀਆ ਵੱਲੋਨ ਗੱਲਬਾਤ ਦੇ ਸੱਦੇ ਨੂੰ ਤੁਰੰਤ ਮੰਨ ਲੈਣ ਦੇ ਰਾਸ਼ਟਰਪਤੀ ਮੂਨ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ ਜਾ ਰਹੀ ਹੈ।
ਇਸ ਵੱਡੀ ਪਹਿਲ ਤੋਂ ਇਕ ਗੱਲ ਸਾਫ ਹੁੰਦੀ ਹੈ ਕਿ ਭਾਵੇਂ ਦੋਵਾਂ ਮੁਲਕਾਂ ਦਰਮਿਆਨ ਤਣਾਅ ਦੀ ਸਥਿਤੀ ਬਣੀ ਹੋਈ ਹੈ ਪਰ ਫਿਰ ਵੀ ਦੋਵੇਂ ਦੇਸ਼ ਕਿਤੇ ਨਾ ਕਿਤੇ ਸ਼ਾਂਤਮਈ ਢਮਗ ਨਾਲ ਆਪਸੀ ਮਨਮੁਟਾਵ ਦੂਰ ਕਰਨ ਦੀ ਇੱਛਾ ਰੱਖਦੇ ਹਨ। ਦੋਵਾਂ ਧਿਰਾਂ ਵੱਲੋਂ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਨੇ ਆਪਸੀ ਤਣਾਅ ਨੂੰ ਘੱਟ ਕਰਨ ਲਈ ਫੌਜੀ ਗੱਲਬਾਤ ਦਾ  ਆਯੋਜਨ ਕੀਤਾ ਹੈ।ਇਸ ਸਬੰਧ ‘ਤ ਕਿਸੇ ਵੀ ਸਿੱਟੇ ‘ਤੇ ਪਹੁੰਚਣਾ ਬਹੁਤ ਜਲਦੀ ਦਾ ਫ਼ੈਸਲਾ ਹੋਵੇਗਾ।ਵਾਸਤਵ ‘ਚ ਇਸ ਦੁਵੱਲੀ ਗੱਲਬਾਤ ‘ਚ ਸਦਭਾਵਨਾ ਦੀ ਕਮੀ ਵੇਖੀ ਗਈ।ਚੀਨ, ਰੂਸ ਅਤੇ ਜਪਾਨ ਨੇ ਇਕ ਜਨਤਕ ਬਿਆਨ ਰਾਹੀਂ ਇਸ ਗੱਲਬਾਤ ਦਾ ਸਵਾਗਤ ਕੀਤਾ ਹੈ।
ਭਾਰਤ ਦੇ ਇਸ ਖੇਤਰ ਨਾਲ ਪੁਰਾਣੇ ਸਬੰਧ ਹਨ।ਨਵੀਂ ਦਿੱਲੀ ਨੇ ਸੁਝਾਅ ਦਿੱਤਾ ਹੈ ਕਿ ਖੇਤਰੀ ਸ਼ਕਤੀਆਂ ਨੂੰ ਇਸ ਸਬੰਧੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਿਸੇ ਆਪਸੀ ਪ੍ਰਵਾਨਯੋਗ ਸਿੱਟੇ ‘ਤੇ ਪਹੁੰਚ ਕੇ ਇਸ ਮੁਸ਼ਕਲ ਦਾ ਹੱਲ ਕੱਢਣਾ ਚਾਹੀਦਾ ਹੈ।
ਇੱਕ ਤਰਾਂ ਨਾਲ ਇਹ ਗੱਲਬਾਤ ਤਣਾਅ ਦੀ ਸਥਿਤੀ ‘ਚ ਘਿਰੇ ਦੋ ਮੁਲਕਾਂ ਦਰਮਿਆਨ ਆਸ ਦੀ ਇੱਕ ਕਿਰਨ ਵਾਂਗਰ ਹੈ ਕਿ ਸ਼ਾਇਦ ਸਮੇਂ ਦੇ ਨਾਲ ਸਭ ਠੀਕ ਹੋ ਜਾਵੇ।