ਸਮਾਜਿਕ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ

“ਫਿਰ ਆ ਗਈ ਭੰਗੜੇ ਦੀ ਵਾਰੀ
 ਲੋਹੜੀ ਮਨਾਉਣ ਦੀ ਕਰੋ ਤਿਆਰੀ
ਅੱਗ ਦੇ ਕੋਲ ਸਾਰੇ ਆਓ
ਸੁੰਦਰ ਮੁੰਦਰੀਏ ਜ਼ੋਰ ਨਾਲ ਗਾਓ…..”
ਲੋਹੜੀ ਦਾ ਤਿਉਹਾਰ ਭਾਰਤ ‘ਚ ਮੌਸਮੀ ਉਤਸਵ ਵੱਜੋਂ ਉੱਤਰ ਭਾਰਤ ‘ਚ ਖਾਸ ਕਰਕੇ ਪੰਜਾਬ ਸੂਬੇ ‘ਚ ਬਹੁਤ ਹੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਇਸ ਦੇ ਰੰਗ ਵੇਖਣ ਨੂੰ ਮਿਲਦੇ ਹਨ।
ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਪੂਰੇ ਢੋਲ ਢਮਾਕਿਆਂ ਤੇ ਪੁਰਾਤਣ ਰਸਮਾਂ ਰੀਤਾਂ ਅਨੁਸਾਰ ਸ਼ਗਨਾਂ ਨਾਲ ਮਨਾਇਆ ਜਾਂਦਾ ਹੈ। ਲੋਹੜੀ ਸ਼ਬਦ ਅਸਲ ‘ਚ ਦੋ ਸ਼ਬਦਾਂ ਤਿਲ ਅਤੇ ਰਿਉੜੀ ਦੇ ਸੁਮੇਲ ਤੋਂ ਬਣਿਆ ਹੈ ਜੋ ਕਿ ਪਹਿਲਾਂ ਤਿਲੋੜੀ ਤੇ ਫਿਰ ਸਮੇਂ ਦੀ ਚਾਲ ਦੇ ਨਾਲ ਨਾਲ ਬਦਲ ਕੇ ਲੋਹੜੀ ਬਣ ਗਿਆ। ਇਸ ਰਾਤ ਲੋਕਾਂ ਵੱਲੋਂ ਰਲ ਮਿਲ ਕੇ ਲੱਕੜਾਂ ਅਤੇ ਪਾਥੀਆਂ ਨੂੰ ਇੱਕਠਾ ਕਰਕੇ ਅਗਨੀ ਦਾ ਧੂਣਾ ਲਗਾਇਆ ਜਾਂਦਾ ਹੈ ਅਤੇ ਫਿਰ ਇਸ ਧੂਣੀ ਦੇ ਆਸ ਪਾਸ ਬੈਠ ਕੇ ਗੀਤ ਗਾਏ ਜਾਂਦੇ ਹਨ ਅਤੇ ਨਾਲ ਹੀ ਲੋਕ ਨਾਚ ਭੰਗੜਾ ਅਤੇ ਗਿੱਧਾ ਵੀ ਪਾਇਆ ਜਾਂਦਾ ਹੈ ਜੋ ਕਿ ਖੁਸ਼ੀ ਪ੍ਰਗਟ ਕਰਨ ਦਾ ਮੁੱਖ ਸਾਧਨ ਹੈ।ਇਸ ਅੱਗ ਨੂੰ ਸ਼ਗਨਾਂ ਵਾਲੀ ਮੰਨਿਆਂ ਜਾਂਦਾ ਹੈ ਅਤੇ ਇਸ ਲਈ ਲੋਕ ਅਗਨੀ ‘ਚ ਤਿੱਲ, ਗੁੜ,ਚਿੜਵੜੇ,ਗ਼ਚਕ, ਮੱਕੀ ਦੇ ਫੁੱਲੇ, ਰਿਉੜੀ, ਗੰਨਾ, ਮੂੰਗਫਲੀ ਆਦਿ ਭੇਟ ਕਰਦੇ ਹਨ ਅਤੇ ਸਾਰਿਆਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਨਾਲ ਹੀ ਬੋਲਿਆ ਜਾਂਦਾ ਹੈ,
  “ਇਸ਼ਰ ਆ ਦਲਿਦਰ ਜਾ, ਦਲਿਦਰ ਦੀ ਜੜ ਚੁੱਲੇ ਪਾ।”
ਲੋਹੜੀ ਦੇ ਤਿਉਹਾਰ ਦਾ ਮੁੱਢ ਵੀ ਮਨੁੱਖ ਦੇ ਕੁਦਰਤੀ ਸ਼ਕਤੀਆਂ ਨਾਲ ਸੰਘਰਸ਼ ਦੇ ਰੂਪ ਵਿੱਚ ਹੀ ਬੱਝਿਆ ਸੀ। ਪੋਹ ਮਹੀਨੇ ਦਾ ਪਿਛਲਾ ਅੱਧ ਸਰਦ ਰੁੱਤ ਦੀ ਸਿਖ਼ਰ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਕੋਹਰਾ, ਧੁੰਦ ਅਤੇ ਸੀਤ ਲਹਿਰ ਅਸਹਿ ਪ੍ਰਤੀਤ ਹੋਣ ਲਗਦੀਆਂ ਹਨ।
ਅੱਤ ਦੀ ਠੰਢ ਤੋਂ ਬਚਣ ਲਈ ਮਨੁੱਖ ਢੇਰਾਂ ਦੇ ਢੇਰ ਬਾਲਣ ਇਕੱਤਰ ਕਰਕੇ ਅੱਗ ਸੇਕਣ ਲਈ ਧੂਣੀਆਂ ਬਾਲ ਕੇ ਅਗਨੀ ਦੇਵਤੇ ਦੀ ਪੂਜਾ ਕਰਦਾ ਸੀ। ਇਸ ਤਰ੍ਹਾਂ ਉਹ ਅਗਨੀ ਦੇਵਤੇ ਦੀ ਕਈ ਦਿਨ ਪੂਜਾ ਕਰਕੇ ਅੰਤਾਂ ਦੀ ਸਰਦੀ ਤੋਂ ਮੁਕਤੀ ਮੰਗਦਾ ਸੀ। ਪੋਹ ਅਤੇ ਮਾਘ ਵਿਚਲੀ ਰਾਤ ਇਨ੍ਹਾਂ ਜਸ਼ਨਾਂ ਦੀ ਰਾਤ ਹੁੰਦੀ ਸੀ।ਅਗਨੀ ਦੇਵਤਾ ਕੋਲੋਂ ਸੁੱਖ ਸਮ੍ਰਿੱਧੀ ਅਤੇ ਪੁੱਤਰਾਂ ਦੀ ਦਾਤ ਮੰਗੀ ਜਾਂਦੀ ਸੀ
ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਕੁਝ ਲੋਕ ਲੋਹੜੀ ਨੂੰ ਸੰਤ ਕਬੀਰ ਦੀ ਪਤਨੀ ਲੋਈ ਨਾਲ ਜੋੜਦੇ ਹਨ ਅਤੇ ਮੰਨਦੇ ਹਨ ਕਿ ਉਸੇ ਦੇ ਨਾਮ ਤੋਂ ਲੋਹੜੀ ਦਾ ਨਾਮ ਪਿਆ ਹੈ। ਕੁਝ ਲੋਕ ਮੰਨਦੇ ਹਨ ਲੋਹੜੀ ਦਾ ਸ਼ਬਦ ਲੋਹ ਤੋਂ ਬਣਿਆ ਹੈ ਜਿਸਦਾ ਅਰਥ ਹੈ ਰੌਸ਼ਨੀ ਅਤੇ ਅੱਗ ਦਾ ਸੇਕ। ਪੁਰਾਤਨ ਸਮੇਂ ‘ਚ ਸਤੀ ਦਹਨ ਨਾਲ ਵੀ ਇਸ ਤਿਉਹਾਰ ਨੂੰ ਜੋੜਿਆ ਜਾਂਦਾ ਹੈ।
ਮਕਰ ਸਕਰਾਂਤੀ ਕਿਸੇ ਨਾ ਕਿਸੇ ਰੂਪ ਵਿੱਚ ਸਮੁੱਚੇ ਭਾਰਤ ਵਿੱਚ ਮਨਾਈ ਜਾਂਦੀ ਹੈ।
ਲੋਹੜੀ ਦੇ ਤਿਉਹਾਰ ਦਾ ਸਬੰਧ ਜਣਨ ਕ੍ਰਿਆ ਨਾਲ ਵੀ ਹੈ। ਅੱਸੂ ਦੇ ਨਰਾਤਿਆਂ ਤੋਂ ਲੈ ਕੇ ਲੋਹੜੀ ਤਕ ਦੇ ਸਾਰੇ ਤਿਉਹਾਰ ਕਿਸੇ ਨਾ ਕਿਸੇ ਰੂਪ ਵਿੱਚ ਵਨਸਪਤੀ ਦੀ ਤੇ ਮਾਨਵੀ ਉਤਪਤੀ ਨਾਲ ਸਬੰਧ ਰੱਖਦੇ ਹਨ। ਨਵੇਂ ਜਨਮੇ ਪੁੱਤਰ ਅਤੇ ਨਵੇਂ ਵਿਆਹੇ ਜੋੜੇ ਦੀ ਲੋਹੜੀ ਬੜੇ ਚਾਵਾਂ ਨਾਲ ਮਨਾਈ ਜਾਂਦੀ ਹੈ।ਕੁਝ ਅਗਾਂਹਵਧੂ ਸੋਚ ਵਾਲੇ ਮਾਪੇ ਧੀ ਦੀ ਵੀ ਲੋਹੜੀ ਮਨਾਉਣ ਲੱਗ ਪਏ ਹਨ ਜੋ ਸ਼ੁਭ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ।
ਪਹਿਲਾਂ ਪਹਿਲ ਆਪਸੀ ਸਾਂਝ ਹੋਣ ਕਰਕੇ ਸਾਰੇ ਇਕੱਠੇ ਇੱਕ ਹੀ ਥਾਂ ਲੋਹੜੀ ਪਾਉਂਦੇ ਸਨ ਜਿਸ ਨਾਲ ਕਿ ਆਪਸੀ ਮੇਲ, ਪਿਆਰ ਹੋਰ ਵੱਧਦਾ ਸੀ ਪਰ ਹੁਣ ਤਾਂ ਅਜਿਹਾ ਮੌਕਾ ਢਾਵਾਂ ਢਾਵਾਂ ਹੀ ਵਿਖਾਈ ਦਿੰਦਾ ਹੈ।
ਲੋਹੜੀ ਦੇ ਤਿਉਹਾਰ ਨਾਲ ਅਨੇਕਾ ਹੀ ਕਹਾਣੀਆਂ ਪ੍ਰਚਲਿਤ ਹਨ।ਜਿਸ ‘ਚੋਂ ਸਾਂਦਲਬਾਰ ਦੇ ਬਹਾਦਰ, ਪਰ-ਉਪਕਾਰੀ ਰਾਜਪੂਤ ਦੁੱਲਾ ਭੱਟੀ ਦੀ ਵੀਰ ਗਾਥਾ ਇਸ ਤਿਉਹਾਰ ਨਾਲ ਜੋੜੀ ਜਾਂਦੀ ਹੈ।ਕਿਹਾ ਜਾਂਦਾ ਹੈ ਕਿ ਦੁੱਲਾ ਪੰਜਾਬ ‘ਚ ਮੁਗਲ ਸ਼ਾਸਕ ਅਕਬਰ ਦੇ ਸਮੇਂ ‘ਚ ਸੀ।ਮੁਗਲ ਸਰਕਾਰ ਉਸ ਨੂੰ ਵਿਦਰੋਹੀ ਮੰਨਦੇ ਸਨ ।ਉਸ ਸਮੇਂ ਕੁੜੀਆਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ ਪਰ ਦੁੱਲੇ ਨੇ ਇੱਕ ਯੋਜਨਾ ਤਹਿਤ ਕਈ ਕੁੜੀਆਂ ਨੂੰ ਗੁਲਾਮੀ ਦੀ ਬੰਦਿਸ਼ ਤੋਂ ਨਿਜਾਤ ਦਵਾਈ ਅਤੇ ਨਾਲ ਹੀ ਉਨਾਂ ਦੇ ਵਿਆਹਾਂ ਸਬੰਧੀ ਸਾਰੀਆਂ ਰਸਮਾਂ ਵੀ ਨਿਭਾਈਆਂ। ਕਿਹਾ ਜਾਂਦਾ ਹੈ ਕਿ ਇਕ ਸੁੰਦਰ ਤੇ ਮੁੰਦਰੀ ਨਾਂਅ ਦੀਆਂ ਦੋ ਭੈਣਾਂ ਸਨ ਜੋ ਕਿ ਅਨਾਥ ਸਨ ਅਤੇ ਆਪਣੇ ਚਾਚੇ ਕੋਲ ਰਹਿੰਦੀਆਂ ਸਨ। ਇਕ ਵਾਰ ਮੁਗਲ ਕਰਿੰਦਿਆਂ ਦੀ ਉਨਾਂ ‘ਤੇ ਨਜ਼ਰ ਪੈ ਗਈ ਪਰ ਦੁੱਲੇ ਨੇ ਉਨਾਂ ਦੋਵਾਂ ਨੂੰ ਬਚਾ ਲਿਆ ਅਤੇ ਰਾਤ ਦੇ ਹਨੇਰੇ ‘ਚ ਅੱਗ ਦੀ ਧੂਣੀ ਬਾਲ ਕੇ ਉਨਾਂ ਦੋਵਾਂ ਭੈਣਾਂ ਦਾ ਵਿਆਹ ਵੀ ਕੀਤਾ।ਉਸ ਸਮੇਂ ਦੁੱਲੇ ਕੋਲ ਕੰਨਿਆ ਦਾਨ ਦੇਣ ਲਈ ਕੁੱਝ ਨਹੀਂ ਸੀ ਇਸ ਲਈ ਉਸ ਨੇ ਲੱਪ ਸ਼ੱਕਰ ਹੀ ਦੋਵਾਂ ਦੀ ਝੋਲੀ ਪਾ ਉਨਾਂ ਨੂੰ ਵਿਦਾ ਕੀਤਾ ਸੀ ਅਤੇ ਉਸ ਸਮੇਂ ਤੋਂ ਹੀ ਜਦੋਂ ਵੀ ਲੋਹੜੀ ਮੰਗੀ ਝਾਂਦੀ ਹੈ ਤਾਂ ਇਹ ਗੀਤ ਜ਼ਰੂਰ ਗਾਇਆ ਜਾਂਦਾ ਹੈ-
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ ਹੋ!
ਚਾਚਾ ਗ਼ਾਲੀ ਦੇਸੇ ਹੋ!
ਚਾਚਾ ਚੂਰੀ ਕੁੱਟੀ ਹੋ!
ਜ਼ਿੰਮੀਦਾਰਾਂ ਲੁੱਟੀ ਹੋ!
ਗਿਣ ਗਿਣ ਲਾਏ ਭੋਲੇ
ਇੱਕ ਭੋਲਾ ਰਹਿ ਗਿਆ
ਸਿਪਾਹੀ ਫੜ੍ਹ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਭਾਵੇਂ ਰੋ ਤੇ ਭਾਵੇਂ ਪਿੱਟ!
ਸਾਨੂੰ ਦੇ ਲੋਹੜੀ,
ਜੀਵੇ ਤੇਰੀ ਜੋੜੀ!
ਇਸ ਤੋਂ ਇਲਾਵਾ ਬੱਚੇ ਕਈ ਦਿਨ ਪਹਿਲਾਂ ਹੀ ਲੋਹੜੀ ਮੰਗਣ ਲਈ ਘਰ ਘਰ ਜਾਂਦੇ ਹਨ ਅਤੇ ਗਾਉਂਦੇ ਹਨ-
ਦੇ ਮਾਈ ਲੋਹੜੀ , ਜੀਵੇ ਤੇਰੀ ਜੋੜੀ।
ਖੋਲ੍ਹ ਮਾਈ ਕੁੰਡਾ, ਜੀਵੇ ਤੇਰਾ ਮੁੰਡਾ।
ਜੇਕਰ ਕੋਈ ਲੋਹੜੀ ਨਹੀਂ ਦਿੰਦਾ ਹੈ ਤਾਂ ਗਾਇਆ ਜਾਂਦਾ ਹੈ-
ਹੁੱਕਾ ਬੀ ਹੁੱਕਾ ਇਹ ਘਰ ਭੁੱਖਾ
ਜਾਂ ਫਿਰ
ਸਾਡੇ ਪੈਰਾਂ ਹੇਠਾਂ ਰੋੜ ਸਾਨੂੰ ਛੇਤੀ ਛੇਤੀ ਤੋਰ
ਸਾਡੇ ਪੈਰਾਂ ਹੇਠ ਸਲਾਈਆਂ ਅਸਾਂ ਕਿਹੜੇ ਵੇਲੇ ਦੀਆਂ ਆਈਆਂ।
ਤੇ ਜੇਕਰ ਕੋਈ ਖੁਸ਼ੀ ਖੁਸ਼ੀ ਲੋਹੜੀ ਦਿੰਦਾ ਹੈ ਤਾਂ ਉਸ ਲਈ ਕਿਹਾ ਜਾਂਦਾ ਹੈ-
ਗੰਗਾ ਬੀ ਗੰਗਾ ਇਹ ਘਰ ਚੰਗਾ।
ਪਹਿਲਾਂ ਘਰੇ ਚਾਵਾਂ ਨਾਲ ਬਣਾਈਆਂ ਪਿੰਨੀਆਂ, ਤਲੂਏਂ, ਕੁੱਲਰ, ਖੀਰ, ਗਜ਼ਰੇਲਾ ਵਰਗੇ ਮਿੱਠੇ ਪਕਵਾਨ ਬਣਾਏ ਜਾਂਦੇ ਸਨ ਅਤੇ ਸਾਰਿਆਂ ਨੂੰ ਖਵਾਏ ਜਾਂਦੇ ਸਨ। ਇੰਨਾਂ ‘ਚ ਕੋਈ ਦਿਖਾਵਾ ਨਹੀਂ ਸੀ ਪਰ ਹੁਣ ਲੋਹੜੀ ‘ਤੇ ਵੀ ਹੁੰਦੀਆਂ ਰਸਮਾਂ ‘ਚ ਵਪਾਰੀਕਰਨ ਦੀ ਝਲਕ ਵਿਖਾਈ ਦਿੰਦੀ ਹੈ।ਇਸ ਲਈ ਬਾਹਰੀ ਦਿਖਾਵੇ ਤੋਂ ਉਪਰ ਉੱਠ ਕੇ ਸਾਨੂੰ ਆਪਸੀ ਪਿਆਰ ਨਾਲ ਇੰਨਾਂ ਤਿਉਹਾਰਾਂ ਦਾ ਨਿੱਘ ਮਾਣਨਾ ਚਾਹੀਦਾ ਹੈ।
ਸੋਚੋ ਦੱਸੋ ਕਿੰਝ ਜਿਵਾਂਗੇ ਜੇਕਰ ਸੱਭਿਆਚਾਰ ਰਿਹਾ ਨਾ,
ਆਪਣੀ ਕੋਈ ਪਹਿਚਾਣ ਨਾ ਰਹਿਣੀ ਜੇਕਰ ਤਿੱਥ ਤਿਉਹਾਰ ਰਿਹਾ ਨਾ।
ਕਹਿ ਸਕਦੇ ਹਾਂ ਕਿ ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।ਜਿੱਥੇ ਇਹ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਦਾ ਹੈ ਉੱਥੇ ਹੀ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਵੀ ਕਰਦਾ ਹੈ। ਅੱਜ ਲੋੜ ਹੈ ਦੁੱਲੇੇ ਵਰਗੇ ਸੂਰਬੀਰਾਂ ਅਤੇ ਨਿਡਰ ਨਾਇਕਾਂ ਦੀ ਤਾਂ ਜੋ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਪੋਹ ਦੀ ਆਖਰੀ ਰਾਤ ਨੂੰ ਛਿੜੇ ਸਾਂਝਾ ਦੇ ਗੀਤ , ਅਤਿ ਦੀ ਸਰਦੀ ‘ਚ ਗੁੜ ਤੇ ਤਿਲਾਂ ਦੀ ਗਰਮੀ ਅਤੇ ਖੁਸ਼ੀਆਂ ਦੇ ਨਿੱਘ ਦਾ ਅਹਿਸਾਸ ਸਭਨਾਂ ਨੂੰ ਖੁਸ਼ੀਆਂ ਖੇੜੇ ਬਖ਼ਸ਼ੇ ਅਤੇ ਇਹ ਲੋਹੜੀ ਸਭਨਾਂ ਲਈ ਸ਼ਗਨਾਂ ਦੀ ਲੋਹੜੀ ਬਣ ਕੇ ਆਵੇ।
ਲੋਹੜੀ ਦੀਆਂ ਆਕਾਸ਼ਵਾਣੀ ਪਰਿਵਾਰ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ