ਮਾਲਦੀਵ ਨੇ ਦੁਹਰਾਈ ਆਪਣੀ ‘ਇੰਡੀਆ ਫਰਸਟ ਨੀਤੀ’

ਮਾਲਦੀਵ ਦੇ ਵਿਦੇਸ਼ ਮੰਤਰੀ ਮੁਹੰਮਦ ਅਸੀਮ 3 ਦਿਨਾਂ ਲਈ ਭਾਰਤ ਦੇ ਦੌਰੇ ‘ਤੇ ਸਨ।ਚੀਨ ਨਾਲ ਮਾਲਦੀਵ ਦੇ ਮੁਕਤ ਵਪਾਰ ਸਮਝੌਤੇ ਜਾਂ ਐਫ.ਟੀ.ਏ. ਦੇ ਸੰਭਾਵਿਤ ਪ੍ਰਭਾਵ ‘ਚ ਭਾਰਤੀ ਅਤੇ ਮਾਲਦੀਵ ਦੇ ਮੀਡੀਆ ਅਤੇ ਨਾਲ ਹੀ ਨੀਤੀ ਨਿਰਮਾਣ ਕਰਨ ਵਾਲਿਆਂ ‘ਚ ਚੱਲ ਰਹੀ ਬਹਿਸ ਦੌਰਾਨ ਹੋਈ ਇਹ ਫੇਰੀ ਹੋਈ।
ਮਾਲਦੀਵ ਦੇ ਰਾਸ਼ਟਰਪਤੀ ਨੇ ਪਿਛਲੇ ਮਹੀਨੇ ਚੀਨ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਹੀ ਦੋਵਾਂ ਮੁਲਕਾਂ ਵਿਚਾਲੇ ਐਫ.ਟੀ.ਏ. ‘ਤੇ ਦਸਤਖਤ ਕੀਤੇ ਗਏ ਸਨ। ਐਫ.ਟੀ.ਏ. ਪਹਿਲਾ ਅਜਿਹਾ ਇਕਰਾਰਨਾਮਾ ਹੈ ਜਿਸ ਨੂੰ ਮਾਲਦੀਵ ਨੇ ਕਿਸੇ ਹੋਰ ਦੇਸ਼ ਨਾਲ ਕੀਤਾ ਹੋਵੇ। ਮਾਲਦੀਵ ਅਨੁਸਾਰ ਇਸ ਸਮਝੌਤੇ ਨਾਲ ਬਰਾਮਦ ਦੇ ਵੱਧਣ ਨਾਲ ਆਰਥਿਕ ਵਿਕਾਸ ‘ਚ ਵੀ ਵਾਧਾ ਹੋਵੇਗਾ। ਚੀਨ ਅਤੇ ਮਾਲਦੀਵ ਦੋਵਾਂ ਹੀ ਦੇਸ਼ਾਂ ਨੇ ਇਸ ਸਮਝੌਤੇ ਨੂੰ ਮੀਲ ਦਾ ਪੱਥਰ ਦੱਸਿਆ ਹੈ, ਜਿਸ ਨਾਲ ਕਿ ਦੋਵਾਂ ਮੁਲਕਾਂ ਦੇ ਆਰਥਿਕ ਅਤੇ ਵਪਾਰਿਕ ਸਬੰਧਾਂ ‘ਚ ਵੀ ਮਜ਼ਬੂਤੀ ਆਵੇਗੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਉਦਯੋਗਾਂ ਨੂੰ ਇਸ ਦਾ ਲਾਭ ਵੀ ਹੋਵੇਗਾ।
ਜਿੱਥੋਂ ਤੱਕ ਇਸ ਸੰਬੰਧ ‘ਚ ਚੀਨ ਦਾ ਸਵਾਲ ਹੈ ਤਾਂ ਐਫ.ਟੀ.ਏ. ਰਾਹੀਂ ਬੀਜਿੰਗ ਦੱਖਣੀ ਏਸ਼ੀਆ ਖੇਤਰ ਅਤੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਿੰਦ ਮਹਾਸਾਗਰ ਖੇਤਰ ‘ਚ ਆਪਣੇ ਹਿੱਤਾਂ ਨੂੰ ਵਧਾ ਸਕੇਗਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਨੁਸਾਰ ਉਨਾਂ ਦੀ ‘ਵਨ ਬੇਲਟ ਐਂਡ ਰੋਡ’ ਪਹਿਲ ਮਾਲਦੀਵ ਦੀਆਂ ਵਿਕਾਸ ਰਣਨੀਤੀਆਂ ਦੇ ਅਨੁਕੂਲ ਹੈ।ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਟਾਪੂ ਦੇਸ਼ ਦੇ ਸਥਾਨਕ ਲਾਭਾਂ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ ਹੈ।
ਮਾਲਦੀਵ ‘ਚ ਇਸ ਸਮਝੌਤੇ ਪ੍ਰਤੀ ਰਲਵੀਂ ਪ੍ਰਤੀਕ੍ਰਿਆ ਮਿਲੀ ਹੈ। ਮਾਲਦੀਵ ਦੇ ਰਾਸ਼ਟਰਪਤੀ ਦੀ ਚੀਨ ਯਾਤਰਾ ਤੋਂ ਪਹਿਲਾਂ ਸੰਸਦ ‘ਚ ਇਸ ਸਬੰਧੀ ਵਿਚਾਰ ਚਰਚਾ ਅਤੇ ਖਰੜੇ ਦੀ ਜਾਣਕਾਰੀ ‘ਚ ਪਾਰਦਰਸ਼ਤਾ ਤੋਂ ਬਿਨਾਂ ਹੀ ਜਲਦਬਾਜ਼ੀ ‘ਚ ਇਸ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ।ਇਸ ਲਈ ਹੀ ਮਾਲਦੀਵ ‘ਚ ਵਿਰੋਧੀ ਧਿਰਾਂ ਨੇ ਐਫ.ਟੀ.ਏ. ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਦੇ ਅਧਿਐਨ ਦੀ ਮੰਗ ਕੀਤੀ ਹੈ।ਮਾਲਦੀਵ ਯੂਨਾਈਟਿਡ ਵਿਰੋਧੀ ਧਿਰ ਨੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਐਫ.ਟੀ.ਏ. ਦੇਸ਼ ਨੂੰ ਚੀਨ ਦੇ ਕਰਜੇ ਦੇ ਜਾਲ ‘ਚ ਫਸਾ ਦੇਵੇਗਾ, ਕਿਉਂਕਿ ਮਾਲਦੀਵ ਨੂੰ ਆਪਣਾ 70% ਤੋਂ ਵੱਧ ਦਾ ਕਰਜਾ ਚੀਨ ਨੂੰ ਦੇਣਾ ਹੈ।
ਹਾਲਾਂਕਿ ਭਾਰਤ ਨਾਲ ਆਪਣੇ ਸਬੰਧਾਂ ਨੂੰ ਸਪਸ਼ੱਟ ਕਰਦਿਆਂ ਮਾਲਦੀਵ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤ ਮਾਲਦੀਵ ਦਾ ਨੇੜਲਾ ਦੋਸਤ ਅਤੇ ਸਹਿਯੋਗੀ ਹੈ।ਉਨਾਂ ਨੇ ਇਹ ਵੀ ਕਿਹਾ ਕਿ ਮਾਲਦੀਵ ਭਾਰਤ ਨਾਲ ਵੀ ਐਫ.ਟੀ.ਏ. ਇਕਰਾਰਾਨਾਮਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਭਾਰਤ ਨੇ ਕਿਹਾ ਹੈ ਕਿ ਜਦੋਂ ਤੱਕ ਦੁਵੱਲੇ ਸਬੰਧਾਂ ਕਾਰਨ ਖੇਤਰੀ ਸ਼ਾਂਤੀ ਅਤੇ ਸਥਿਰਤਾ ਕਾਇਮ ਰਹੇਗੀ ਅਤੇ ਇਕ ਨੇੜਲੇ ਅਤੇ ਦੋਸਤਾਨਾ ਗੁਆਂਢੀ ਦੇ ਤੌਰ ‘ਤੇ ਮਾਲਦੀਵ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਭਾਰਤੀ ਚਿੰਤਾਵਾਂ ਲਈ ਸੰਵੇਦਨਸ਼ੀਲ ਰਹੇਗਾ।
ਇਸ ਸੰਦਰਭ ‘ਚ ਮਾਲਦੀਵ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਮਹੱਤਵਪੂਰਨ ਮੰਨੀ ਜਾ ਰਹੀ ਹੈ।ਰਾਸ਼ਟਰਪਤੀ ਯਾਮੀਨ ਦੇ ਵਿਸ਼ੇਸ਼ ਸਫੀਰ ਵੱਜੋਂ ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਨਾਲ ਹਿੰਦ ਮਹਾਂਸਾਗਰ ‘ਚ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਸਮੁੰਦਰੀ ਹਿੱਤਾਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ।ਸ੍ਰੀ ਅਸੀਮ ਨੇ ਭਾਰਤ ਨਾਲ ਆਪਣੇ ਸਬੰਧਾਂ ਦੀ ਮਜ਼ਬੂਤੀ ਲਈ ਮਾਲਦੀਵ ਦੀ ‘ਇੰਡੀਆ ਫਰਸਟ ਨੀਤੀ’ ਨੂੰ ਵੀ ਦੁਹਰਾਇਆ।ਪੀਐਮ ਮੋਦੀ ਨੇ ਵੀ ਪੁਸ਼ਟੀ ਕੀਤੀ ਕਿ ਭਾਰਤ ਹਮੇਸ਼ਾਂ ਹੀ ਮਾਲਦੀਵ ਦਾ ਭਰੋਸੇਮੰਦ ਅਤੇ ਨਜ਼ਦੀਕੀ ਮਿੱਤਰ ਮੁਲਕ ਰਹੇਗਾ ਅਤੇ ਉਸ ਦੀ ਤਰੱਕੀ ਅਤੇ ਵਿਕਾਸ, ਸੁਰੱਖਿਆ ‘ਚ ਸਹਿਯੋਗ ਪ੍ਰਦਾਨ ਕਰੇਗਾ।
ਵਿਸ਼ੇਸ਼ ਦੂਤ ਅਸੀਮ ਨੇ ਰਾਸ਼ਟਰਪਤੀ ਯਾਮੀਨ ਵੱਲੋਂ ਪੀਐਮ ਮੋਦੀ ਨੂੰ ਮਾਲਦੀਵ ਆਉਣ ਦਾ ਸੱਦਾ ਵੀ ਦਿੱਤਾ। ਪੀਐਮ ਮੋਦੀ ਨੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ ਅਤੇ ਢੁਕਵੇਂ ਸਮੇਂ ‘ਤੇ ਯਾਤਰਾ ਕਰਨ ਦਾ ਭਰੋਸਾ ਦਿੱਤਾ। ਸ੍ਰੀ ਅਸੀਮ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ।
ਹਾਲ ਹੀ ਦੇ ਕੁੱਝ ਸਾਲਾਂ ‘ਚ ਮਾਲਦੀਵ ਪ੍ਰਤੀ ਭਾਰਤ ਦਾ ਨਜ਼ਰਆਿ ਇਹ ਸੰਕੇਤ ਦਿੰਦਾ ਹੈ ਕਿ ਨਵੀਂ ਦਿੱਲੀ ਨੇ ਮਾਲਦੀਵ ‘ਚ ਸਿਆਸੀ ਗੜਬੜ ਦੇ ਬਾਵਜੂਦ ਵੀ ਦੁਵੱਲੇ ਸਹਿਯੋਗ ਨੂੰ ਵਧਾਉਣ ਦਾ ਯਤਨ ਕੀਤਾ ਹੈ। ਹਾਲਾਂੀਕ ਚੀਨ ਦੀ ਮਾਲਦੀਵ ‘ਚ ਭੂਮਿਕਾ ਅਸਥਿਰ ਅਤੇ ਸ਼ੱਕੀ ਹੈ ਪਰ ਫਿਰ ਵੀ ਜ਼ਿੰਮੇਵਾਰ ਗੁਆਂਢੀ ਮੁਲਕ ਹੋਣ ਦੇ ਨਾਤੇ ਭਾਰਤ ਮਾਲਦੀਵ ਦੇ ਵਿਕਾਸ ਲਈ ਵਚਨਬੱਧ ਰਹੇਗਾ।ਮਾਲਦੀਵ ਵੀ ਨਵੀਂ ਦਿੱਲੀ ਨਾਲ ਆਪਣੀ ਭੂਗੋਲਿਕ ਨੇੜਤਾ ਅਤੇ ਹਿੰਦ ਮਹਾਂਸਾਗਰ ਖੇਤਰ ‘ਚ ਭਾਰਤ ਦੀ ਰਣਨੀਤਕ ਸਥਿਤੀ ਨੂੰ ਅਣਦੇਖਾ ਨਹੀਂ ਕਰ ਸਕਦਾ ਹੈ।