ਇਸ ਹਫ਼ਤੇ ਸੰਸਦ ਦੀ ਕਾਰਵਾਈ ਦੇ ਮੁੱਖ ਅੰਸ਼

ਇਸ ਹਫ਼ਤੇ ਸੰਸਦ ਦੀ ਕਾਰਵਾਈ ਦਾ ਪ੍ਰਮੁੱਖ ਮੁੱਦਾ ਦੋਵੇਂ ਸਦਨਾਂ ‘ਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਸੀ।ਬੁੱਧਵਾਰ ਨੂੰ ਰਾਜ ਸਭਾ ‘ਚ ਰਾਸ਼ਟਰਪਤੀ ਦੇ ਸੰਬੋਧਨ ਨੂੰ ਵਾਇਸ ਵੋਟ ਨਾਲ ਪ੍ਰਵਾਨਗੀ ਮਿਲੀ।
ਉਪ ਚੇਅਰਮੈਨ ਪੀ.ਜੇ ਕੁਰੀਅਨ ਨੇ ਵੋਟ ਪਾਉਣ ਮਤੇ ਨੂੰ ਪੇਸ਼ ਕੀਤਾ, ਜਿਸ ਨੂੰ ਕਿ ਉਪਰਲੇ ਸਦਨ ਨੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਗਏ ਸੋਧ ਦੇ ਸਾਰੇ ਸੁਝਾਵਾਂ ਨੂੰ ਖਾਰਿਜ ਕਰਦਿਆਂ ਪਾਸ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਸੰਬੋਧਨ ‘ਤੇ ਬਹਿਸ ‘ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਲੰਬਾ ਭਾਸ਼ਣ ਪੇਸ਼ ਕੀਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦੋਵੇਂ ਸਦਨਾਂ ਦੇ ਸਾਂਝੇ ਇਜਲਾਸ ਲਈ ਇਹ ਪਹਿਲਾ ਸੰਬੋਧਨ ਸੀ।ਦੇਸ਼ ਵਾਸੀਆਂ ਦੇ ਕਲਿਆਣ ਅਤੇ ਭਲਾਈ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵਿਸਥਾਰ ‘ਚ ਚਰਚਾ ਕੀਤੀ। ਉਨਾਂ ਕਿਹਾ ਹੈ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਭਾਰਤ ‘ਚ ਲੋਕਤੰਤਰ ਦੀ ਰਾਖੀ ਲਈ ਕੁੱਝ ਹੀ ਆਗੂਆਂ ਨੇ ਲੜਾਈ ਲੜੀ ਹੈ ਬਲਕਿ ਅਣਗਿਣਤ ਭਾਰਤੀਆਂ ਨੇ ਦੇਸ਼ ‘ਚ ਲੋਕਤੰਤਰ ਕਾਇਮ ਰੱਖਣ ਲਈ ਸੰਘਰਸ਼ ਕੀਤਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਅਤੇ ਵਿਰਾਸਤ ‘ਚ ਅਮੀਰ ਲੋਕਤੰਤਰੀ ਪਰੰਪਰਾਵਾਂ ਸਦੀਆਂ ਤੋਂ ਪਹਿਲਾਂ ਦੀਆਂ ਹਨ।ਲੋਕ ਸਭਾ ‘ਚ ਵੀ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ।
ਆਂਧਰਾ ਪ੍ਰਦੇਸ਼ ਰਾਜ ਦੇ ਲਈ ਵਿਸ਼ੇਸ਼ ਪੈਕੇਜ ਦੇ ਮੁੱਦੇ ‘ਤੇ ਇਸ ਹਫ਼ਤੇ ‘ਚ ਵੀ ਸੰਸਦ ਦੇ ਦੋਵੇਂ ਸਦਨਾਂ ‘ਚ ਮਾਹੌਲ ਗਰਮ ਰਿਹਾ। ਲੋਕ ਸਭਾ ‘ਚ ਕੌਮੀ ਜਮਹੂਰੀ ਗੱਠਜੋੜ ਦੀ ਸਹਿਯੋਗੀ ਪਾਰਟੀ ਤੇਲਗੂ ਦੇਸ਼ਮ ਪਾਰਟੀ ਅਤੇ ਵਾਈ.ਐਸ.ਆਰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਾਂਝੇ ਤੌਰ ‘ਤੇ ਆਪਣੇ ਰਾਜ ਲਈ ਰਿਆਇਤਾਂ ਦੀ ਮੰਗ ਕੀਤੀ।ਦੋਵਾਂ ਸਦਨਾਂ ‘ਚ ਟੀ.ਡੀ.ਪੀ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੇਂਦਰੀ ਬਜਟ ‘ਚ ਉਨਾਂ ਦੇ ਸੂਬੇ ਲਈ ਵਿਸ਼ੇਸ਼ ਵਿਵਸਥਾ ਨਹੀਂ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੰਦੋਲਨਕਾਰੀ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਕੇਂਦਰ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਤਹਿਤ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ ਵਚਨਬੱਧ ਹੈ।
ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਹਮਸਰਾਜ ਅਹੀਰ ਨੇ ਲੋਕ ਸਭਾ ‘ਚ ਨਕਸਲੀ ਪ੍ਰਭਾਵਿਤ ਖੇਤਰਾਂ ‘ਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸਰਕਾਟ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ‘ਚ ਕੇਂਦਰੀ ਹਥਿਆਰਬੰਦ ਫੋਰਸਾਂ ਦੀ ਤੈਨਾਤੀ ਗਤੀਸ਼ੀਲ ਪ੍ਰਕ੍ਰਿਆ ਦਾ ਹੀ ਹਿੱਸਾ ਹੈ।
ਗ੍ਰਹਿ ਰਾਜ ਮੰਤਰੀ ਕਿਰਨ ਰੀਜਿਜੂ ਨੇ ਲੋਕ ਸਭਾ ‘ਚ ਇਕ ਲਿਖਤ ਜਵਾਬ ‘ਚ ਦੱਸਿਆ ਕਿ ਸਰਕਾਰ ਨੇ ਇਸ ਹਫ਼ਤੇ ਸੰਸਦ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਸਾਰੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਨਿਰਧਾਰਿਤ 32 ਬੈਂਕਾਂ ‘ਚ ਆਪਣੇ ਬੈਂਕ ਖਾਤੇ ਖੋਲ੍ਹਣ ਲਈ ਕਿਹਾ ਗਿਆ ਹੈ ਤਾਂ ਜੋ ਪਾਰਦਰਸ਼ਤਾ ਕਾਇਮ ਰਹਿ ਸਕੇ।ਇਹ ਵਿਦੇਸ਼ੀ ਹਿੱਸੇਦਾਰੀ ਰੈਗੂਲੇਸ਼ਨ ਐਕਟ ਤਹਿਤ ਕੀਤਾ ਗਿਆ ਹੈ।
ਇਸ ਹਫ਼ਤੇ ਵਿਦੇਸ਼ ਰਾਜ ਮੰਤਰੀ ਸੁਭਾਸ਼ ਬਾਮਰੇ ਨੇ ਰਾਜ ਸਭਾ ਨੂੰ ਦੱਸਿਆ ਕਿ ਹਥਿਆਰਬੰਦ ਫੋਰਸਾਂ ਵੱਲੋਂ ਆਪਣੇ ਅਧਿਕਾਰੀਆਂ ਅਤੇ ਹੋਰ ਰੈਂਕ ਦੇ ਮੁਲਾਜ਼ਮਾਂ ਲਈ ਸਿਹਤਮੰਦ ਅਤੇ ਢੁਕਵਾਂ ਵਾਤਾਵਰਨ ਕਾਇਮ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।ਉਨਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ’ਚ ਖੁਦਕੁਸ਼ੀ ਵਰਗੀਆਂ ਘਟਨਾਵਾਂ ਦੇ ਕਾਰਕਾਂ ਦੀ ਪਛਾਣ ਕਰਨ ਲਈ ਡਿਫੈਂਸ ਇੰਸਟੀਚਿਊਟ ਆਫ਼ ਸਾਈਕੋਲੋਜੀਕਲ ਰਿਸਰਚ ਨੇ ਇੱਕ ਸੋਧ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਹੈ।
ਲੋਕ ਸਭਾ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਫਰਾਂਸ ਨਾਲ ਰਫਾਲ ਲੜਾਕੂ ਜਹਾਜ਼ ਸੌਦੇ ‘ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਜਵਾਬ ‘ਚ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਅਤੇ ਏ.ਕੇ.ਐਂਟਨੀ ਨੇ ਵੀ ਰੱਖਿਆ ਸੌਦਿਆਂ ਬਾਰੇ ਕਈ ਖੁਲਾਸੇ ਨਹੀਂ ਕੀਤੇ ਸਨ ਕਿਉਂਕਿ ਇਸ ਨਾਲ ਕੌਮੀ ਸੁਰੱਖਿਆ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਸਾਹਮਣੇ ਆ ਜਾਂਦੀਆਂ ਹਨ।ਉਨਾਂ ਕਿਹਾ ਕਿ ਕਾਂਗਰਸ ਦੇ ਆਗੂ ਅਜਿਹੀਆਂ ਟਿੱਪਣੀਆਂ ਰਾਸ਼ਟਰੀ ਸੁਰੱਖਿਆ ਨਾਲ ਗੰਭੀਰ ਸਮਝੌਤਾ ਕਰ ਰਹੇ ਹਨ। ਵਿੱਤ ਮੰਤਰੀ ਦੇ ਇਸ ਬਿਆਨ ‘ਤੇ ਕਾਂਗਰਸੀ ਮੈਂਬਰ ਭੜਕ ਗਏ।
ਦੋਵਾਂ ਸਦਨਾਂ ‘ਚ 2018-19 ਦੇ ਆਮ ਬਜਟ ‘ਤੇ ਵੀ ਬਹਿਸ ਹੋਈ।ਵਿਰੋਧਾਂ ਵਿਚਾਲੇ ਵਿੱਤ ਮੰਤਰੀ ਜੇਲਤੀ ਨੇ ਲੋਕ ਸਭਾ ਨੂੰ ਦੱਸਿਆ ਕਿ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਸੁਧਾਰਾਂ ਦੇ ਚੰਗੇ ਲਾਭ ਵਿਖਾਈ ਦੇਣਗੇ। ਲੋਕ ਸਭਾ ‘ਚ ਇੱਕ ਲਿਖਤ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ.ਸਿੰਘ ਨੇ ਕਿਹਾ ਕਿ ਸਿੱਕਮ ‘ਚ ਨਥੂਲਾ ਰਾਹੀਂ ਮਾਨਸਰੋਵਰ ਦੀ ਯਾਤਰਾ ਲਈ ਭਾਰਤੀ ਸ਼ਰਧਾਲੂਆਂ ਨੂੰ ਇਜਾਜ਼ਤ ਦੇਣ ਲਈ ਚੀਨ ਨੇ ਸਹਿਮਤੀ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਰਸਤਾ ਡੋਕਲਾਮ ਅੱੜਿਕੇ ਦੌਰਾਨ 2017 ‘ਚ ਬੰਦ ਕਰ ਦਿੱਤਾ ਗਿਆ ਸੀ।