ਪ੍ਰਧਾਨ ਮੰਤਰੀ ਮੋਦੀ ਵੱਲੋਂ ਫਿਲਸਤੀਨ ਦੀ ਇਤਿਹਾਸਿਕ ਯਾਤਰਾ

ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਦੇ 3 ਮੁਲਕਾਂ-ਫਿਲਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੇ ਦੌਰੇ ਦੌਰਾਨ ਫਿਲਸਤੀਨ ਦੀ ਆਪਣੀ ਪਹਿਲੀ ਯਾਤਰਾ ਕੀਤੀ। ਕਿਸੇ ਭਾਰਤੀ ਪੀਐਮ ਵੱਲੋਂ ਇਹ ਪਹਿਲੀ ਫਿਲਸਤੀਨ ਦੀ ਫੇਰੀ ਸੀ। ਪੀਐਮ ਮੋਦੀ ਅਮਾਨ ਤੋਂ ਰਮਾਅੱਲਾ੍ਹ ਪਹੁੰਚੇ, ਜਿੱਥੇ ਉਨਾਂ ਨੇ ਯਾਸਰ ਅਰਾਫਤ ਦੇ ਮਕਬਰੇ ‘ਤੇ ਸ਼ਰਧਾਜ਼ਲੀ ਭੇਂਟ ਕੀਤੀ।ਬਾਅਦ ‘ਚ ਪੀਐਮ ਮੋਦੀ ਨੇ ਫਿਲਸਤੀਨ ਲਿਬਰੇਸ਼ਨ ਸੰਸਥਾ ਦੇ ਸੰਸਥਾਪਕ ਨੂੰ “ ਵਿਸ਼ਵ ਦੇ ਸਭ ਤੋਂ ਮਹਾਨ ਆਗੂਆਂ ‘ਚੋਂ ਇੱਕ” ਦੱਸਿਆ ਅਤੇ ਉਨਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਿਲਸਤੀਨ ‘ਚ ਉਨਾਂ ਦਾ ਯੋਗਦਾਨ ਇਤਿਹਾਸਿਕ ਹੈ।ਇਸ ਦੇ ਨਾਲ ਹੀ ਉਹ ਭਾਰਤ ਦੇ ਇਕ ਚੰਗੇ ਦੋਸਤ ਵੀ ਸਨ।
ਪੀਐਮ ਮੋਦੀ ਨੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਕਈ ਦੁਵੱਲੇ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਵੀ ਕੀਤੀ। ਇਸ ਤੋਂ ਬਾਅਦ ਇਕ ਸਾਂਝੀ ਕਾਨਫਰੰਸ ਦੌਰਾਨ ਪੀਐਮ ਮੋਦੀ ਨੇ ਫਿਲਸਤੀਨੀ ਰਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਨਵੀਂ ਦਿੱਲੀ ਪ੍ਰਭੂਤਾ ਅਤੇ ਆਜ਼ਾਦ ਫਿਲਸਤੀਨ ਦੀ ਕਾਮਨਾ ਕਰਦਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਅੱਬਾਸ ਨੇ ਫਿਲਸਤੀਨ ਸੰਘਰਸ਼ ‘ਚ ਭਾਰਤ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਭਾਰਤ ਪੱਛਮੀ ਏਸ਼ੀਆ ‘ਚ ਸ਼ਾਤੀ ਸਥਾਪਿਤ ਕਰਨ ਲਈ ਅਹਿਮ ਕਦਮ ਚੁੱਕ ਰਿਹਾ ਹੈ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਵਾਜ਼ ਵੀ ਬੁਲੰਦ ਕਰ ਰਿਹਾ ਹੈ।
ਇਸ ਮੌਕੇ ਫਿਲਸਤੀਨ ਦੇ ਰਾਸ਼ਟਰਪਤੀ ਅੱਬਾਸ ਨੇ ਭਾਰਤ  ਅਤੇ ਫਿਲਸਤੀਨ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਸਬੰਧੀ ਪੀਐਮ ਮੋਦੀ ਦੇ ਯੋਗਦਾਨ ਨੂੰ ਵੇਖਦਿਆਂ ਉਨਾਂ ਨੂੰ ਫਿਲਸਤੀਨ ਦੇ ਸਰਬੋਤਮ ਸਨਮਾਨ ‘ ਗ੍ਰੈਂਡ ਕਾਲ ਆਫ਼ ਦ ਸਟੇਟ ਆਫ਼ ਫਿਲਸਤੀਨ’ ਨਾਲ ਸਨਮਾਨਿਤ ਕੀਤਾ।
ਇਸ ਫੇਰੀ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਲਗਭਗ 5 ਕਰੋੜ ਡਾਲਰ ਦੇ 6 ਸਮਝੌਤਿਆਂ ਨੂੰ ਸਹਿਬੱਧ ਕੀਤਾ ਗਿਆ।ਜਿਸ ਤਹਿਤ ਬੇਤ ਸਾਹੁਰ ‘ਚ 3 ਕਰੋੜ ਡਾਲਰ ਦੀ ਲਾਗਤ ਨਾਲ ਇੱਕ ਅਤਿ ਆਧੁਨਿਕ ਹਸਪਤਾਲ ਦਾ ਨਿਰਮਾਣ ਕਰਨ ਤੋਂ ਇਲਾਵਾ 3 ਸਮਝੌਤੇ ਸਿੱਖਿਆ ਦੇ ਖੇਤਰ ‘ਚ ਅਤੇ ਇੱਕ ਸਮਝੌਤਾ ਕੌਮੀ ਪ੍ਰਿੰਟਿੰਗ ਲਈ ਮਸ਼ੀਨਾਂ ਅਤੇ ਹੋਰ ਸਾਮਾਨ ਖ਼੍ਰੀਦਣ ਸਬੰਧੀ ਕੀਤੇ ਗਏ। ਪੀਐਮ ਮੋਦੀ ਨੇ ਭਾਰਤ ਦੀ 4.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਨਾਲ ਬਣਨ ਵਾਲੇ ਫਿਲਸਤੀਨ ਕੂਟਨੀਤਕ ਸੰਸਥਾ ਦੀ ਸਥਾਪਨਾ ਲਈ ਕੰਮ ਦੀ ਸ਼ੁਰੂਆਤ ਕੀਤੀ।
ਇਹ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਵੱਲੋਂ ਪਿਛਲੇ ਮਹੀਨੇ ਭਾਰਤ ਫੇਰੀ ਅਤੇ ਪੀਐਮ ਮੋਦੀ ਵੱਲੋਂ ਜੁਲਾਈ 2017 ‘ਚ ਇਜ਼ਰਾਈਲ ਫੇਰੀ ਤੋਂ ਬਾਅਦ ਕੀਤੀ ਗਈ ਹੈ। ਇਹ ਫੇਰੀ ਇਸ ਲਈ ਖਾਸ ਹੈ ਕਿਉਂਕਿ ਇਜ਼ਾਰਈਲ ਅਤੇ ਫਿਲਸਤੀਨ ਨੂੰ ਦੋ ਵੱਖ-ਵੱਖ ਮੁਲਕ ਦੀ ਮਾਨਤਾ ਦਿੰਦਿਆਂ ਕਿਸੇ ਤੀਜੇ ਪੱਖ ਤੋਂ ਪ੍ਰਭਾਵਿਤ ਹੋਏ ਬਿਨਾਂ ਇੰਨਾਂ ਮੁਲਕਾਂ ਨਾਲ ਭਾਰਤ ਦੇ ਵਿਵਹਾਰ ਦੇ ਨਵੇਂ ਰਵੱਇਏ ਦੇ ਸੰਕੇਤ ਮਿਲਦੇ ਹਨ।
1992 ‘ਚ ਜਦੋਂ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਹੋਈ ਸੀ ਉਦੋਂ ਤੋਂ ਹੀ ਇਜ਼ਰਾਈਲ ਨਾਲ ਦੁਵੱਲੇ ਸਬੰਧਾਂ ‘ਚ ਵਿਸਥਾਰ ਕਰਦਿਆਂ ਭਾਰਤ ਨੇ ਫਿਲਸਤੀਨੀ ਮਾਮਲਿਆਂ ‘ਚ ਵੀ ਉਸ ਦਾ ਹਮੇਸ਼ਾਂ ਸਾਥ ਦਿੱਤਾ ਹੈ।
ਪੀਐਮ ਮੋਦੀ ਨੇ ਇਜ਼ਾਰਈਲ ਅਤੇ ਫਿਲਸਤੀਨ ਨੂੰ ਵੱਖ-ਵੱਖ ਰੱਖਦਿਆਂ ਦੋਵਾਂ ਨਾਲ ਸੰਤੁਲਨ ਵਾਲੇ ਸਬੰਧ ਕਾਇਮ ਰੱਖੇ ਹਨ।ਭਾਰਤ ਦੋਵਾਂ ਦੇਸ਼ਾਂ ਦੇ ਸ਼ਾਂਤੀ ਨਾਲ ਰਹਿਣ ਦੇ ਅਧਿਕਾਰ ਨੂੰ ਮਾਨਤਾ ਦਿੰਦਾ ਹੈ ਅਤੇ ਨਾਲ ਹੀ ਆਪਸੀ ਅੱੜਿਿਕਆਂ ਦਾ ਹੱਲ ਆਪਸੀ ਗੱਲਬਾਤ ਨਾਲ ਕੱਢਣ ‘ਤੇ ਵੀ ਜ਼ੋਰ ਦਿੰਦਾ ਹੈ।ਯਰੂਸ਼ਲਮ ਨੂੰ ਇਜ਼ਾਰਈਲ ਦੀ ਨਵੀਂ ਰਾਜਧਾਨੀ ਵੱਜੋਂ ਮਾਨਤਾ ਦੇਣ ਦੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦੀ ਨਿਖੇਧੀ ਕਰਨ ਵਾਲੇ ਯੂ.ਐਨ.ਜੀ.ਏ. ਪ੍ਰਸਤਾਵ ਦੇ ਪੱਖ ‘ਚ ਭਾਰਤ ਦੇ ਰੁਖ਼ ਨੇ ਇਕ ਵਾਰ ਫਿਰ ਇਹੀ ਸਪਸ਼ੱਟ ਕੀਤਾ ਕਿ ਉਹ ਫਿਲਸਤੀਨ ਦੇ ਪੱਖ ‘ਚ ਹੈ।ਉਸ ਸਮੇਂ ਰਾਜ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਫਿਲਸਤੀਨ ‘ਤੇ ਭਾਰਤ ਦਾ ਰੁਖ਼ ਸੁਤੰਤਰ ਅਤੇ ਪੱਕਾ ਹੈ। ਇਹ ਸਾਡੇ ਹਿੱਤਾਂ ਅਤੇ ਨਜ਼ਰੀਏ ਦੀ ਹੀ ਦੇਣ ਹੈ ਅਤੇ ਇਸ ‘ਤੇ ਕਿਸੇ ਤੀਜੇ ਮੁਲਕ ਦਾ ਪ੍ਰਭਾਵ ਨਹੀਂ ਹੈ।
ਪੀਐਮ ਮੋਦੀ ਦੀ ਫਿਲਸਤੀਨ ਫੇਰੀ ਇੱਕ ਸੁਤੰਤਰ ਅਤੇ ਪ੍ਰਭੂਤਾ ਸੰਪਨ ਫਿਲਸਤੀਨ ਦੀ ਸਥਾਪਨਾ ‘ਚ ਸਹਿਯੋਗ ਦੇਣ ਦੀ ਦਿਸ਼ਾ ‘ਚ ਭਾਰਤ ਦੀ ਪਹਿਲ ਹੈ ਅਤੇ ਇਸ ਦੇ ਨਾਲ ਹੀ ਬੁਨਿਆਦੀ ਢਾਂਚਾ ਅਤੇ ਵਿਕਾਸਾਤਮਕ ਪ੍ਰਾਜੈਕਟਾਂ ਰਾਹੀਂ ਫਿਲਸਤੀਨ ਦੇ ਰਾਸ਼ਟਰ ਨਿਰਮਾਣ ‘ਚ ਮਦਦ ਕਰਨ ਦੀ ਭਾਰਤ ਦੀ ਨੀਤੀ ਦੀ ਪੁਸ਼ਟੀ ਹੈ।ਇਸ ਦੌਰੇ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਭਾਰਤ ਇਜ਼ਾਰਈਲ ਅਤੇ ਫਿਲਸਤੀਨ ਨੂੰ ਇਕ ਨਜ਼ਰ ਨਾਲ ਨਹੀਂ ਵੇਖਦਾ ਹੈ।ਭਾਰਤ ਇਸ ਗੱਲ ਵੱਲ ਧਿਆਨ ਦੇ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਉਸ ਦੇ ਇਜ਼ਾਰਈਲ ਨਾਲ ਸਬੰਧ ਮਜ਼ਬੂਤ ਹੋਣ ਉੱਥੇ ਹੀ ਫਿਲਸਤੀਨ ਪ੍ਰਤੀ ਉਸ ਦੀ ਵਚਨਬੱਧਤਾ ਵੀ ਕਾਇਮ ਰਹੇ।