ਸਰਕਾਰ ਨੇ 50 ਕਰੋੜ ਰੁ. ਜਾਂ ਇਸ ਤੋਂ ਵੱਧ ਦੀ ਰਾਸ਼ੀ ਦੇ ਬੈਂਕ ਕਰਜ਼ੇ ਲਈ ਪਾਸਪੋਰਟ ਕੀਤਾ ਲਾਜ਼ਮੀ

ਸਰਕਾਰ ਨੇ ਬੈਂਕਾਂ ਤੋਂ 50 ਕਰੋੜ ਰੁਪਏ ਜਾਂ ਫਿਰ ਇਸ ਤੋਂ ਵੱਧ ਰਾਸ਼ੀ ਦੇ ਕਰਜ਼ਾ ਲੈਣ ਲਈ ਪਾਸਪੋਰਟ ਵੇਰਵੇ ਦੇਣੇ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਕਿਸੇ ਵੀ ਹਾਲਾਤ ‘ਚ ਧੋਖਾਧੜੀ ਦੇ ਮਾਮਲੇ ‘ਚ ਧੋਖੇਬਾਜ਼ਾਂ ਵੱਲੋਂ ਦੇਸ਼ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ।
ਵਿੱਤੀ ਸੇਵਾਵਾਂ ਦੇ ਸਕੱਤਰ ਰਾਜੀਵ ਕੁਮਾਰ ਨੇ ਬੀਤੇ ਦਿਨ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ 50 ਕਰੋੜ ਜਾਂ ਇਸ ਤੋਂ ਵੱਧ ਦੇ ਸਾਰੇ ਬੈਂਕ ਕਰਜ਼ਿਆਂ ਲਈ ਬੈਂਕਾਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਉਧਾਰ ਲੈਣ ਵਾਲਿਆਂ ਦੇ ਪਾਸਪੋਰਟ ਵੇਰਵਿਆਂ ਨੂੰ ਇੱਕਠਾ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਨੀਰਵ ਮੋਦੀ, ਮੇਹੁਲ ਚੌਕਸੀ, ਵਿਜੈ ਮਾਲਿਆ ਅਤੇ ਜਤਿਨ ਮੇਹਤਾ ਵਰਗੇ ਕਈ ਵੱਡੇ ਮੁਜ਼ਰਮ ਦੇਸ਼ ਛੱਡ ਕੇ ਭੱਜ ਗਏ ਹਨ, ਜਿਸ ਨਾਲ ਕਿ ਦੇਸ਼ ਦੀ ਵਿੱਤੀ ਪ੍ਰਣਾਲੀ ਨੂੰ ਢਾਹ ਲੱਗ ਰਹੀ ਹੈ।