ਭਾਰਤ-ਫਰਾਂਸ ਬਹੁ-ਪੱਖੀ ਸਬੰਧ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੱਲੋਂ ਆਪਣੀ ਭਾਰਤ ਦੀ ਪਹਿਲੀ ਯਾਤਰਾ ਕੀਤੀ ਗਈ ਜੋ ਕਿ ਭਾਰਤ-ਫਰਾਂਸ ਦੁਵੱਲੇ ਸਬੰਧਾਂ, ਖਾਸ ਕਰਕੇ ਰਣਨੀਤਕ ਸਬੰਧਾਂ ਨੂੰ ਉੱਚਾ ਚੁੱਕਣ ‘ਚ ਮਦਦਗਾਰ ਹੋਈ ਹੈ।ਫਰਾਂਸ ਨੇ ਭਾਰਤ ਨੂੰ ਇੱਕ ਉਭਰ ਰਹੀ ਮਹਾਨ ਸ਼ਕਤੀ ਵੱਜੋਂ ਸਵੀਕਾਰ ਕੀਤਾ ਹੈ।ਭਾਰਤ ਵਿਸ਼ਵ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਵੱਜੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਜਿਸ ਦੀ ਜੀ.ਡੀ.ਪੀ. 2.45 ਟ੍ਰਿਲੀਅਨ ਡਾਲਰ ਹੈ। ਭਾਰਤ ਕੋਲ ਮਨੁੱਖੀ ਵਿਕਾਸ ਸੰਭਾਵਨਾਵਾਂ ਵੀ ਬਹੁਤ ਹਨ ਇਸ ‘ਤੇ ਵੀ ਫਰਾਂਸ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ।
ਭਾਰਤ ਅਤੇ ਫਰਾਂਸ ਦਰਮਿਆਨ ਦੋਸਤਾਨਾ ਸੰਬੰਧ ਹਨ ਜੋ ਕਿ ਉਨਾਂ ਦੇ ਆਪਸੀ ਅਤੇ ਰਣਨੀਤਕ ਹਿੱਤਾਂ ਨੂੰ ਪ੍ਰਭਾਵਿਤ ਕਰਦੇ ਹਨ।ਜਦੋਂ 1974 ‘ਚ ਭਾਰਤ ਦਾ ਪਹਿਲਾ ਸ਼ਾਂਤਮਈ ਪ੍ਰਮਾਣੂ ਪ੍ਰੀਖਣ ਪੋਖਰਨ-1 ਕਰਵਾਇਆ ਗਿਆ ਸੀ, ਉਸ ਸਮੇਂ ਫਰਾਂਸ ‘ਚ ਰਾਸ਼ਟਰਪਤੀ ਵਾਲੇਰੀ ਗਿਸਕਾਰਡ ਦੀ ਐਸਟੇਂਗ ਦੀ ਸਰਕਾਰ ਨੇ ਭਾਰਤ ਵੱਲੋਂ ਆਪਣੀ ਤਕਨੀਕੀ ਮੁਹਾਰਤ ਦੀ ਜਾਂਚ ਲਈ ਪ੍ਰਮਾਣੂ ਪ੍ਰੀਖਣ ਦੀ ਹਮਾਇਤ ਕੀਤੀ ਸੀ।ਸਾਲ 1999 ‘ਚ ਪੋਖਰਨ-2 ਪ੍ਰੀਖਣ ਤੋਂ ਬਾਅਦ ਫਰਾਂਸ ਅਤੇ ਪੱਛਮੀ ਸਮੂਹ ਦੇ ਦੇਸ਼ਾਂ ਅਤੇ ਵੱਡੀਆਂ ਪ੍ਰਮਾਣੂ ਸ਼ਕਤੀਆਂ ਜਿੰਨਾਂ ਨੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਦੌਰ ‘ਚ ਦਾਖਲ ਹੋਣ ਦਾ ਵਿਰੋਧ ਕੀਤਾ ਸੀ ਉਨਾਂ ਦੇ ਰੁਖ਼ ‘ਚ ਬਹੁਤ ਅੰਤਰ ਵੇਖਣ ਨੂੰ ਮਿਿਲਆ ਸੀ।ਪੋਖਰਨ-2 ਤੋਂ ਬਾਅਦ ਫਰਾਂਸ ਨੇ ਭਾਰਤ ਉੱਤੇ ਪਾਬੰਦੀਆਂ ਲਾਗੂ ਨਹੀਂ ਕੀਤੀਆਂ ਸਨ।
ਭਾਰਤ ਅਤੇ ਫਰਾਂਸ ਦੇ ਦੁਵੱਲੇ ਸਬੰਧ ਬਹੁਤ ਵਿਆਪਕ ਅਤੇ ਮਜ਼ਬੂਤ ਹਨ। ਭਾਰਤ ਵੱਲੋਂ ਫਰਾਂਸ ਦੇ ਅਤਿ ਆਧੁਨਿਕ ਹਥਿਆਰਾਂ ਅਤੇ ਫੌਜੀ ਤਕਨਾਲੋਜੀ ਦੀ ਖ੍ਰੀਦ,ਅੱਤਵਾਦ ਵਿਰੋਧੀ ਕਾਰਵਾਈ ‘ਚ ਆਪਣੇ ਤਜ਼ਰਬਿਆਂ ਅਤੇ ਅਭਿਆਸਾਂ ਨੂੰ ਸਾਂਝਾ ਕਰਨਾ, ਪਾਇਰੇਸੀ ਕੰਟਰੋਲ ਅਤੇ ਫੌਜੀ ਗਸ਼ਤ ਅਤੇ ਸਾਂਝੇ ਉਦੇਸ਼ਾਂ ਦੇ ਢਾਂਚੇ ਅਧੀਨ ਤਾਇਨਾਤੀ ਸ਼ਾਮਲ ਹੈ।ਨਵੀਂ ਦਿੱਲੀ ਅਤੇ ਪੈਰਿਸ ਵੱਲੋਂ ਰਣਨੀਤਕ ਸਮੁੰਦਰੀ ਗਲਿਆਰੇ ਨੂੰ ਕੌਮਾਂਤਰੀ ਵਪਾਰ ਲਈ ਮੁਕਤ ਰੱਖਣ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਸਮੁੰਦਰੀ ਤੱਟਾਂ ਦੇ ਨਾਲ-ਨਾਲ ਫੌਜੀ ਤਾਇਨਾਤੀ ਦੀ ਨਿਗਰਾਨੀ ਲਈ ਸਾਂਝੇ ਉਦੇਸ਼ਾਂ ਨੂੰ ਵੀ ਸਾਂਝੇ ਕੀਤਾ ਜਾਂਦਾ ਹੈ।ਦੋਵਾਂ ਮੁਲਕਾਂ ਦਰਮਿਆਨ ਆਪਸੀ ਆਰਥਿਕ ਸਬੰਧ ਵੀ ਮਜ਼ਬੂਤ ਹਨ।ਟਿਕਾਊ ਵਿਕਾਸ, ਜਲਵਾਯੂ ਤਬਦੀਲੀ, ਸੰਯੁਕਤ ਰਾਸ਼ਟਰ ਸੁਧਾਰ ਵਰਗੇ ਕਈ ਅੰਤਰਰਾਸ਼ਟਰੀ ਮਹੱਤਤਾ ਵਾਲੇ ਮੁੱਦੇ ਹਨ ਜਿੰਨਾਂ ‘ਤੇ ਦੋਵਾਂ ਮੁਲਕਾਂ ਦੀ ਇਕਮੱਤ ਹੈ।
ਰਾਸ਼ਟਰਪਤੀ ਮੈਕਰੋਨ ਅਤੇ ਪੀਐਮ ਮੋਦੀ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਕੌਮਾਂਤਰੀ ਸਮੁੰਦਰੀ ਸ਼ਾਸਨ ਦੀ ਸੁਰੱਖਿਆ ਅਤੇ ਆਪਣੇ ਫੌਜੀ ਸਾਜ਼ੋ-ਸਾਮਾਨ ਦੀਆਂ ਸਹੂਲਤਾਂ ਨੂੰ ਵੰਡਣ, ਦੱਖਣ ਏਸ਼ੀਆ ‘ਚ ਅੱਤਵਾਦ ਨੂੰ ਖ਼ਤਮ ਕਰਨ ਦਾ ਸੰਕਲਪ ਅਤੇ ਸੁਰੱਖਿਆ ਲਈ ਆਪਣੇ ਸਾਂਝੇ ਉਦੇਸ਼ਾਂ ਦਾ ਐਲਾਨ ਕਰਕੇ ਸਬੰਧਾਂ ਨੂੰ ਉੱਚ ਰਣਨੀਤਕ ਪੱਧਰ ‘ਤੇ ਪਹੁੰਚਾ ਦਿੱਤਾ ਹੈ।
36 ਰਾਫੇਲ ਲੜਾਕੂ ਜੈੱਟਾਂ ਦੀ ਸਪਲਾਈ ਲਈ ਸਮਝੌਤਾ ਅਤੇ ਫਰਾਂਸ ਦੇ ਡਸਾਲਟ ਅਵੀਏਸ਼ਨ ਤੇ ਨਾਗਪੁਰ ‘ਚ ਭਾਰਤ ਦੀ ਰਿਲਾਇੰਸ ਰੱਖਿਆ ਦੀਆਂ ਉਪ-ਪ੍ਰਣਾਲੀਆਂ ਦੇ ਅਧੀਨ ਰਾਫੇਲ ਦੇ ਹਿੱਸਿਆਂ ਦੇ ਸਹਿ ਨਿਰਮਾਣ ਦੀ ਸਮੀਖਿਆ ਕੀਤੀ ਗਈ ਸੀ।ਜਹਾਜ਼ਾਂ ਦੀ ਹੋਰ ਖ੍ਰੀਦ ਸਬੰਧੀ ਪ੍ਰਕ੍ਰਿਆ ਵੀ ਵਿਚਾਰ ਅਧੀਨ ਹੈ।‘ਪ੍ਰਾਜੈਕਟ-75’ ਸਬੰਧੀ ਵੀ ਚਰਚਾ ਕੀਤੀ ਗਈ।
ਦੋਵੇਂ ਮੁਲਕਾਂ ਤੋਂ ਤਕਰੀਬਨ 10 ਅਰਬ ਯੂਰੋ ਦਾ ਦੁਵੱਲਾ ਵਪਾਰ ਹੋਣ ਦੀ ਸੰਭਾਵਨਾ ਹੈ।ਜਨਵਰੀ-ਜੁਲਾਈ 2017 ‘ਚ ਕੁੱਲ ਵਪਾਰ 6.06 ਅਰਬ ਯੂਰੋ ਸੀ।ਪ੍ਰਮਾਣੂ ਸਪਲਾਈ ਗਰੁੱਪ ਵੱਲੋਂ 2008 ‘ਚ ਪ੍ਰਮਾਣੂ ਊਰਜਾ ਪ੍ਰਣਾਲੀ ਦੀ ਸਿਵਲੀਅਨ ਪੱਧਰ ਲਈ ਵਰਤੋਂ ਤੋਂ ਪਾਬੰਦੀ ਹਟਾਉਣ ਤੋਂ ਬਾਅਦ ਫਰਾਂਸ ਵੱਲੋਂ ਸਪਲਾਈ ਦੀ ਵਧੇਰੇ ਸੰਭਾਵਨਾ ਹੈ।ਫਰਾਂਸ ਮੌਜੂਦਾ ਅਤੇ ਸੰਭਾਵਿਤ ਮੌਕਿਆਂ ਨੂੰ ਪ੍ਰਾਪਤ ਕਰਨ ਲਈ ਉਤਸੁਕ ਹੋਵੇਗਾ ਜਦਕਿ ਭਾਰਤ ਆਪਣੀ ਪ੍ਰਮਾਣੂ ਊਰਜਾ ਆਧਾਰਿਤ ਸ਼ਕਤੀ ਦੇ ਉਤਪਾਦਨ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ।
ਰਾਸ਼ਟਰਪਤੀ ਮੈਕਰੋਨ ਦੇ ਪੂਰਵੀ ਰਾਸ਼ਟਰਪਤੀ ਫਰਾਂਕੋਇਸ ਹੋਲੈਂਡ ਅਤੇ ਭਾਰਤੀ ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਸਬੰਧੀ ਮਹੱਤਵਪੂਰਨ ਕਦਮ ਚੁੱਕਦਿਆਂ ਸੰਧੀ ਆਧਾਰਿਤ ਅੰਤਰਰਾਸ਼ਟਰੀ ਸੋਲਰ ਗੱਠਜੋੜ ਦੀ ਸਥਾਪਨਾ ਕੀਤੀ, ਜਿਸ ‘ਚ 121 ਮੁਲਕ ਸ਼ਾਮਲ ਹਨ।ਗਲੋਬਲ ਵਾਰਮਿੰਗ ਅਤੇ ਓਜ਼ੋਨ ਪਰਤ ਦੇ ਖ਼ਾਤਮੇ ਨੂੰ ਘਟਾਉਣ ਲਈ, ਵਿਕਸਿਤ ਸਥਾਈ ਊਰਜਾ ਉਤਪਾਦਨ ਨੂੰ ਨਵਾਂ ਰੂਪ ਦੇਣ ਲਈ ਇਹ ਇੱਕ ਬਹੁਤ ਹੀ ਵਧੀਆ ਮੌਕਾ ਹੈ ਜਿਸ ‘ਚ ਕੌਮਾਂਤਰੀ ਪੱਧਰ ‘ਤੇ ਦੇਸ਼ਾਂ ਦੀ ਸ਼ਮੂਲੀਅਤ ਹੋਵੇਗੀ।
ਰਾਸ਼ਟਰਪਤੀ ਮੈਕਰੋਨ ਅਤੇ ਪੀਐਮ ਮੋਦੀ ਸਮੇਤ ਹੋਰ ਦਰਜਨ ਤੋਂ ਵੀ ਵੱਧ ਆਲਮੀ ਆਗੂਆਂ ਨੇ ਨਵੀਂ ਦਿੱਲੀ ‘ਚ ਆਯੋਜਿਤ ਅੰਤਰਰਾਸ਼ਟਰੀ ਸੋਲਰ ਗੱਠਜੋੜ ਦੀ ਪਹਿਲੀ ਸਥਾਪਨਾ ਕਾਨਫਰੰਸ ‘ਚ ਸ਼ਿਰਕਤ ਕੀਤੀ।ਆਈ.ਐਸ.ਏ. ਦਾ ਟੀਚਾ 2030 ਤੱਕ 1 ਹਜ਼ਾਰ ਗੀਗਾ ਵਾਟ ਊਰਜਾ ਪ੍ਰਾਪਤ ਕਰਨਾ ਹੈ ਅਤੇ ਭਾਰਤ 2020 ਤੱਕ ਸੂਰਜੀ ਊਰਜਾ ਸਰੋਤਾਂ ਤੋਂ 100 ਗੀਗਾਵਾਟ ਊਰਜਾ ਪੈਦਾ ਕਰਨ ਲਈ ਵਚਨਬੱਧ ਹੈ।ਭਾਰਤ ਨੇ ਪਹਿਲਾਂ ਹੀ 2018 ਤੱਕ 20 ਗੀਗਾਵਾਟ ਦੇ ਆਪਣੇ ਸੂਰਜੀ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ।ਇੱਹ ਇੱਕ ਵੱਡੀ ਚਣੌਤੀ ਹੈ ਪਰ ਫਿਰ ਵੀ ਇਸ ਨੂੰ ਪ੍ਰਾਪਤ ਕਰਨਾ ਨਾਮੁਨਕਿਨ ਨਹੀਂ ਹੈ।ਇਸ ਨੂੰ ਸੌਰ ਊਰਜਾ ਦੇ ਖੇਤਰ ‘ਚ ਇੱਕ ਕ੍ਰਾਂਤੀਕਾਰੀ ਪਹਿਲ ਵੱਜੋਂ ਵੇਖਿਆ ਜਾ ਰਿਹਾ ਹੈ।ਦੋਵਾਂ ਆਗੂਆਂ ਨੇ ਉੱਤਰਪ੍ਰਦੇਸ਼ ਦੇ ਮਿਰਜਾਪੁਰ ਵਿਖੇ ਭਾਰਤ ਦੇ ਸਭ ਤੋਂ ਵੱਡੇ ਸੂਰਜੀ ਪਲਾਂਟ ਦਾ ਉਦਘਾਟਨ ਵੀ ਕੀਤਾ।
ਭਾਰਤ ਅਤੇ ਫਰਾਂਸ ਨੇ ਸਾਰੇ ਦੇਸ਼ਾਂ ਨੂੰ ਆਲਮੀ ਬੁਰਾਈ ਅੱਤਵਾਦ ਨੂੰ ਜੜੋਂ ਖ਼ਤਮ ਕਰਨ, ਦਹਿਸ਼ਤਗਰਦਾਂ ਦੀ ਸੁਰੱਖਿਆ ਹਵਾਸੀਆਂ ਦੇ ਖ਼ਾਤਮੇ, ਵਿੱਤੀ ਮਦਦ ਦੇ ਸਰੋਤਾਂ ‘ਤੇ ਰੋਕ ਲਗਾਉਣ  ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।ਪੀਐਮ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਨੇ ਭਾਰਤ ਅਤੇ ਫਰਾਂਸ ਦੀਆਂ ਅੱਤਵਾਦ ਵਿਰੋਧੀ ਏਜੰਸੀਆਂ ਦਰਮਿਆਨ ਕੰਮਕਾਜ ਦੇ ਸਹਿਯੋਗ ਨੂੰ ਵਧਾਉਣ ਅਤੇ ਖਾਸ ਤੌਰ ‘ਤੇ ਆਨਲਾਈਨ ਇਸ ਦੇ ਪਰਸਾਰ ਨੂੰ ਰੋਕਣ ਲਈ ਨਵੇਂ ਤਰੀਕਿਆਂ ਦੀ ਪਛਾਣ ਕਰਨ ਅਤੇ ਉਨਾਂ ਨੂੰ ਅਮਲ ‘ਚ ਲਿਆਉਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ।
ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਪੇਸ਼ ਕੀਤਾ ਹੈ।ਅੰਤ ‘ਚ ਕਹਿ ਸਕਦੇ ਹਾਂ ਕਿ ਭਾਰਤ ਅਤੇ ਫਰਾਂਸ ਕੌਮਾਂਤਰੀ ਮੁੱਦਿਆਂ ‘ਤੇ ਸਾਂਝੀਆਂ ਚਿੰਤਾਵਾਂ ਅਤੇ ਉਦੇਸ਼ਾਂ ਨੂੰ ਸਾਂਝਾ ਕਰਦੇ ਹਨ।
ਫਰਾਂਸ ਦੇ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਨਵੀਂ ਦਿੱਲੀ ਦਾ ਦੌਰਾ ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਇੱਕ ਨਵੀਂ ਦਿਸ਼ਾ ਅਤੇ ਪ੍ਰੇਰਨਾ ਪ੍ਰਦਾਨ ਕਰੇਗਾ।