ਰਾਸ਼ਟਰੀ ਫ਼ਿਲਮ ਪੁਰਸਕਾਰ:ਅਦਾਕਾਰ ਵਿਨੋਦ ਖੰਨਾਂ ਨੂੰ ਦਾਦਾ ਸਾਹਿਬ ਫਾਲਕੇ ਅਤੇ ਅਦਾਕਾਰਾ ਸ੍ਰੀਦੇਵੀ ਨੂੰ ਸਰਬੋਤਮ ਅਦਾਕਾਰਾ ਦਾ ਪੁਰਸਕਾਰ

65ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੰਨਾਂ ਦਾ ਬੀਤੇ ਦਿਨ ਐਲਾਨ ਕੀਤਾ ਗਿਆ , ਉਸ ‘ਚ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਨੂੰ ਮਰਨ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਵਾਜਿਆ ਗਿਆ।ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਮਰਹੂਮ ਖੰਨਾ 49ਵੇਂ ਪ੍ਰਾਪਤ ਕਰਤਾ ਹਨ। ਦਾਦਾ ਸਾਹਿਬ ਫਾਲਕੇ ਅਵਾਰਡ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਹੈ।
ਦੱਸਣਯੋਗ ਹੈ ਕਿ ਮਰਹੂਮ ਵਿਨੋਦ ਖੰਨਾ ਦੀ ਪਿਛਲੇ ਸਾਲ 27 ਅਪ੍ਰੈਲ ਨੂੰ ਕੈਂਸਰ ਦੀ ਬਿਮਾਰੀ ਨਾਲ ਝੂਜਦਿਆਂ ਮੌਤ ਹੋ ਗਈ ਸੀ।
ਬਾਲੀਵੁੱਡ ਅਦਾਕਾਰਾ ਮਰਹੂਮ ਸ੍ਰੀ ਦੇਵੀ ਨੂੰ ‘ਮੋਮ’ ਫ਼ਿਲਮ ਲਈ ਮਰਨ ਉਪਰੰਤ ਸਰਬੋਤਮ ਅਦਾਕਾਰਾ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ ਜਦਕਿ ਰਿਧੀ ਸੇਨ ਨੂੰ ਬੰਗਾਲੀ ਫ਼ਿਲਮ ‘ਨਗਰ ਕਿਰਤਨ’ ਸ਼ਾਨਦਾਰ ਅਦਾਕਾਰੀ ਕਰਨ ਲਈ ਸਰਬੋਤਮ ਐਕਟਰ ਵੱਜੋਂ ਨਵਾਜਿਆ ਗਿਆ ਹੈ।
ਫ਼ਿਲਮ ‘ਨਿਊਟਨ’ ਨੂੰ ਸਰਬੋਤਮ ਫ਼ਿਲਮ ਹੋਣ ਦਾ ਮਾਣ ਹਾਸਿਲ ਹੋਇਆ ਹੈ।ਮਲਿਆਲੀ ਫ਼ਿਲਮ ‘ਭਯਾਨਕਮ’ਲਈ ਜੈਰਾਜ ਨੂੰ ਸਰਬੋਤਮ ਨਿਰਦੇਸ਼ਕ ਅਤੇ ਰੀਮਾ ਦਾਸ ਦੀ ਅਸਮੀ ਫ਼ਿਲਮ ‘ਵਿਲੇਜ ਰਾਕਸਟਾਰਸ’ ਨੂੰ ਸਰਬੋਤਮ ਫ਼ੀਚਰ ਫ਼ਿਲਮ ਚੁਣਿਆ ਗਿਆ ਹੈ।
ਐਸ.ਐਸ. ਰਾਜਮੌਲੀ ਦੀ ‘ਬਾਹੂਬਲੀ: ਦ ਕਨਕਲੂਜ਼ਨ’ ਨੂੰ ਸਰਬੋਤਮ ਮਸ਼ਹੂਰ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।