ਸੀਰੀਆ ‘ਚ ਮਨੁੱਖੀ ਤਬਾਹੀ

ਆਧੁਨਿਕ ਇਤਿਹਾਸ ‘ਚ ਸੀਰੀਆ ਦੀ ਘਰੈਲੂ ਜੰਗ ਸਭ ਤੋਂ ਬੁਰੀ ਮਨੁੱਖੀ ਤਬਾਹੀ ਸਾਬਿਤ ਹੋਈ ਹੈ।ਮਾਰਚ 2011 ‘ਚ ਅਰਬ ਬਸੰਤ ਰੋਸ ਪ੍ਰਦਰਸ਼ਨਾਂ ਨੇ ਹਿੰਸਾਤਮਕ ਰੂਪ ਧਾਰਨ ਕਰ ਲਿਆ ਅਤੇ ਅੰਦਾਜ਼ਨ 250,000 ਲੋਕ ਸੀਰੀਆ ਦੀ ਜੰਗ ਦਾ ਸ਼ਿਕਾਰ ਹੋਏ ਜਿਸ ‘ਚ 100,000 ਨਾਗਰਿਕ, ਮਹਿਲਾ ਅਤੇ ਬੱਚੇ ਸ਼ਾਮਿਲ ਹਨ।ਫੌਜੀ ਅਤੇ ਨਾਗਰਿਕਾਂ ਠਿਕਾਣਿਆਂ ‘ਤੇ ਕਈ ਰਸਾਇਣਿਕ ਹਮਲੇ ਕੀਤੇ ਗਏ ਹਨ ਜਿਸ ਕਾਰਨ ਕਈ ਮੌਤਾਂ ਹੋਈਆਂ ਹਨ।ਤਾਜ਼ਾ ਘਟਨਾ ‘ਚ ਇਸ ਮਹੀਨੇ ਪੂਰਬੀ ਘੌਟਾ ‘ਚ ਡੂਮਾ ‘ਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੀਆਂ ਦੋ ਘਟਨਾਵਾਂ ਦੀ ਸੂਚਨਾ ਮਿਲੀ ਹੈ।ਮੌਜੂਦਾ ਸਮੇਂ ‘ਚ ਇਹ ਸ਼ਹਿਰ ਜੈਸ਼ ਅਲ-ਇਸਲਾਮ ਦੇ ਕਬਜੇ ‘ਚ ਹੈ।ਇਸ ਖੇਤਰ ਨੂੰ ਮੁੜ ਪ੍ਰਾਪਤ ਕਰਨ ਲਈ ਸੀਰੀਆ ਦੀ ਫੌਜ ਵੱਲੋਂ ਫਰਵਰੀ 2018 ਤੋਂ ਲਗਾਤਾਰ ਕਈ ਹਮਲੇ ਕੀਤੇ ਜਾ ਚੁੱਕੇ ਹਨ ਅਤੇ ਜਾਰੀ ਵੀ ਹਨ।
ਖ਼ਬਰਾਂ ਅਨੁਸਾਰ ਜ਼ਹਿਰੀਲੇ ਰਸਾਇਣਕ ਬੰਬ ਸੀਰੀਆ ਦੀ ਫੌਜ ਵੱਲੋਂ ਲਗਾਤਾਰ ਡੂਮਾ ਸ਼ਹਿਰ ‘ਤੇ ਸੁੱਟੇ ਗਏ, ਜਿਸ ‘ਚ 40 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਇਸ ਜ਼ਹਿਰੀਲੇ ਰਸਾਇਣ ਨਾਲ ਪ੍ਰਭਾਵਿਤ ਹੋਏ ਹਨ।ਅੰਤਰਰਾਸ਼ਟਰੀ ਪ੍ਰਤੀਕ੍ਰਿਆ ਹੁਣ ਤੱਕ ਨਿੰਦਾ ਅਤੇ ਅਸਹਿਮਤੀ ਤੱਕ ਹੀ ਸੀਮਿਤ ਰਹੀ ਹੈ।ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਹੀ ਸਮੇਂ ‘ਤੇ ਸਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।ਦੂਜੇ ਪਾਸੇ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਸੀਰੀਆ ਦੀ ਫੌਜ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ।ਅੰਤਰਰਾਸ਼ਟਰੀ ਉਦਾਸੀਨਤਾ ਦਾ ਇਕ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਆਲਮੀ ਅਤੇ ਖੇਤਰੀ ਸ਼ਕਤੀਆਂ ਸੀਰੀਆ ਨੂੰ ਲੈ ਕੇ ਇਕ ਭੂ-ਰਾਜਨੀਤਕ ਖੇਡ ਖੇਡਣ ‘ਚ ਲੱਗੀਆਂ ਹੋਈਆ ਹਨ।ਸੀਰੀਆ ਸੰਕਟ ‘ਚ ਅਮਰੀਕਾ ਅਤੇ ਸੀਰੀਆ ਸਿੱਧੇ ਤੌਰ ‘ਤੇ ਸ਼ਾਮਿਲ ਹਨ।ਹਾਲਾਂਕਿ ਉਨਾਂ ਨੇ ਆਈ.ਐਸ.ਆਈ.ਐਸ. ਖਿਲਾਫ ਇਕ ਦੂਜੇ ਨਾਲ ਤਾਲਮੇਲ ਅਤੇ ਸਹਿਯੋਗ ਦਿੱਤਾ ਹੈ, ਪਰ ਇਹ ਦੋਵੇਂ ਹੀ ਸੀਰੀਆ ਦੇ ਭਵਿੱਖ ਨੂੰ ਤਬਾਹ ਕਰ ਰਹੇ ਵਿਦਰੋਹੀਆਂ ਨੂੰ ਸਹਾਰਾ ਵੀ ਦੇ ਰਹੇ ਹਨ।ਇਸ ਖੇਤਰ ‘ਚ ਸਥਿਤ ਇਰਾਨ, ਤੁਰਕੀ ਅਤੇ ਸਾਊਦੀ ਅਰਬ ਵਰਗੇ ਦੇਸ਼ ਵੀ ਵਿਰੋਧੀ ਦਲਾਂ ਨੂੰ ਉੱਸ਼ਾਹਿਤ ਕਰ ਰਹੇ ਹਨ। ਇਕ ਸਮੇਂ ਰੂਸ ਵੱਲੋਂ ਸਮਰਥਨ ਮਿਲਣ ਤੋਂ ਬਾਅਦ ਸੀਰੀਆ ਨੇ ਕਈ ਅਹਿਮ ਹਿੱਸਿਆਂ ‘ਚ ਤਰੱਕੀ ਹਾਸਿਲ ਕੀਤੀ ਹੈ। ਰੂਸ ਦੀ ਮਦਦ ਨਾਲ ਸੀਰੀਆ ਵਿਦਰੋਹੀਆਂ ਦੇ ਕਬਜ਼ੇ ਹੇਠ 60% ਭੂਭਾਗ ਨੂੰ ਮੁਕਤ ਕਰਵਾਉਣ ‘ਚ ਸਫਲ ਹੋ ਗਿਆ ਹੈ।
ਇਸ ਦਰਮਿਆਨ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਅਤੇ ਸ਼ਬਦੀ ਜੰਗ ਜਾਰੀ ਹੈ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਅੰਤਰਰਾਸ਼ਟਰੀ ਕਾਰਵਾਈ ਕੀਤੇ ਜਾਣ ਦੇ ਮੁੱਦੇ ‘ਤੇ ਵੀ ਸਹਿਮਤੀ ਨਹੀਂ ਬਣ ਪਾਈ ਹੈ।ਸੀਰੀਆ ‘ਚ ਹੋਏ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਨਵੇਂ ਸਿਰੇ ਤੋਂ ਸੁਤੰਤਰ ਜਾਂਚ ਦੇ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੇ ਵਿਰੋਧ’ਚ ਰੂਸ ਨੇ ਵੀਟੋ ਕਰ ਦਿੱਤਾ ਹੈ।ਬਦਲ ‘ਚ ਰੂਸ ਨੇ ਯੁੱਧ ਅਪਰਾਧਾਂ ਦੀ ਜਾਂਚ ਦੇ ਲਈ ਇਕ ਨਵੇਂ ਪ੍ਰਸਤਾਵ ਨੂੰ ਪੇਸ਼ ਕੀਤਾ, ਪਰ ਉਸ ਨੂੰ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਨਸਲ ‘ਚ ਬਹੁਮਤ ਪ੍ਰਾਪਤ ਨਹੀਂ ਹੋਇਆ।ਇਸ ਦੌਰਾਨ ਆ ਰਹੀਆਂ ਖ਼ਬਰਾਂ ਅਨੁਸਾਰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ‘ਤੇ ਫੌਜੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ।ਇਸ ਕਾਰਵਾਈ ਨਾਲ ਸੀਰੀਆ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਲਵੇਗਾ।
ਆਲਮੀ ਤਾਕਤਾਂ ‘ਚ ਚੱਲ ਰਹੀ ਸ਼ਬਦੀ ਜੰਗ ਅਤੇ ਕਾਰਵਾਈ ਦੀਆਂ ਤਿਆਰੀਆਂ ਦੀ ਸੀਰੀਆ ਦੀ ਜਨਤਾ ਨੂੰ ਭਾਰੀ ਕੀਮਤ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਰਸਾਇਣਕ ਹਥਿਆਰਾਂ ਨਾਲ ਜੁੜੀ ਸੰਧੀ ‘ਤੇ ਦਸਤਖਤ ਕਰਨ ਵਾਲੇ ਭਾਰਤ ਨੇ ਨਾਗਰਿਕ ਠਿਕਾਣਿਆਂ ‘ਤੇ ਰਸਾਇਣਕ ਹਮਲਿਆਂ ਦੀ ਨਿਖੇਧੀ ਕੀਤੀ ਹੈ।ਸਾਲ 2013 ‘ਚ ਜਦੋਂ ਪਹਿਲੀ ਵਾਰ ਰਸਾਇਣਕ ਹਮਲਾ ਹੋਇਆ ਸੀ, ਉਸ ਸਮੇਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਇਸ ਤਰ੍ਹਾਂ ਦੇ ਕਥਿਤ ਹਮਲਿਆਂ ਦੇ ਪ੍ਰਯੋਗ ‘ਤੇ ਚਿੰਤਾ ਪ੍ਰਗਟ ਕਰਦਾ ਹੈ।ਭਾਰਤ ਨੇ ਹਮੇਸ਼ਾਂ ਹੀ ਰਸਾਇਣਕ ਹਮਲਿਆਂ ਨੂੰ ਖ਼ਤਮ ਕਰਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ ਅਤੇ ਨਾਲ ਹੀ ਰਸਾਇਣਕ ਹਥਿਆਰਾਂ ਨੂੰ ਸੁਰੱਖਿਅਤ ਹੱਥਾਂ ‘ਚ ਦੇਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਵੀ ਕੀਤੀ ਹੈ।
ਭਾਰਤ ਨੇ ਸੀਰੀਆ ਸੰਕਟ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦਿਆਂ ਪੱਛਮੀ ਏਸ਼ੀਆ ਦੇ ਨਾਲ ਨਾਲ ਪੂਰੀ ਦੁਨੀਆ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਸਥਾਪਿਤ ਕਰਨ ਲਈ ਅੱਤਵਾਦੀ ਸੰਗਠਨਾਂ ਦੇ ਖਿਲਾਫ ਆਲਮੀ ਪੱਧਰ ‘ਤੇ ਨਿਰਣਾਇਕ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਮਾਸੂਮ ਲੋਕ ਇੰਨਾਂ ਰਸਾਇਣਕ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇੰਨਾਂ ਹਮਲਿਆਂ ਨੂੰ ਸਹੀ ਨਹੀਂ ਠਹਿਰਾਇਆ ਜਾ ਰਿਹਾ ਹੈ।ਸੀਰੀਆ ਨੇ ਵੱਡੇ ਪੱਧਰ ‘ਤੇ ਮਨੁੱਖੀ ਤਬਾਹੀ ਨੂੰ ਵੇਖਿਆ ਹੈ।ਹੁਣ ਸਮਾਂ ਆ ਗਿਆ ਹੈ ਕਿ ਸੰਯੁਕਤ ਸੰਘ ਅਤੇ ਹੋਰ ਏਜੰਸੀਆਂ ਆਪਣੀ ਜ਼ਿੰਮੇਦਾਰੀ ਨੂੰ ਸਮਝਨ ਅਤੇ ਇਸ ਤਰਾਸਦੀ ਨੂੰ ਹੋਰ ਭਿਆਨਕ ਰੂਪ ਧਾਰਨ ਕਰਨ ਤੋਂ ਰੋਕਣ।