ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਭਾਰਤੀ ਸਫੀਰ ਨਾਲ ਮੁਲਾਕਾਤ ਕਰਨ ਤੋਂ ਰੋਕਿਆ, ਭਾਰਤ ਨੇ ਜਤਾਇਆ ਰੋਸ

ਭਾਰਤ ਨੇ ਪਾਕਿਸਤਾਨ ਵੱਲੋਂ ਧਾਰਮਿਕ ਯਾਤਰਾ ‘ਤੇ ਆਏ ਸ਼ਰਧਾਲੂਆਂ ਨੂੰ ਭਾਰਤੀ ਰਾਜਦੂਤ ਅਤੇ ਕੌਂਸਲ ਨਾਲ ਨਾ ਮਿਲਣ ਦੇਣ ਦੀ ਘਟਨਾ ‘ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ।ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਸਿੱਧੇ ਤੌਰ ‘ਤੇ ਵਿਆਨਾ ਸੰਧੀ ਦੀ ਉਲੰਘਣਾ ਹੋ ਰਹੀ ਹੈ।ਜਿਸ ਨਾਲ ਕਿ ਦੁਵੱਲੇ ਕੂਟਨੀਤਕ ਸੰਬੰਧਾਂ ‘ਚ ਖਟਾਸ ਆਵੇਗੀ।
ਮੰਤਰਾਲੇ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦੁਵੱਲੇ ਸਮਝੌਤੇ ਤਹਿਤ 1800 ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ, ਪਰ ਇੰਨਾਂ ਨੂੰ ਵਾਹਗਾ ਸਰਹੱਦ ‘ਤੇ ਭਾਰਤੀ ਕੂਟਨੀਤਕਾਂ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਗਿਆ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਆਮ ਅਮਲ ਹੈ ਕਿ ਭਾਰਤੀ ਕੂਟਨੀਤਕਾਂ ਨੂੰ ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਕੂਟਨੀਤਕ ਅਤੇ ਪ੍ਰੋਟੋਕੋਲ ਡਿਊਟੀ ਤਹਿਤ ਉਨਾਂ ਨਾਲ ਮਿਲਣ ਦੀ ਛੋਟ ਹੁੰਦੀ ਹੈ।ਹਾਲਾਂੀਕ ਇਸ ਸਾਲ ਕੌਂਸਲਰ ਟੀਮ ਨੂੰ ਸਿੱਖ ਸ਼ਰਧਾਲੂਆਂ ਨਾਲ ਮਿਲਣ ਤੋਂ ਰੋਕਿਆ ਗਿਆ।
ਦੂਜੀ ਘਟਨਾ ‘ਚ 14  ਅਪ੍ਰੈਲ ਨੂੰ ਕੌਂਸਲ ਟੀਮ ਅਤੇ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਮੀਟਿੰਗ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਣੀ ਸੀ ਪਰ ਪਾਕਿ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੂੰ ਰਸਤੇ ‘ਚੋਂ ਹੀ ਵਾਪਿਸ ਕਰ ਦਿੱਤਾ।