ਪਾਕਿ ਦੇ ਸਾਬਕਾ ਪੀਐਮ ਸ਼ਰੀਫ ਦਾ ਕੇਸ ਦੇਖ ਰਹੇ ਜੱਜ ਦੇ ਘਰ ‘ਤੇ ਬੰਦੂਕਦਾਰੀਆਂ ਵੱਲੋਂ ਹਮਲਾ

ਪਾਕਿਸਤਾਨ ‘ਚ ਸੁਪਰੀਮ ਕੋਰਟ ਦੇ ਜੱਜ ਦੀ ਰਿਹਾਇਸ਼ ‘ਤੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਬੀਤੇ ਦਿਨ ਗੋਲੀਬਾਰੀ ਕੀਤੀ ਗਈ।ਦੱਸਣਯੋਗ ਹੈ ਕਿ ਜਸਟਿਸ ਏਜਾਜ਼ ਉਲ ਅਹਿਸਾਨ ਸਾਬਕਾ ਪੀਐਮ ਨਵਾਜ਼ ਸ਼ਰੀਫ ਦੇ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ।ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਹੈ ਕਿ ਜਸਟਿਸ ਏਜਾਜ਼ ਦੇ ਮਾਡਲ ਟਾਊਨ, ਲਾਹੌਰ ‘ਚ ਪੈਂਦੀ ਰਿਹਾਇਸ਼ ‘ਤੇ ਦੋ ਵਾਰ ਹਮਲਾ ਕੀਤਾ ਗਿਆ।
ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਚੀਫ ਜਸਟਿਸ ਮਿਆਂ ਸਾਕਿਬ ਨੀਸਾਰ ਨੇ ਜਸਟਿਸ ਅਹਸਾਨ ਦੇ ਘਰ ਦਾ ਦੌਰਾ ਕੀਤਾ ਅਤੇ ਪੰਜਾਬ ਦੇ ਇੰਨਸਪੈਕਟਰ ਜਨਰਲ ਅਰੀਫ਼ ਜਵਾਜ਼ ਖਾਨ ਨੂੰ ਤਲਬ ਕੀਤਾ।ਬਿਆਨ ‘ਚ ਕਿਹਾ ਗਿਆ ਹੈ ਕਿ ਚੀਫ਼ ਜਸਟਿਸ ਨਿੱਜੀ ਤੌਰ ‘ਤੇ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।ਇਸ ‘ਚ ਕਿਹਾ ਗਿਆ ਹੈ ਕਿ ਇਕ ਫੋਰੈਂਸਿਕ ਟੀਮ ਸਬੂਤ ਇੱਕਠੇ ਕਰਨ ਲਈ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਚੁੱਕੀ ਹੈ ਅਤੇ ਆਪਣੀ ਕਾਰਵਾਈ ਕਰ ਰਹੀ ਹੈ।
ਪ੍ਰਧਾਨ ਮੰਤਰੀ ਸ਼ਾਹਿਦ ਖਾਨ ਅੱਬਾਸੀ, ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅ੍ਰਮੈਨ ਬਿਲਾਵਲ ਭੁੱਟੋ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।