ਰਾਸ਼ਟਰਮੰਡਲ ਖੇਡਾਂ 2018 ਪੂਰੀ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ, 26 ਸੋਨ ਤਗਮਿਆਂ ਸਮੇਤ ਭਾਰਤ ਨੇ ਜਿੱਤੇ ਕੁੱਲ਼ 66 ਤਗਮੇ

ਆਸਟ੍ਰੇਲੀਆ ਦੇ ਗੋਲਗ ਕੋਸਟ ‘ਚ ਬੀਤੀ ਸ਼ਾਮ 21ਵੀਆਂ ਰਾਸ਼ਟਰਮੰਡਲ ਖੇਡਾਂ ਰੰਗਾਰੰਗ ਸਮਾਪਤੀ ਸਮਾਗਮ ਨਾਲ ਮੁਕੰਮਲ ਹੋਈਆ। ਭਾਰਤੀ ਮੁੱਕੇਬਾਜ਼ ਮੈਰੀ ਕਾਮ ਨੇ ਤਿਰੰਗਾ ਲਹਿਰਾ ਕੇ ਆਪਣੇ ਵਫ਼ਦ ਦੀ ਅਗਵਾਈ ਕੀਤੀ।
ਭਾਰਤ ਨੇ ਇੰਨਾਂ 11 ਦਿਨ ਚੱਲੇ ਮੁਕਾਬਲਿਆਂ ‘ਚ ਆਪਣੀ ਮੁਹਿੰਮ ਦੀ ਸਮਾਪਤੀ 26 ਸੋਨ, 20 ਚਾਂਦੀ ਅਤੇ 20 ਕਾਂਸੇ ਦੇ ਤਗਮਿਆਂ ਨਾਲ ਕੁੱਲ 66 ਤਗਮੇ ਜਿੱਤ ਕੇ ਕੀਤੀ।
ਆਸਟ੍ਰੇਲੀਆ ਮੈਡਲ ਸੂਚੀ ‘ਚ ਸਿਖਰ ‘ਤੇ ਰਿਹਾ। ਉਸ ਨੇ ਕੁੱਲ 98 ਤਗਮੇ ਜਿੱਤੇ ਜਿਸ ‘ਚ 80 ਸੋਨ, 59 ਚਾਂਦੀ ਅਤੇ 59 ਹੀ ਕਾਂਸੇ ਦੇ ਤਗਮੇ ਸ਼ਾਮਿਲ ਹਨ।ਕੁੱਲ 136 ਤਗਮਿਆਂ ਨਾਲ ਦੂਜੇ ਸਥਾਨ ‘ਤੇ ਇੰਗਲੈਂਡ ਰਿਹਾ ਹੈ।
ਖੇਡਾਂ ਦੇ ਆਖਰੀ ਦਿਨ ਭਾਰਤ ਨੇ 7 ਤਗਮੇ ਜਿੱਤੇ ਜਿਸ ‘ਚ 1 ਸੋਨ, 4ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ।ਸੋਨੇ ਦਾ ਤਗਮਾ ਬੈਡਮਿੰਟਨ ‘ਚ ਮਹਿਲਾ ਸਿੰਗਲ ਮੁਕਬਾਲੇ ‘ਚ ਸਟਾਰ ਖਿਡਾਰੀ ਸਾਇਨਾ ਨੇਹਵਾਲ ਨੇ ਜਿੱਤਿਆ। ਫਾਈਨਲ ਮੁਕਾਬਲੇ ‘ਚ ਉਸ ਦਾ ਮੁਕਾਬਲਾ ਆਪਣੀ ਹੀ ਹਮਵਤਨ ਪੀ.ਵੀ.ਸਿੰਧੂ ਨਾਲ ਸੀ।
ਪੁਰਸ਼ ਸਿੰਗਲ ਮੁਕਾਬਲੇ ‘ਚ ਕਿੰਦਬੀ ਸ੍ਰੀਕਾਂਤ ਨੂੰ ਮਲੇਸ਼ੀਆ ਦੇ ਲੀ ਚਾਂਗ ਨੇ ਮਾਤ ਦਿੱਤੀ ਜਿਸ ਨਾਲ ਕਿੰਦਬੀ ਨੂੰ ਚਾਂਦੀ ਦੇ ਤਗਮੇ ਨਾਲ ਹੀ ਤਸੱਲੀ ਰੱਖਣੀ ਪਈ।ਪੁਰਸ਼ਾਂ ਦੇ ਡਬਲਜ਼ ਮੁਕਾਬਲੇ ‘ਚ ਸਤਵਿਕ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ।
ਇਕ ਹੋਰ ਚਾਂਦੀ ਦਾ ਤਗਮਾ ਸਕੂਐਸ਼ ‘ਚ ਆਇਆ।ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਦੀ ਜੋੜੀ ਨੇ ਮਹਿਲਾ ਡਬਲਜ਼ ਫਾਈਨਲ ‘ਚ ਇਹ ਤਗਮਾ ਜਿੱਤਿਆ।ਦੋ ਕਾਂਸੇ ਦੇ ਤਗਮੇ ਟੈਬਲ ਟੈਨਿਸ ‘ਚ ਜਿੱਤੇ ਗਏ।