ਕੈਬਨਿਟ ‘ਚ ਹੋਇਆ ਫੇਰਬਦਲ; ਰਾਜਵਰਧਨ ਰਾਠੌਰ ਦੇ ਹਿੱਸੇ ਆਇਆ ਸੂਚਨਾ ‘ਤੇ ਪ੍ਰਸਾਰਣ ਮੰਤਰਾਲੇ, ਪਿਯੂਸ਼ ਗੋਇਲ ਵਿੱਤ ਮੰਤਰਾਲੇ ਦਾ ਵਾਧੂ ਭਾਰ ਚੁੱਕਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਸ਼ਾਮ ਕਈ ਕੇਂਦਰੀ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ ਦਾ ਐਲਾਨ ਕੀਤਾ।ਸੂਚਨਾ ਅਤੇ ਪਰਸਾਰਣ ਮੰਤਰਾਲੇ ਦਾ ਭਾਰ ਸਮ੍ਰਿਤੀ ਇਰਾਨੀ ਤੋਂ ਲੈ ਕੇ ਕਰਨਲ ਰਾਜਵਰਧਨ ਰਾਠੌਰ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਸ੍ਰੀਮਤੀ ਇਰਾਨੀ ਕੋਲ ਸਿਰਫ ਟੈਕਸਟਾਈਲ ਵਿਭਾਗ ਹੀ ਹੈ।ਕਰਨਲ ਰਾਠੌਰ ਨੂੰ ਇਸ ਮੰਤਰਾਲੇ ਦੀ ਸੁਤੰਤਰ ਜ਼ਿੰਮੇਵਾਰੀ ਦਿੱਤੀ ਗਈ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਫ਼ਤਰ ਤੋਂ ਜਾਰੀ ਇੱਕ ਰਿਲੀਜ਼ ‘ਚ ਦੱਸਿਆ ਗਿਆ ਹੈ ਕਿ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਭਾਰ ਦਿੱਤਾ ਗਿਆ ਹੈ, ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਦਾ ਬੀਤੇ ਦਿਨ ਗੁਰਦਾ ਟਰਾਂਸਪਲਾਂਟਹੋਇਆ ਹੈ ਅਤੇ ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਉਨਾਂ ਦੀ ਥਾਂ ‘ਤੇ ਸ੍ਰੀ ਗੋਇਲ ਵਿੱਤ ਮੰਤਰਾਲੇ ਨੂੰ ਵੇਖਣਗੇ।
ਅਲਫੋਂਸ ਤੋਂ ਸੂਚਨਾ ਅਤੇ ਤਕਨੀਕ ਮੰਤਰਾਲੇ ਦੇ ਰਾਜ ਮੰਤਰੀ ਦੀ ਜ਼ਿੰਮੇਵਾਰੀ ਵੀ ਵਾਪਿਸ ਲੈ ਲਈ ਗਈ ਹੈ। ਐਸ. ਐਸ.ਆਹਲੂਵਾਲੀਆ ਨੂੰ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਤੋਂ ਮੁਕਤ ਕਰਕੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।