ਉੱਤਰ ਪ੍ਰਦੇਸ਼: ਮੈਨਪੁਰੀ ‘ਚ ਇਕ ਸੜਕ ਹਾਦਸੇ ‘ਚ 18 ਲੋਕਾਂ ਦੀ ਮੌਤ; ਰਾਸ਼ਟਰਪਤੀ ਅਤੇ ਪੀਐਮ ਨੇ ਪ੍ਰਗਟ ਕੀਤਾ ਦੁੱਖ

ਉੱਤਰ ਪ੍ਰਦੇਸ਼ ‘ਚ ਮੈਨਪੁਰੀ ਸੜਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਜੋ ਗਈ ਹੈ ਜਦਕਿ 26 ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ  ਅਤੇ ਸੈਫਾਈ ਵਿਖੇ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਹੈ।ਬਹੁਤੇ ਪੀੜਤਾਂ ਦੀ ਸ਼ਨਾਖਤ ਕਰ ਲਈ ਗਈ ਹੈ।
ਸਾਡੇ ਪੱਤਰਕਾਰ ਦੀ ਰਿਪੋਰਟ ਅਨੁਸਾਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਅਧਿਾਕਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਖਮੀਆਂ ਨੂੰ ਬਰਾਬਰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਸ਼ਹਿਰੀ ਵਿਕਾਸ ਰਾਜ ਮੰਤਰੀ ਗਿਰੀਸ਼ ਯਾਦਵ ਨੇ ਮੌਕੇ ਵਾਲੀਂ ਥਾਂ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ।
ਜ਼ਿਲ੍ਹਾ ਮੈਜਿਸਟ੍ਰੇਟ ਪਰਦੀਪ ਕੁਮਾਰ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਜੈਪੁਰ ਤੋਂ ਫਾਰੁਖਬਾਦ ਵੱਲ ਆ ਰਹੀ ਸੀ ਕਿ ਮੈਨੀਪੁਰ ਸ਼ਹਿਰ ‘ਚ ਸੜਕੀ ਡਵਾਇਡਰ ਨਾਲ ਟਕਰਾ ਗਈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਟਵੀਟ ਸੰਦੇਸ਼ ‘ਚ ਕਿਹਾ ਹੈ ਕਿ ਪ੍ਰਸ਼ਾਸਨ ਪੀੜਤ ਲੋਕਾਂ ਦੀ ਮਦਦ ਲਈ ਢੁਕਵੇਂ ਕਦਮ ਚੁੱਕ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੇ ਸਾਕ ਸਬੰਧੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਜ਼ਖਮੀਆਂ ਦੀ ਜਲਦ ਤੋਂ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ।