ਕੋਰੀਆਈ ਪ੍ਰਾਇਦੀਪ ‘ਚ ਨਵੇਂ ਯੁੱਗ ਦੀ ਸ਼ੁਰੂਆਤ

ਮੰਗਲਵਾਰ ਨੂੰ ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਆਗੂ ਕਿਮ ਜਾਂਗ ਉਨ ਦਰਮਿਆਨ ਇਤਿਹਾਸਿਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਮਿਲਣੀ ਨੂੰ ਕੋਰੀਆਈ ਪ੍ਰਾਇਦੀਪ ‘ਚ ਨਵੇਂ ਯੁੱਗ ਦੀ ਸ਼ੁਰੂਆਤ ਵੱਜੋਂ ਵੇਖਿਆ ਜਾ ਰਿਹਾ ਹੈ।1950-53 ਦਰਮਿਆਨ ਚੱਲੇ ਕੋਰੀਆਈ ਯੁੱਧ ਤੋਂ ਬਾਅਦ 1953 ‘ਚ ਜੰਗੀ ਧਿਰਾਂ ਦਰਮਿਆਨ ਯੁੱਧਬੰਦੀ ਸਮਝੌਤੇ ‘ਤੇ ਸਹਿਮਤੀ ਬਣੀ ਸੀ। ਇਸ ਸੰਧੀ ‘ਤੇ ਤਿੰਨ ਧਿਰਾਂ- ਸੰਯੁਕਤ ਕਮਾਂਨ, ਚੀਨੀ ਫੌਜ ਅਤੇ ਉੱਤਰ ਕੋਰੀਆ ਫੌਜ ਦੇ ਨੁਮਾਇੰਦਿਆਂ ਨੇ ਦਸਤਖਤ ਕੀਤੇ ਸਨ।
ਪਿਛਲੇ 12 ਮਹੀਨਿਆਂ ‘ਚ ਉੱਤਰੀ ਅਤੇ ਦੱਖਣੀ ਕੋਰੀਆ ਦੋਵਾਂ ਮੁਲਕਾਂ ਦੇ ਲੋਕਾਂ ਦਾ ਜੀਵਨ ਅੱਗੇ ਖੂਹ ਪਿੱਛੇ ਖਾਈ ਵਾਲਾ ਹੋਇਆ ਪਿਆ ਸੀ।ਇਕ ਪਾਸੇ ਅਮਰੀਕਾ ਵੱਲੋਂ ਜੰਗ ਦੀ ਧਮਕੀ ਦਾ ਖ਼ਤਰਾ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ ਕਦੇ ਸ਼ਾਂਤੀ ਸਥਾਪਿਤ ਕਰਨ ਦੀ ਵਾਰਤਾ ‘ਚ ਮਜ਼ਬੂਤੀ ਆਉਂਦੀ ਵਿਖਦੀ ਸੀ।ਅਜਿਹੀ ਸਥਿਤੀ ‘ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਆਪਸੀ ਸੁਲਹ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਵੀ ਇੰਨਾਂ ਯਤਨਾ ਪ੍ਰਤੀ ਸਕਾਰਾਤਮਕ ਪ੍ਰਕ੍ਰਿਆ ਪੇਸ਼ ਕੀਤੀ।ਇੰਨਾਂ ਯਤਨਾਂ ਦੇ ਮੱਦੇਨਜ਼ਰ ਹੀ ਇਸ ਸਾਲ ਦੇ ਸ਼ੁਰੂ ਤੋਂ ਹੀ ਕੋਰੀਆਈ ਪ੍ਰਾਇਦੀਪ ‘ਚ ਸਮੀਕਰਨਾਂ ‘ਚ ਬਦਲਾਵ ਵੇਖਣ ਨੂੰ ਮਿਲ ਰਹੇ ਹਨ।
ਸਭ ਤੋਂ ਪਹਿਲਾਂ ਇਤਿਹਾਸਿਕ ਕਦਮ 27 ਅਪ੍ਰੈਲ ਨੂੰ ਰਾਸ਼ਟਰਪਤੀ ਮੂਨ ਅਤੇ ਕਿਮ ਜਾਂਗ ਉਨ ਵਿਚਾਲੇ ਸਿਖਰ ਸੰਮੇਲਨ ਸੀ।ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ, ਖੁਸ਼ਹਾਲੀ ਅਤੇ ਏਕੀਕਰਨ ਲਈ ਪਨਮੂਨਜੋਮ ਐਲਾਨਨਾਮੇ ਨੇ ਇਕ ਅਜਿਹੀ ਪਿੱਠਭੂਮੀ ਤਿਆਰ ਕੀਤੀ ਕਿ ਟਰੰਪ-ਕਿਮ ਸੰਮੇਲਨ ਦਾ ਪ੍ਰਸਤਾਵ ਰੱਖਿਆ ਗਿਆ।
ਮੰਗਲਵਾਰ ਦੀ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਅਤੇ ਉੱਤਰੀ ਕੋਰੀਆਈ ਵਫ਼ਦ ਦਰਮਿਆਨ ਵਿਸਥਾਰ ਨਾਲ ਗੱਲਬਾਤ ਹੋਈ।ਇੱਕ ਸਮਾਂ ਅਜਿਹਾ ਆਇਆ ਸੀ ਕਿ ਜਦੋਂ ਇਸ ਇਤਿਹਾਸਿਕ ਮਿਲਣੀ ਦੇ ਨਾ ਹੋਣ ਦਾ ਅਸਾਰ ਜ਼ਿਆਦਾ ਵੱਧ ਗਏ ਸਨ।ਇੱਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਸ਼ਾਂਤੀ ਗੱਲਬਾਤ ਤੋਂ ਪਿੱਛੇ ਹੱਟਣ ਦਾ ਸੰਕੇਤ ਵੀ ਦੇ ਦਿੱਤਾ ਸੀ। ਪਰ ਦੋਵਾਂ ਮੁਲਕਾਂ ਦੇ ਕੂਟਨੀਤਕਾਂ ਨੇ ਆਪਣੇ ਯਤਨ ਜਾਰੀ ਰੱਖੇ ਅਤੇ ਇਸ ਸੰਮੇਲਨ ਦੇ ਹੋਣ ਦੇ ਅਸਾਰ ਵੱਧਣ ਲੱਗੇ।ਇਸ ਦੌਰਾਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਇਕ ਵਾਰ ਫਿਰ ਸ੍ਰੀ ਕਿਮ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਮਿਲਣੀ ਲਈ ਤਿਆਰ ਕੀਤਾ।
ਇੰਨਾਂ ਯਤਨਾਂ ਦੇ ਸਦਕਾ 12 ਜੂਨ ਨੂੰ ਟਰੰਪ-ਕਿਮ ਸਿਖਰ ਸੰਮੇਲਨ ਪੂਰੀ ਤਰ੍ਹਾਂ ਨਾਲ ਉਮੀਦਾਂ ‘ਤੇ ਖਰਾ ਉਤਰਿਆ।ਅਮਰੀਕਾ ਨੇ ਉਤਰੀ ਕੋਰੀਆ ਨੂੰ ਬਰਾਬਰੀ ਸ਼ਕਤੀ ਦਾ ਦਰਜਾ ਦਿੱਤਾ ਜੋ ਕਿ ਪਿਓਂਗਯਾਂਗ ਲਈ ਮਾਣ ਵਾਲੀ ਗੱਲ ਹੈ।ਦੋਵਾਂ ਆਗੂਆਂ ਨੇ ਇਕ ਦੂਜੇ ਪ੍ਰਤੀ ਸਕਾਰਾਤਮਕ ਅਤੇ ਉਸਾਰੂ ਰੱਵੀਏ ਦਾ ਪ੍ਰਦਰਸ਼ਨ ਕੀਤਾ।
ਗੱਲਬਾਤ ਤੋਂ ਬਾਅਦ ਸਾਂਝੇ ਐਲਾਨਨਾਮੇ ‘ਤੇ ਦਸਤਖਤ ਕਰਦਿਆਂ ਡੋਨਲਡ ਟਰੰਪ ਨੇ ਕਿਹਾ ਕਿ ਕਿਮ ਜਾਂਗ ਉਨ ਨਾਲ ਮਿਲਣਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ ਅਤੇ ਉਨ੍ਹਾਂ ਦਰਮਿਆਨ ਖਾਸ ਅਪਨੇਪਨ ਦੀ ਹੋਂਦ ਵੇਖੀ ਗਈ ਹੈ।ਪਿਛਲੇ ਸਾਲ ਦੋਵਾਂ ਆਗੂਆਂ ਦੇ ਇਕ ਦੂਜੇ ਖਿਲਾਫ ਮੁਖਾਲਫ਼ਤ ਵਾਲੇ ਬਿਆਨਾਂ ਦੀ ਪਿੱਠਭੂਮੀ ‘ਚ ਹਾਲ ਦੇ ਬਿਆਨਾਂ ‘ਤੇ ਹੈਰਾਨੀ ਹੋ ਰਹੀ ਹੈ।
ਦੋਵਾਂਆਂ ਆਗੂਆਂ ਨੇ ਇਕ ਵਿਆਪਕ ਸਮਝੌਤੇ ਨੂੰ ਸਹੀਬੱਧ ਕੀਤਾ ਹੈ, ਜਿਸ ਨਾਲ ਕਿ ਕੋਰੀਆਈ ਪ੍ਰਾਇਦੀਪ ‘ਚ ਤਣਾਅਪੂਰਨ ਸਥਿਤੀ ‘ਚ ਕਮੀ ਆਵੇਗੀ।ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਲੋਕਾਂ ਦੀ ਉਮੀਦ ਤੋਂ ਵੱਧ ਇਹ ਸੰਮੇਲਨ ਸਫਲ ਰਿਹਾ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨ ਦੀ ਪ੍ਰਕ੍ਰਿਆ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
ਸਿਰਫ 2 ਪੰਨਿਆਂ ਦੇ ਇਸ ਸਮਝੌਤੇ ‘ਚ ਵੇਰਵਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਭਵਿੱਖ ਦੇ ਟੀਚਿਆਂ ਨੂੰ ਸਾਫ਼ ਤੌਰ ‘ਤੇ ਦਰਸਾਇਆ ਗਿਆ ਹੈ।ਇਸ ਅਨੁਸਾਰ ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਸ਼ਾਂਤੀ ਅਤੇ ਖੁਸ਼ਹਾਲੀ ਭਰਪੂਰ ਸਬੰਧਾਂ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ ਗਈ ਹੈ।ਸ੍ਰੀ ਕਿਮ ਨੇ ਅਮਰੀਕਾ ਵੱਲੋਂ ਸੁਰੱਖਿਆ ਗਾਰੰਟੀ ਦੇ ਜਵਾਬ ‘ਚ ਕੋਰੀਆਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਮੁਕਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ ।
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਸੰਮੇਲਨ ਨੂੰ ਉਤਪਾਦਕ ਦੱਸਿਆ ਹੈ ਅਤੇ ਨਾਲ ਹੀ ਕਿਹਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਦੀ ਮੰਗ ਮੰਨਦਿਆਂ ਦੱਖਣੀ ਕੋਰੀਆ ਨਾਲ ਆਪਣੇ ਫੌਜੀ ਅਭਿਆਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਉੱਤਰੀ ਕੋਰੀਆ ਇੰਨਾਂ ਫੌਜੀ ਮਸ਼ਕਾਂ ਨੂੰ ਉਸ ‘ਤੇ ਹਮਲਾ ਰਿਹਰਸਲਾਂ ਦੇ ਰੂਪ ‘ਚ ਵੇਖਦਾ ਸੀ।
ਹਾਲਾਂਕਿ ਇਹ ਸਮਝੌਤਾ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ‘ਤੇ ਚੁੱਪੀ ਧਾਰੀ ਹੈ।ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜਦੋਂ ਵਾਸਿੰਗਟਨ ਨੂੰ ਪੂਰੀ ਤਰ੍ਹਾਂ ਨਾਲ ਯਕੀਨ ਹੋ ਜਾਵੇਗਾ ਕਿ ਉੱਤਰੀ ਕੋਰੀਆ ਨੇ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈ ਉਸ ਸਮੇਂ ਇੰਨਾਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ।
12 ਜੂਨ ਦਾ ਇਹ ਸੰਮੇਲਨ ਕਈ ਕਾਰਨਾਂ ਕਰਕੇ ਅਕਤੂਬਰ 1994 ‘ਚ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਹੋਏ ਸਮਝੋਤੇ ਦੀ ਣਾਦ ਦਵਉਂਦਾ ਹੈ। ਪਰ ਇਹ ਸਮਝੌਤਾ ਦੋਵਾਂ ਧਿਰਾਂ ‘ਚ ਵਿਸ਼ਵਾਸ ਦੀ ਘਾਟ ਦੀ ਭੇਟ ਚੜ੍ਹ ਗਿਆ ਸੀ।
ਭਾਰਤ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਸਿੰਗਾਪੁਰ ‘ਚ ਹੋਈ ਇਤਿਹਾਸਿਕ ਮਿਲਣੀ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਇੱਕ ਸਕਾਰਾਤਮਕ ਕਦਮ ਹੈ ਅਤੇ ਭਾਰਤ ਨੇ ਹਮੇਸ਼ਾ ਹੀ ਕੂਟਨੀਤਕ ਅਤੇ ਸੰਵਾਦ ਰਾਂਹੀ ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੇ ਸਾਰੇ ਯਤਨਾਂ ਦਾ ਸਮਰਥਨ ਕੀਤਾ ਹੈ।
ਭਾਰਤ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਸੰਮੇਲਨ ਦੇ ਨਤੀਜਿਆਂ ਨੂੰ ਅਮਲ ‘ਚ ਵੀ ਲਿਆਂਦਾ ਜਾਵੇਗਾ ਅਤੇ ਇਸ ਤਰ੍ਹਾਂ ਖੇਤਰ ‘ਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਦੀ ਰਾਹ ਤਿਆਰ ਹੋਵੇਗੀ।
ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਉਮੀਦ ਹੈ ਕਿ ਕੋਰੀਆਈ ਪ੍ਰਾਇਦੀਪ ਮਸਲੇ ਦੇ ਹੱਲ ਸਮੇਂ ਭਾਰਤ ਦੇ ਗੁਆਂਢ ‘ਚ ਫੈਲ ਰਹੇ ਪ੍ਰਮਾਣੂ ਪ੍ਰਸਾਰ ਸਬੰਧੀ ਭਾਰਤ ਦੀਆਂ ਚਿੰਤਾਵਾਂ ਨੂੰ ਧਿਆਨ ‘ਚ ਰੱਖਿਆ ਜਾਵੇਗਾ।
ਅੰਤ ‘ਚ ਕਹਿ ਸਕਦੇ ਹਾਂ ਕਿ ਇਹ ਸਮਝੌਤਾ ਪਿਛਲੇ ਸਾਲ ਦੋ ਕੋਰੀਆਈ ਮੁਲਕਾਂ ਦਰਮਿਆਨ ਜੰਗ ਦੇ ਬੱਦਲਾਂ ਨੂੰ ਖ਼ਤਮ ਕਰਦਾ ਨਜ਼ਰ ਆ ਰਿਹਾ ਹੈ।ਪਰ ਅਜੇ ਵੀ ਰਾਹ ਸਾਫ ਨਹੀਂ ਹੈ, ਜੇਕਰ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਦੇ ਬਦਲ ‘ਚ ਕੋਈ ਮੰਗਾਂ ਰੱਖਦਾ ਹੈ ਤਾਂ ਇਸ ਪ੍ਰਕ੍ਰਿਆ ‘ਚ ਕੋਈ ਰੁਕਾਵਟ ਵੀ ਆ ਸਕਦੀ ਹੈ।