ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨ ਦੀ ਪ੍ਰਕਿਆ ਇਕ ਦੂਜੇ ਦੀ ਮੁਖਾਲਫ਼ਤ ਬੰਦ ਕਰਨ ‘ਤੇ ਨਿਰਭਰ ਹੋਵੇਗੀ: ਕਿਮ ਜਾਂਗ ਉਨ

ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਕਿਹਾ ਹੈ ਕਿ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨ ਦੀ ਪ੍ਰਕਿਆ ਵਾਸ਼ਿੰਗਟਨ ਅਤੇ ਪਿਓਂਗਯਾਂਗ ਵੱਲੋਂ ਇਕ ਦੂਜੇ ਦੇ ਵਿਰੋਧ ਨੂੰ ਰੋਕਣ ਦੀ ਪਹਿਲ ‘ਤੇ ਨਿਰਭਰ ਹੋਵੇਗੀ।
ਉੱਤਰੀ ਕੋਰੀਆ ਦੇ ਮੀਡੀਆ ਨੇ ਕਿਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਾਇਦੀਪ ‘ਚ ਸਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਮਕਸਦ ਨਾਲ ਦੋਵਾਂ ਮੁਲਕਾਂ ਨੂੰ ਆਪਸੀ ਸਮਝ ਤੋਂ ਪਰੇ ਇਕ ਦੂਜੇ ਦਾ ਵਿਰੋਧ ਨਾ ਕਰਨ ਦੀ ਗੱਲ ਕਹੀ ਹੈ।
ਸ੍ਰੀ ਕਿਮ ਨੇ ਅਮਰੀਕਾ ਵੱਲੋਂ ਸੁਰੱਖਿਆ ਗਾਰੰਟੀ ਦੇ ਜਵਾਬ ‘ਚ ਕੋਰੀਆਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਮੁਕਤ ਕਰਨ ਲਈ ਸਹਿਮਤ ਹੋ ਗਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਸੰਮੇਲਨ ਨੂੰ ਉਤਪਾਦਕ ਦੱਸਿਆ ਹੈ ਅਤੇ ਨਾਲ ਹੀ ਕਿਹਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਦੀ ਮੰਗ ਮੰਨਦਿਆਂ ਦੱਖਣੀ ਕੋਰੀਆ ਨਾਲ ਆਪਣੇ ਫੌਜੀ ਅਭਿਆਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਉੱਤਰੀ ਕੋਰੀਆ ਇੰਨਾਂ ਫੌਜੀ ਮਸ਼ਕਾਂ ਨੂੰ ਉਸ ‘ਤੇ ਹਮਲਾ ਰਿਹਰਸਲਾਂ ਦੇ ਰੂਪ ‘ਚ ਵੇਖਦਾ ਸੀ।
ਸਿਖਰ ਸੰਮੇਲਨ ਤੋਂ ਬਾਅਦ ਜਾਰੀ ਇਕ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਟਰੰਪ ਅਤੇ ਕਿਮ ਨੇ ਦੋਵਾਂ ਮੁਲਕਾਂ ਦਰਮਿਆਨ ਨਵੇਂ ਸਬੰਧਾਂ ਦੀ ਸਥਾਪਨਾ ਅਤੇ ਕੋਰੀਆਈ ਪਰਾਇਦੀਪ ‘ਚ ਸਥਾਈ ਤੇ ਮੁਕੰਮਲ ਸ਼ਾਂਤੀ ਕਾਇਮ ਕਰਨ ਸਬੰਧੀ ਮੁੱਦਿਆਂ ‘ਤੇ ਵਿਆਪਕ ਪੱਧਰ ‘ਤੇ ਵਿਚਾਰ ਚਰਚਾ ਕੀਤੀ ਹੈ।
ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਹੈ ਕਿ ਕਿਮ ਜਾਂਗ ਉਨ ਨੇ ਰਾਸ਼ਟਰਪਤੀ ਟਰੰਪ ਨੂੰ ਪਿਓਂਡਯਾਂਗ ਆਉਣ ਦਾ ਸੱਦਾ ਦਿੱਤਾ ਹੈ ਅਤੇ ਸ੍ਰੀ ਟਰੰਪ ਨੇ ਵੀ ਸ੍ਰੀ ਕਿਮ ਨੂੰ ਅਮਰੀਕਾ ਆਉਣ ਲਈ ਕਿਹਾ ਹੈ। ਦੋਵਾਂ ਹੀ ਆਗੂਆਂ ਨੇ ਇਕ ਦੂਜੇ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।