ਨਵੀਂ ਦੂਰਸੰਚਾਰ ਨੀਤੀ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਹੈ: ਸੰਚਾਰ ਮੰਤਰੀ

ਸੰਚਾਰ ਮੰਤਰੀ ਮਨੋਜ ਸਿਨਹਾ ਨੇ ਬੀਤੇ ਦਿਨ ਕਿਹਾ ਕਿ ਨਵੀਂ ਦੂਰਸੰਚਾਰ ਨੀਤੀ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਸਰਕਾਰ ਨੇ ਹਾਲ ‘ਚ ਹੀ ਨੈਸ਼ਨਲ ਡਿਜੀਟਲ ਸੰਚਾਰ ਨੀਤੀ ਨੂੰ ਜਾਰੀ ਕੀਤਾ ਹੈ ਜਿਸ ਦਾ ਉਦੇਸ਼ 2022 ਤੱਕ 40 ਲੱਖ ਨਵੀਆਂ ਨੌਕਰੀਆਂ ਦੀ ਸਿਰਜਣਾ ਕਰਨਾ, ਇਸ ਖੇਤਰ ‘ਚ ਲਗਭਗ 6.5 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਨਾਲ ਹੀ ਹਰੇਕ ਨਾਗਰਿਕ ਲਈ 50 ਐਮਬੀਪੀਐਸ ‘ਤੇ ਬ੍ਰਾਡਬੈਂਡ ਕਵਰੇਜ ਨੂੰ ਯਕੀਨੀ ਬਣਾਉਣਾ ਹੈ।
ਪਿਛਲੇ ਚਾਰ ਸਾਲਾਂ ‘ਚ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਬਾਰੇ ਨਵੀਂ ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਜਦੋਂ ਐਨ.ਡੀ.ਏ. ਸਰਕਾਰ ਨੇ ਸੱਤਾ ਸੰਭਾਲੀ ਸੀ ਉਸ ਸਮੇਂ ਦੂਰਸੰਚਾਰ ਸੈਕਟਰ ਦੀ ਸਥਿਤੀ ਬਹੁਤ ਹੀ ਡਾਵਾਂਡੋਲ ਸੀ ਅਤੇ ਹਿੱਸੇਦਾਰਾਂ ‘ਚ ਵੀ ਵਿਸ਼ਵਾਸ ਦੀ ਘਾਟ ਸੀ।ਉਨ੍ਹਾਂ ਕਿਹਾ ਕਿ ਹੁਣ ਪਿਛਲੇ ਚਾਰ ਸਾਲਾਂ ‘ਚ ਉਨਾਂ ਦੇ ਮੰਤਰਾਲੇ ਨੇ ਪਾਰਦਰਸ਼ਤਾ ਅਤੇ ਚੰਗੇ ਪ੍ਰਸ਼ਾਸਨ ਨੂੰ ਪੇਸ਼ ਕੀਤਾ ਹੈ।