ਮਾਇਕ ਪੋਂਪਿਓ ਵੱਲੋਂ ਅਚਾਨਕ ਹੀ ਅਫ਼ਗਾਨਿਸਤਾਨ ਦਾ ਦੌਰਾ

ਅਮਰੀਕਾ ਦੇ ਵਿਦੇਸ਼ ਸਕੱਤਰ ਮਾਇਕ ਪੋਂਪਿਓ ਵੱਲੋਂ ਇਸ ਹਫ਼ਤੇ ਅਚਾਨਕ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਅਫ਼ਗਾਨ ਸਰਕਾਰ ਦੇ ਹੋਰਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਇਹ ਦੌਰਾ ਏਸ਼ੀਆਈ ਮੁਲਕਾਂ ਦੇ ਉਨ੍ਹਾਂ ਦੇ ਦੌਰੇ ਦੇ ਅੰਤ ‘ਚ ਕੀਤਾ ਗਿਆ। ਏਸ਼ੀਆਈ ਦੇਸ਼ਾਂ ਦੇ ਦੌਰੇ ਦੌਰਾਨ ਉੱਤਰੀ ਕੋਰੀਆ ਅਤੇ ਵਿਅਤਨਾਮ ਦਾ ਵੀ ਸ੍ਰੀ ਪੋਂਪਿਓ ਨੇ ਦੌਰਾ ਕੀਤਾ। ਅਪ੍ਰੈਲ ਮਹੀਨੇ ਅਮਰੀਕਾ ਦੇ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅਫ਼ਗਾਨਿਸਤਾਨ ਦੀ ਫੇਰੀ ਹੈ।ਉਨ੍ਹਾਂ ਨੇ ਰਾਸ਼ਟਰਪਤੀ ਗਨੀ ਵੱਲੋਂ ਤਾਲਿਬਾਨ ਨਾਲ ਸੰਵਾਦ ਦੇ ਯਤਨਾਂ ਦਾ ਸਮਰਥਨ ਕੀਤਾ ਅਤੇ ਨਾਲ ਹੀ ਦੁਹਰਾਇਆ ਕਿ ਵਾਸ਼ਿਗੰਟਨ ਅਫ਼ਗਾਨ ਦੀ ਅਗਵਾਈ ਵਾਲੀ ਸ਼ਾਂਤੀ ਪ੍ਰਕ੍ਰਿਆ ‘ਚ ਮਦਦ ਕਰਨ ਲਈ ਤਿਆਰ ਹੈ।
ਸ੍ਰੀ ਪੋਂਪਿਓ ਨੇ ਕਿਹਾ ਕਿ ਫੌਜੀ ਕਾਰਵਾਈ ਸਬੰਧੀ ਅਮਰੀਕੀ ਰਣਨੀਤੀ ਨੇ ਤਾਲਿਬਾਨ ਨੂੰ ਸਾਫ ਸੁਨੇਹਾ ਦਿੱਤਾ ਹੈ ਕਿ ਉਹ ਸ਼ਾਂਤੀ ਪ੍ਰਕ੍ਰਿਆ ‘ਚ ਅਫ਼ਗਾਨ ਸਰਕਾਰ ਅਤੇ ਲੋਕਾਂ ਦਾ ਪੂਰਾ ਸਾਥ ਦੇਣਗੇ।ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ‘ਦੱਖਣ ਏਸ਼ੀਆ ਨੀਤੀ’ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਵੀਂ ਰਣਨੀਤੀ ਅਨੁਸਾਰ ਅਫ਼ਗਾਨਿਸਤਾਨ ‘ਚ ਵਧੇਰੇ ਸੈਨਿਕ ਭੇਜੇ ਜਾਣਗੇ ਤਾਂ ਜੋ ਤਾਲਿਬਾਨ ‘ਤੇ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਤੋਰਨ ਲਈ ਦਬਾਅ ਪਾਇਆ ਜਾ ਸਕੇ।
ਪਿਛਲੇ ਸਾਲ ਅਗਸਤ ਮਹੀਨੇ ਰਾਸ਼ਟਰਪਤੀ ਟਰੰਪ ਵੱਲੋਂ ਆਪਣੀ ਅਫ਼ਗਾਨ ਨੀਤੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਹਵਾਈ ਹਮਲਿਆਂ ‘ਚ ਵਾਧਾ, 3 ਹਜ਼ਾਰ ਵਾਧੂ ਸੈਨਿਕਾਂ ਦੀ ਤੈਨਾਤੀ ਅਤੇ ਦਾਇਸ਼ ਅੱਤਵਾਦੀਆਂ ਅਤੇ ਅਲ ਕਾਇਦਾ ਨੂੰ ਨਿਸ਼ਾਨਾ ਬਣਾਉਂਦਿਆਂ ਅੱਤਵਾਦ ਵਿਰੋਧੀ ਮੁਹਿੰਮ ਚਲਾਉਣ ਦੇ ਨਾਲ ਨਾਲ ਜੰਗ ‘ਚ ਸ਼ਰਤ ਅਧਾਰਿਤ ਮਾਪਦੰਡਾਂ ਦਾ ਜਾਇਜ਼ਾ ਲੈਣ ਲਈ ਸਮਾਂ ਹੱਦ ਛੱਡਣ ਦਾ ਐਲਾਨ ਕੀਤਾ ਗਿਆ ਸੀ।
ਫਰਵਰੀ 2018 ‘ਚ ਅਫ਼ਗਾਨ ਰਾਸ਼ਟਰਪਤੀ ਨੇ ਤਾਲਿਬਾਨ ਨੂੰ ਸ਼ਾਂਤੀ ਸੰਵਾਦ ਲਈ ਤਿਆਰ ਕਰਨ ਲਈ ਤਾਲਿਬਾਨ ਨੂੰ ਸਿਆਸੀ ਪਾਰਟੀ ਦਾ ਦਰਜਾ ਦਿੰਦਿਆਂ ਯੁੱਧ ਅਪਰਾਧ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਉਨ੍ਹਾਂ ਬਿਨ੍ਹਾਂ ਕਿਸੇ ਤੈਅ ਸ਼ਰਤ ਦੇ ਸ਼ਾਂਤੀ ਸੰਵਾਦ ਦਾ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਕਿਹਾ ਸੀ ਕਿ ਸਾਵਧਾਨੀ ਨਾਲ ਕਦਮ ਚੁੱਕਣਾ ਜ਼ਰੂਰੀ ਹੈ।ਪਿਛਲੇ ਮਹੀਨੇ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਲੜਾਕੂਆਂ ਦੋਵਾਂ ਧਿਰਾਂ ਨੇ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ ਸੀ।ਟਕਰਾਵ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਤਾਲਿਬਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੋਵੇ।ਹਾਲਾਂਕਿ ਈਦ ਦੀਆਂ ਛੁੱਟੀਆਂ ਤੋਂ ਬਾਅਦ ਤਾਲਿਬਾਨ ਨੇ ਆਪਣੇ ਸਖ਼ਤ ਇਸਲਾਮੀ ਕਾਨੂੰਨ ਨੂੰ ਲਾਗੂ ਕਰਵਾੁੳਣ ਦੇ ਲਈ ਅਤੇ ਅਫ਼ਗਾਨਿਸਤਾਨ ‘ਚੋਂ ਕੌਮਾਂਤਰੀ ਸੈਨਿਕਾਂ ਦੀ ਵਾਪਸੀ ਦੀ ਮੰਗ ਕਰਦਿਆਂ ਲੜਾਈ ਨੂੰ ਮੁੜ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਰਾਸ਼ਟਰਪਤੀ ਗਨੀ ਵੱਲੋਂ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ।ਇਹ ਧੜਾ ਕਾਬੁਲ ਸਰਕਾਰ ਨੂੰ ਪਿੱਛੇ ਪਾ ਅਮਰੀਕਾ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦਾ ਹੈ, ਕਿਉਂਕਿ ਤਾਲਿਬਾਨ ਦਾ ਮੰਨਨਾ ਹੈ ਕਿ ਅਫ਼ਗਾਨ ਯੁੱਧ ਦਾ ਮੁੱਖ ਕਾਰਕ ਅਮਰੀਕਾ ਹੀ ਹੈ।
ਅਮਰੀਕੀ ਵਿਦੇਸ਼ ਸਕੱਤਰ ਦੀ ਅਫ਼ਗਾਨ ਯਾਤਰਾ ਉਸ ਸਮੇਂ ਹੋਈ ਹੈ ਜਦੋਂ ਜਿੱਥੇ ਇਕ ਪਾਸੇ ਜੰਗ ਪ੍ਰਭਾਵਿਤ ਦੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਭ ਕੁੱਝ ਠੀਕ ਹੋਣ ਦੀ ਉਮੀਦ ਦੀ ਕਿਰਨ ਵੀ ਫੁੱਟ ਰਹੀ ਹੈ। ਇਸ ਟਕਰਾਵ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ।ਦੇਸ਼ ਦੇ ਕਈ ਹਿੱਸਿਆਂ ‘ਚ ਵਿਦਰੋਹੀਆਂ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਕੁੱਝ ਖੇਤਰਾਂ ‘ਚ ਉਨ੍ਹਾਂ ਨੇ ਆਪਣੇ ਕਸਬੇ ਵੀ ਵਸਾ ਲਏ ਹਨ।
ਸ੍ਰੀ ਪੋਂਪਿਓ ਨੇ ਕਿਹਾ ਕਿ ਸ਼ਾਂਤੀ ਸੰਵਾਦ ਦੀ ਅਗਵਾਈ ਅਫ਼ਗਾਨਿਸਤਾਨ ਹੀ ਕਰੇਗਾ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਅਮਰੀਕਾ ਦੋਵਾਂ ਧਿਰਾਂ ਦਰਮਿਆਨ ਮਨ-ਮੁਟਾਵ ਨੂੰ ਦੂਰ ਕਰਨ ਦੀ ਕੋਸ਼ਿਸ਼ਾਂ ਲਈ ਵੀ ਤਿਆਰ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਦੇ ਸਮਰਥਨ ਦੀ ਵੀ ਲੋੜ ਹੋਵੇਗੀ।ਅਮਰੀਕਾ ਦੇ ਉੱਚ ਕੂਟਨੀਤਕ ਵੱਲੋਂ ਅਫ਼ਗਾਨ ਦੀ ਰਾਜਧਾਨੀ ਕਾਬੁਲ ਦੇ ਦੌਰੇ ਨੇ ਇਹ ਆਸ ਜਗਾ ਦਿੱਤੀ ਹੈ ਕਿ ਲੰਮੇ ਸਮੇਂ ਤੋਂ ਵਿਚਕਾਰੇ ਅਟਕੀ ਸ਼ਾਂਤੀ ਵਾਰਤਾ ਨੂੰ ਸ਼ੁਰੂ ਕੀਤਾ ਜਾ ਸਕੇਗਾ, ਪਰ ਵਿਦਰੋਹੀਆਂ ਨੇ ਜੰਗਬੰਦੀ ਦੀ ਮਿਆਦ ਵਧਾਉਣ ਬਾਰੇ ਨਾਂ-ਪੱਖੀ ਰਵੱਈਆ ਪੇਸ਼ ਕੀਤਾ ਹੈ ਅਤੇ ਜੰਗਬੰਦੀ ਖ਼ਤਮ ਹੁੰਦਿਆਂ ਹੀ ਆਪਣੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ।
ਪਾਕਿਸਤਾਨ ਜੋ ਕਿ ਇਸ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ‘ਚ ਮੁੱਖ ਧਿਰ ਵੱਜੋਂ ਕੰਮ ਕਰ ਸਕਦਾ ਹੈ, ਉਸ ਨਾਲ ਵੀ ਨਵੀਂ ਸ਼ੁਰੂਆਤ ਲਾਹੇਵੰਦ ਸਾਬਿਤ ਨਹੀਂ ਹੋ ਰਹੀ ਹੈ। ਹਾਲਾਂਕਿ ਪਾਕਿ ਅਧਿਕਾਰੀਆਂ ਨੇ ਪਿਛਲੇ ਮਹੀਨੇ ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਪਾਕਿਸਤਾਨ ਤਾਲਿਬਾਨ ਦੇ ਮੁੱਖੀ ਮੁੱਲਹਾ ਫਾਜ਼ੁਲੱਲਹਾ ਦੀ ਮੌਤ ‘ਤੇ ਅਮਰੀਕਾ ਦਾ ਧੰਨਵਾਦ ਕੀਤਾ ਸੀ, ਪਰ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਫ਼ਗਾਨ ਵਿਦਰੋਹੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਿਰੰਤਰ ਅਤੇ ਨਿਰਣਾਇਕ ਪਾਕਿਸਤਾਨੀ ਪ੍ਰਤੀਬੱਧਤਾ ਨੂੰ ਵੇਖਣਾ ਚਾਹੁੰਦੇ ਹਨ।
ਇੰਨਾਂ ਮੁੱਦਿਆਂ ਤੋਂ ਇਲਾਵਾ ਸ੍ਰੀ ਪੋਂਪਿਓ ਨੇ ਅਫ਼ਗਾਨ ‘ਚ ਹੋਣ ਵਾਲੀਆਂ ਸੰਸਦੀ ਅਤੇ ਰਾਸ਼ਟਰਪਤੀ ਚੋਣਾਂ ਸਬੰਧੀ ਚਰਚਾ ਵੀ ਕੀਤੀ।
ਇਸ ਹਫ਼ਤੇ ਅੰਤਰਰਾਸ਼ਟਰੀ ਇਸਲਾਮਿਕ ਵਿਦਵਾਨਾਂ ਦੀ ਇੱਕ ਕਾਨਫਰੰਸ ਸਾਊਦੀ ਅਰਬ ‘ਚ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਤਾਲਿਬਾਨ ਨੂੰ ਧਰਮ ਦੇ ਨਾਂਅ ‘ਤੇ ਹਿੰਸਾ ਬੰਦ ਕਰਨ ਅਤੇ ਅਫ਼ਗਾਨ ‘ਚ ਚੱਲ ਰਹੇ ਅੰਦਰੂਨੀ ਯੁੱਧ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਕਿਹਾ ਜਾਵੇਗਾ।ਇਸ ਮਹੱਤਵਪੂਰਨ ਸੰਮੇਲਨ ਤੋਂ ਹਫ਼ਤਾ ਭਰ ਪਹਿਲਾਂ ਹੀ ਸ੍ਰੀ ਪੋਂਪਿਓ ਵੱਲੋਂ ਅਫ਼ਗਾਨ ਦਾ ਦੌਰਾ ਕੀਤਾ ਗਿਆ ਹੈ।ਹਾਲਾਂਕਿ ਤਾਲਿਬਾਨ ਨੇ ਜੇਦਾਹ ‘ਚ ਹੋਣ ਵਾਲੀ ਅਗਾਮੀ ਬੈਠਕ ਨੂੰ ਇਹ ਕਹਿ ਕੇ ਖਾਰਿਜ ਕਰ ਦਿੱਤਾ ਹੈ ਕਿ ਇਹ ਅਮਰੀਕਾ ਦੀ ਸਾਜਿਸ਼ ਹੈ, ਜਿਸ ਰਾਂਹੀ ਉਹ ਅਫ਼ਗਾਨ ‘ਚ ਆਪਣੇ ਸੈਨਿਕਾਂ ਦੀ ਤੈਨਾਤੀ ਨੂੰ ਜਾਇਜ਼, ਬਗ਼ਾਵਤ ਨੂੰ ਕੰਮਜ਼ੋਰ ਕਰਨ ਅਤੇ ਕਾਬੁਲ ਦੇ ਸ਼ਾਸਕਾਂ ਲਈ ਮਾਨਤਾ ਪ੍ਰਾਪਤ ਕਰਨਾ ਚਾਹੁੰਦਾ ਹੈ।