ਮਿਆਂਮਾਰ ਨੇ ਨਸਲੀ ਬਾਗ਼ੀਆਂ ਨਾਲ ਸ਼ਾਂਤੀ ਸੰਮੇਲਨ ਦਾ ਕੀਤਾ ਆਗਾਜ਼

ਮਿਆਂਮਾਰ ਆਗੂ ਆਂਗ ਸਾਨ ਸੂ ਕੀ ਅਤੇ ਦੇਸ਼ ਦੇ ਫੌਜੀ ਕਮਾਂਡਰ ਨੇ ਬੀਤੇ ਦਿਨ ਨਸਲੀ ਘੱਟ ਗਿਣਤੀ ਸਮੂਹ ਦੇ ਨੁਮਾਇੰਦਿਆਂ ਨਾਲ ਇੱਕ ਮੁੱਖ ਸੰਮੇਲਨ ਦਾ ਉਦਘਾਟਨ ਕੀਤਾ। ਇਸ ਸੰਮੇਲਨ ਦਾ ਮਕਸਦ 7 ਦਹਾਕਿਆਂ ਤੋਂ ਬਣੇ ਤਣਾਅਪੂਰਨ ਸਬੰਧਾਂ ਅਤੇ ਫੌਜੀ ਸੰਘਰਸ਼ ਤੋਂ ਬਾਅਦ ਸਥਾਈ ਸ਼ਾਂਤੀ ਨੂੰ ਕਾਇਮ ਕਰਨ ਦੀ ਕੋਸ਼ਿਸ਼ ਹੈ।
ਸ੍ਰੀਮਤੀ ਸੂ ਕੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਹ ਚਿੰਤਤ ਹੈ ਕਿ ਸ਼ਾਂਤੀ ਸੰਮੇਲਨ ‘ਚ ਕਿਸੇ ਵੀ ਤਰ੍ਹਾਂ ਦੀ ਦੇਰੀ ਦੇ ਕਾਰਨ ਉਨ੍ਹਾਂ ਦੇ ਲੋਕਾਂ ਲਈ ਅਮਨ-ਸ਼ਾਂਤੀ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਧੱਕਾ ਲੱਗ ਸਕਦਾ ਹੈ।
5 ਦਿਨਾਂ ਤੱਕ ਚੱਲਣ ਵਾਲੇ 21ਵੀਂ ਸਦੀ ਦੇ ਪਾਂਗਲੋਂਗ ਸੰਮੇਲਨ ਦੇ ਤੀਜੇ ਸੈਸ਼ਨ ‘ਚ ਅਗਸਤ 2016 ਅਤੇ ਮਈ 2017 ‘ਚ ਹੋਈਆਂ ਮੀਟਿੰਗਾਂ ਦੀ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ।ਇਹ ਸੈਸ਼ਨ ਸਰਕਾਰ, ਫੌਜ ਅਤੇ ਨਸਲੀ ਬਾਗ਼ੀ ਸਮੂਹਾਂ ਵਿਚਾਲੇ ਮਨ ਮੁਟਾਵ ਨੂੰ  ਦੂਰ ਕਰਨ ‘ਚ ਅਸਫ਼ਲ ਰਹੇ ਸੀ।
ਸੰਮੇਲਨ ਦੇ ਪਹਿਲੇ ਦਿਨ ਫੌਜ ਕਮਾਂਡਰ ਸੀਨੀਅਰ ਜਨਰਲ ਮਿਨ ਆਂਗ ਹਲਆਂਗ ਨੇ ਆਪਣੇ ਭਾਸ਼ਣ ਦੌਰਾਨ ਸ਼ਾਂਤੀ ਪ੍ਰਕ੍ਰਿਆ ਦੇ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਿਸੇ ਸਮਝੌਤੇ ‘ਤੇ ਪਹੁੰਚ ਸੰਭਵ ਕੀਤੀ ਜਾਵੇ।