ਰਾਸ਼ਟਰਪਤੀ ਪੁਤਿਨ ਟਰੰਪ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਇਜ਼ਰਾਇਲੀ ਪੀ.ਐਮ ਅਤੇ ਈਰਾਨ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਵੱਖਰੇ ਤੌਰ ‘ਤੇ ਕਰਨਗੇ ਮੁਲਾਕਾਤ 

ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਅਗਲੇ ਹਫ਼ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਣ ਵਾਲੀ ਆਪਣੀ ਮਿਲਣੀ ਤੋਂ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਅਤੇ ਈਰਾਨ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕਰਨਗੇ।
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮਾਸਕੋ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਸੀਰੀਆ, ਈਰਾਨ ਅਤੇ ਇਜ਼ਰਾਈਲ ਦੀ ਸੁਰੱਖਿਆ ਲੋੜਾਂ ਸਬੰਧੀ ਬਹੁਤ ਹੀ ਮਹੱਤਵਪੂਰਨ ਬੈਠਕ ਕਰਨਗੇ।
ਈਰਾਨ ਦੇ ਪ੍ਰਮੁੱਖ ਆਗੂ ਅਯਤੁੱਲਾ ਅਲੀ ਖਾਮੇਨੀ ਦੇ ਸੀਨੀਅਰ ਸਲਾਹਕਾਰ ਅਲੀ ਅਕਬਰ ਵਿਲਾਏਤੀ ਵੀ ਮਾਸਕੋ ‘ਚ ਅੱਜ ਰਾਸ਼ਟਰਪਤੀ ਪੁਤਿਨ ਨਾਲ ਹੋਣ ਵਾਲੀ ਬੈਠਕ ਲਈ ਰਵਾਨਾ ਹੋ ਚੁੱਕੇ ਹਨ।
ਅਮਰੀਕਾ ਅਤੇ ਇਜਰਾਇਲ ਦੋਵੇਂ ਹੀ ਸੀਰੀਆ ‘ਚ ਈਰਾਨ ਦੀ ਵੱਧ ਰਹੀ ਫੌਜੀ ਮੌਜੂਦਗੀ ਤੋਂ ਚਿੰਤਤ ਹਨ।