ਸਵੈ-ਸਹਾਇਤਾ ਸਮੂਹ ਦੇਸ਼ ਦੇ ਦਿਹਾਤੀ ਖੇਤਰਾਂ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹ ਦੇਸ਼ ਦੇ ਦਿਹਾਤੀ ਖੇਤਰਾਂ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ, ਖਾਸ ਕਰਕੇ ਛੋਟੇ ਉਦਮੀਆਂ ਅਤੇ ਮਜ਼ਦੂਰਾਂ ਲਈ ਇੰਨਾਂ ਸਮੂਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ।
ਅੱਜ ਸਵੇਰੇ ਵੀਡੀਓ ਕਾਨਫਰੰਸ ਰਾਂਹੀ ਦੇਸ਼ ਭਰ ਦੀਆਂ 10 ਮਿਲੀਅਨ ਤੋਂ ਵੀ ਵੱਧ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਸਮੂਹ ਗਰੀਬ ਤਬਕੇ ਖਾਸ ਤੌਰ ‘ਤੇ ਔਰਤਾਂ ਲਈ ਆਰਥਿਕ ਵਿਕਾਸ ਦਾ ਆਧਾਰ ਬਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮੂਹ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਇਹ ਸਾਰੀਆਂ ਔਰਤਾਂ ਪੱਕੇ ਇਰਾਦੇ ਅਤੇ ਉਦਮੀਆਂ ਦੀ ਮੂੰਹ ਬੋਲਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਪਣੀ ਸ਼ਕਤੀ, ਸਮਰੱਥਾ ਅਤੇ ਹੁਨਰ ਦੀ ਪਛਾਣ ਕਰਨ ਦੇ ਮੌਕੇ ਪ੍ਰਦਾਨ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਹੁਣ ਸਾਰੇ ਹੀ ਖੇਤਰਾਂ ‘ਚ ਮੱਲਾਂ ਮਾਰ ਰਹੀਆਂ ਹਨ।ਦੇਸ਼ ਦਾ ਖੇਤੀ ਅਤੇ ਡੇਆਰੀ ਸੈਕਟਰ ਤਾਂ ਔਰਤਾਂ ਦੀ ਗ਼ੈਰ-ਮੌਜੂਦਗੀ ‘ਚ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਹੈ ਅਤੇ ਅਜਿਹੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।