ਕੇਰਲਾ: ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ, 26 ਲੋਕਾਂ ਦੀ ਮੌਤ

ਕੇਰਲ ‘ਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੂਬੇ ‘ਚ ਲਗਭਗ 26 ਮੌਤਾਂ ਹੋ ਗਈਆਂ ਹਨ। ਸੂਬੇ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਉੱਤਰੀ ਜ਼ਿਲ੍ਹੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ।ਕਈ ਡੈਮਾਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਲਗਭਗ ਆਪਣੀ ਸਮਰੱਥਾ ਪਹੁੰਚ ਤੱਕ ਅੱਪੜ ਗਿਆ ਹੈ।ਸੂਬੇ ‘ਚ ਘੱਟੋ-ਘੱਟ 22 ਜਲ ਭੰਡਾਰਾਂ ਦੇ ਸ਼ੱਟਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤਾਂ ਜੋ ਵਧੇਰੇ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ।
ਕੌਮੀ ਆਫਤ ਰਿਸਪੌਂਸ ਫੋਰਸ ਅਤੇ ਫੌਜ ਦੀਆਂ ਦੋ ਟੀਮਾਂ ਰਾਹਤ ਕਾਰਜ ‘ਚ ਰੁੱਝੀਆਂ ਹੋਈਆਂ ਹਨ।ਐਨ.ਡੀ.ਆਰ.ਐਫ. ਦੀਆਂ ਦੋ ਹੋਰ ਟੀਮਾਂ ਅਤੇ ਬੰਗਲੂਰੂ ਤੋਂ ਫੌਜ ਦੇ ਇੰਜੀਨੀਅਰਾਂ ਦੀਆਂ ਦੋ ਟੀਮਾਂ ਕੋਜ਼ੀਕੋਡੇ ਜ਼ਿਲ੍ਹੇ ‘ਚ ਪਹੁੰਚ ਗਈਆਂ ਹਨ।
ਆਫਤ ਨਿਯੰਤਰਣ ਰੂਮ ਦੇ ਸਰੂਤਾਂ ਅਨੁਸਾਰ ਇਡੁੱਕੀ ‘ਚ 11 ਅਤੇ ਮਲਪੁਰਮ ਜ਼ਿਲ੍ਹੇ ‘ਚ 5 ਲੋਕਾਂ ਦੀ ਮੌਤ ਜ਼ਮੀਨ ਖਿਸਕਣ ਨਾਲ ਹੋਈ ਹੈ।ਕਨੂਰ ‘ਚ 2 , ਵਾਯਾਨਾਡ ‘ਚ 3 ਅਤੇ ਕੋਜ਼ੀਕੋਡੇ ‘ਚ 1 ਦੀ ਮੌਤ ਹੋਈ ਹੈ।5 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ
ਇਸ ਦੌਰਾਨ ਮੁੱਖ ਮੰਤਰੀ ਪਿਨਾਰਾਈ ਵਿਜੇਯਾਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਸਮੀਖਿਆ ਬੈਠਕ ਕੀਤੀ।ਬਾਅਦ ‘ਚ ਮੀਡੀਆ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਸੂਬੇ ‘ਚ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਹੈ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਸਾਰੇ ਉਪਾਅ ਅਪਣਾਏ ਜਾ ਰਹੇ ਹਨ।