ਪਿਆਰ ਤੇ ਸਾਂਝ ਦੇ ਪ੍ਰਤੀਕ ਕਾਨ੍ਹਾ ਦੇ ਆਗਮਨ ਦਾ ਦਿਨ- ਜਨਮਾਸ਼ਟਮੀ

ਭਾਰਤ ਇਕ ਬਹੁ-ਸਭਿਆਚਾਰਕ ਦੇਸ਼ ਹੈ ਅਤੇ ਇਸ ਦੀ ਖ਼ੁਬਸੂਰਤੀ ਹੀ ਇਸ ਬਹੁ-ਸਭਿਆਚਾਰਕਤਾ ਵਿਚ ਹੈ। ਇੱਥੇ ਵੱਖ-ਵੱਖ ਧਰਮਾਂ ਦੇ ਰੀਤੀ-ਰਿਵਾਜ਼, ਤਿਉਹਾਰਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਜਿਵੇਂ ਇਕ ਬਾਗ਼ ਦੀ ਰੂਪਵਾਨਤਾ ਉਸ ਵਿਚ ਲੱਗੇ ਭਾਂਤ-ਭਾਂਤ ਦੇ ਫੁੱਲਾਂ ਨਾਲ ਹੁੰਦੀ ਹੈ, ਉਵੇਂ ਹੀ ਭਾਰਤ ਦੇਸ਼ ਦੀ ਵਿਲੱਖਣਤਾ ਵੀ ਇੱਥੋਂ ਦੇ ਵੱਖ-ਵੱਖ ਧਾਰਮਿਕ ਸੁਹਜ ਨਾਲ ਹੈ। ਅਜਿਹੀ ਸਾਂਝ ਭਾਰਤੀ ਸੱਭਿਆਚਾਰ ‘ਚ ਹੀ ਮੌਜੂਦ ਹੈ ਜਿਸ ਵਿਚ ਹਰ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹਰ ਤਿਉਹਾਰ ਇੱਥੋਂ ਦੇ ਜਨ-ਸਾਧਾਰਨ ਵੱਲੋਂ ਪੂਰੇ ਪ੍ਰੇਮ-ਪਿਆਰ , ਸਤਿਕਾਰ ਅਤੇ ਮੇਲ-ਜੋਲ ਨਾਲ ਮਨਾਇਆ ਜਾਂਦਾ ਹੈ।
ਅਜਿਹੇ ਹੀ ਇਕ ਤਿਉਹਾਰ ਜਨਮਾਸ਼ਟਮੀ ਦੀ ਗੱਲ ਕਰੀਏ ਤਾਂ ਇਸ ਦਾ ਵੀ ਆਪਣਾ ਇਕ ਵੱਖਰਾ ਮਹੱਤਵ ਹੈ। ਜਨਮਾਸ਼ਟਮੀ ਇੱਕ ਸਲਾਨਾ ਹਿੰਦੂ ਤਿਓਹਾਰ ਹੈ ਜਿਸ ਨੂੰ ਕ੍ਰਿਸ਼ਨ ਜਨਮਾਸ਼ਟਮੀ ਜਾਂ ਗੋਕੁਲਾਸ਼ਟਮੀ ਵਜੋਂ ਜਾਣਿਆ ਜਾਂਦਾ ਹੈ। ਜਨਮ ਅਸ਼ਟਮੀ ਦਾ ਇਹ ਦਿਹਾੜਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਹੈ। ਜਿਸ ਨੂੰ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਵਿਸ਼ਵ ਭਰ ‘ਚ ਵਾਸ ਕਰ ਰਹੇ ਭਾਰਤੀਆਂ ਵੱਲੋਂ ਪੂਰੀ ਸ਼ਰਧਾ ਤੇ ਆਸਥਾ ਨਾਲ ਮਨਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਦੇਵਕੀ ਅਤੇ ਵਾਸੁਦੇਵ ਦੇ ਅਠਵੇਂ ਪੁੱਤਰ ਸਨ। ਜਿਨ੍ਹਾਂ ਦਾ ਜਨਮ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਹੋਇਆ ਸੀ, ਇਸੇ ਕਾਰਣ ਇਸ ਤਿਉਹਾਰ ਦਾ ਨਾਂ ਜਨਮ ਅਸ਼ਟਮੀ ਪਿਆ।
ਜ਼ਿਕਰਯੋਗ ਹੈ ਕਿ ਮਥੁਰਾ ਦੇ ਰਾਜਾ ਕੰਸ ਨੂੰ ਇਹ ਭਵਿੱਖਵਾਣੀ ਹੋਈ ਸੀ ਕਿ ਉਸ ਦੀ ਭੈਣ ਦੇਵਕੀ ਦੇ ਅੱਠਵੇਂ ਪੁੱਤਰ ਰਾਹੀਂ ਉਸ ਦੀ ਮੌਤ ਹੋਵੇਗੀ। ਜਿਸ ਦੇ ਕਾਰਣ ਉਸ ਨੇ ਆਪਣੀ ਭੈਣ ਦੇਵਕੀ ਅਤੇ ਉਸ ਦੇ ਪਤੀ ਵਾਸੁਦੇਵ ਨੂੰ ਕਾਲ ਕੋਠਰੀ ਵਿਚ ਪਾ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਸੱਤ ਸੰਤਾਨਾਂ ਨੂੰ ਪੈਦਾ ਹੁੰਦਿਆਂ ਹੀ ਮਰਵਾ ਦਿੱਤਾ ਸੀ॥ ਇਸ ਦੇ ਬਾਅਦ ਜਦੋਂ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਤਾਂ ਭਗਵਾਨ ਵਿਸ਼ਨੂੰ ਨੇ ਪਿਤਾ ਵਾਸੁਦੇਵ ਨੂੰ ਕ੍ਰਿਸ਼ਨ ਨੂੰ ਗੋਕੁਲ ਵਿਚ ਯਸ਼ੋਧਾ ਮਾਤਾ ਤੇ ਨੰਦ ਬਾਬੇ ਕੋਲ ਛੱਡ ਕੇ ਆਉਣ ਦਾ ਆਦੇਸ਼ ਦਿੱਤਾ। ਇਸ ਤਰ੍ਹਾਂ ਉਨ੍ਹਾਂ ਦਾ ਪਾਲਣ-ਪੋਸ਼ਣ ਯਸ਼ੋਧਾ ਮਾਤਾ ਤੇ ਨੰਦ ਜੀ ਨੇ ਕੀਤਾ। ਇਸੇ ਲਈ ਭਗਵਾਨ ਕ੍ਰਿਸ਼ਨ ਨੂੰ ਨੰਦ ਕਿਸ਼ੋਰ/ ਨੰਦ ਲਾਲਾ ਜਾਂ ਯਸ਼ੁਧਾ ਲਾਲ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਜਨਮ ਦੀ ਹੀ ਖ਼ੁਸ਼ੀ ਵਿਚ ਹਰ ਸਾਲ ਜਨਮ ਅਸ਼ਟਮੀ ਦਾ ਇਹ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮੰਦਰਾਂ ਵਿਚ ਖਾਸ ਸਜਾਵਟ ਹੁੰਦੀ ਹੈ ਤੇ ਲੋਕਾਂ ਵੱਲੋਂ ਪੂਰਾ ਦਿਨ ਵਰਤ ਰੱਖਿਆ ਜਾਂਦਾ ਹੈ ਜੋ ਕਿ ਰਾਤ ਨੂੰ 12 ਵਜੇ ਪੂਰਨ ਹੁੰਦਾ ਹੈ। ਇਸ ਦੇ ਨਾਲ ਹੀ ਮੰਦਰਾਂ ਵਿਚ ਝਾਕੀਆਂ ਅਤੇ ਰਾਸਲੀਲ੍ਹਾ ਵੀ ਆਯੋਜਿਤ ਹੁੰਦੀ ਹੈ।
ਜਨਮਾਸ਼ਟਮੀ ਉੱਤਰੀ ਭਾਰਤ ਦੇ ਬ੍ਰਜ ਖੇਤਰ ਵਿੱਚ ਸਭ ਤੋਂ ਵੱਡਾ ਤਿਉਹਾਰ ਹੈ ਕਿਉਂਕਿ ਹਿੰਦੂ ਪਰੰਪਰਾ ਅਨੁਸਾਰ ਮਥੁਰਾ ਸ਼ਹਿਰ ਵਿੱਚ ਕ੍ਰਿਸ਼ਨ ਦੀ ਪੈਦਾਇਸ਼ ਸੀ ਅਤੇ ਵਰਿੰਦਾਵਨ ਵਿੱਚ ਉਨ੍ਹਾਂ ਦੀ ਪਰਵਰਿਸ਼ ਹੋਈ ਸੀ।  ਇਸ ਮੌਕੇ ਨੂੰ ਖ਼ਾਸ ਕਰਕੇ ਮਥੁਰਾ ਅਤੇ ਵਰਿੰਦਾਵਨ ਵਿੱਚ ਵਧੇਰੇ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੈ। ਇੱਥੇ ਕ੍ਰਿਸ਼ਨ ਭਗਵਾਨ ਦੇ ਬਚਪਨ ਅਤੇ ਮੁੱਢਲੇ ਨੌਜਵਾਨ ਜੀਵਨ ਦੇ ਦ੍ਰਿਸ਼ਾਂ ਦੀ ਝਲਕੀਆਂ ਦਿਖਾਈਆਂ ਜਾਂਦੀਆਂ ਹਨ, ਜਿਸ ਨੂੰ ਕਿ ਕ੍ਰਿਸ਼ਨਲੀਲਾ ਦਾ ਵੀ ਨਾਂਅ ਦਿੱਤਾ ਜਾਂਦਾ ਹੈ।  ਸ਼੍ਰੀ ਕ੍ਰਿਸ਼ਨ ਦੇ ਜਨਮ ਸਮੇਂ ਉਨ੍ਹਾਂ ਦੀ ਮੂਰਤੀ ਨੂੰ ਦੁੱਧ ਵਿੱਚ ਨਹਿਲਾਇਆ ਜਾਂਦਾ ਹੈ ਅਤੇ ਮੂਰਤੀ ਨੂੰ ਨਵੇਂ ਕਪੜੇ ਪਾ ਕੇ ਉਸ ਨੂੰ ਪੂਜਿਆ ਜਾਂਦਾ ਹੈ। ਪੂਰੇ ਸ਼ਹਿਰ ਨੂੰ ਰੋਸ਼ਨ ਕੀਤਾ ਜਾਂਦਾ ਹੈ ਅਤੇ ਨਵੇਂ ਕਪੜੇ, ਮਿਠਾਈਆਂ, ਪੂਜਾ ਪਾਠ ਨਾਲ ਇਹ ਤਿਓਹਾਰ ਮਨਾਇਆ ਜਾਂਦਾ ਹੈ।
 ਉੱਤਰ ਪ੍ਰਦੇਸ਼ ਵਿੱਚ ਇਸ ਅਵਸਰ ਨੂੰ ਮਨਾਉਣ ਦੇ ਨਾਲ -ਨਾਲ  ਹੋਰ ਰਾਜਾਂ ਰਾਜਸਥਾਨ, ਹਰਿਆਣਾ, ਦਿੱਲੀ, ਉੱਤਰਾਖੰਡ ਵਿੱਚ ਵੀ ਇਸ ਤਿੳਹਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਹਿੰਦੂ ਵੈਸ਼ਣਵ ਭਾਈਚਾਰਿਆਂ ਵਿੱਚ ਜਨਮਾਸ਼ਟਮੀ ਵਿਆਪਕ ਤੌਰ ‘ਤੇ ਮਨਾਈ ਜਾਂਦੀ ਹੈ। ਇਨ੍ਹਾਂ ਖੇਤਰਾਂ ਵਿੱਚ ਰਾਧਾ-ਕ੍ਰਿਸ਼ਨ ਦੇ ਪ੍ਰੇਮ-ਨ੍ਰਿਤ ਨੂੰ ਨਾਟਕ ਕਲਾਵਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਰਾਸਲੀਲ੍ਹਾ ਕਿਹਾ ਜਾਂਦਾ ਹੈ।
ਮਹਾਂਰਾਸ਼ਟਰ ਵਿੱਚ ਇਸ ਤਿਓਹਾਰ ਨੂੰ ‘ਗੋਕੁਲਾਸ਼ਟਮੀ’ ਕਿਹਾ ਜਾਂਦਾ ਹੈ ਜਿੱਥੇ ਮਟਕੀ ਫੋੜਕੇ ਇਸ ਮੌਕੇ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਕਰਵਾਈ ਜਾਂਦੀ ਦਹੀ-ਹਾਂਡੀ ਪ੍ਰਤਿਯੋਗਤਾ ‘ਚ ਦਹੀ ਦੀ ਮਟਕੀ ਨੂੰ ਰੱਸੀ ਨਾਲ ਬੰਨ ਕੇ ਹਵਾ ‘ਚ ਲਟਕਾਇਆ ਜਾਂਦਾ ਹੈ। ਜਿਸ ਨੂੰ ਭੰਨਣ ਦੇ ਲਈ ਜੋ ਪ੍ਰਤਿਯੋਗੀ ਹਿੱਸਾ ਲੈਂਦੇ ਹਨ ਉਨ੍ਹਾਂ ਨੂੰ ਬਾਲ-ਗੋਵਿੰਦਾ ਕਿਹਾ ਜਾਂਦਾ ਹੈ। ਜੋ ਵੀ ਇਸ ਮਟਕੀ ਨੂੰ ਭੰਨਣ ‘ਚ ਸਫ਼ਲ ਹੁੰਦਾ ਹੈ। ਉਸ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ। ਇਸ ਖੇਡ ਨਾਲ ਇਹ ਤਿਉਹਾਰ ਲੋਕਾਂ ਦੇ ਮਨੋਰੰਜਨ ਦਾ ਵਿਸ਼ੇਸ਼ ਕੇਂਦਰ ਬਣਦਾ ਹੈ। ਇਕ ਤਰ੍ਹਾਂ ਨਾਲ ਦਹੀਂ ਦੀ ਮਟਕੀ ਨੂੰ ਫੋੜਨਾ, ਸ਼੍ਰੀ ਕ੍ਰਿਸ਼ਨ ਦੇ ਬਚਪਨ ਵਿੱਚ ਦਹੀਂ, ਮੱਖਣ ਲੁੱਕ ਕੇ ਖਾਣ ਦੀਆਂ ਕਹਾਣੀਆਂ ਨੂੰ ਬਿਆਨ ਕਰਦਾ ਹੈ।
ਜਿੱਥੇ ਇਸ ਰੀਤ ਨੂੰ ਪਹਿਲਾਂ ਹਾਸੇ ਠੱਠੇ ਜਾਂ ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਨੂੰ ਯਾਦ ਕਰਨ ਦੇ ਮਕਸਦ ਨਾਲ ਆਯੋਜਿਤ ਕੀਤਾ ਜਾਂਦਾ ਸੀ ਉੱਥੇ ਹੀ ਹੁਣ ਮਟਕੀ ਜਾਂ ਦਹੀ ਹਾਂਡੀ ਫੋੜਨ ਦੀ ਰਸਮ ‘ਚ ਮੁਕਾਬਲੇਬਾਜ਼ੀ ਆ ਗਈ ਹੈ। ਮੁਕਾਬਲੇਬਾਜ਼ੀ ਫਿਰ ਵੀ ਕਿਸੇ ਹੱਦ ਤੱਕ ਠੀਕ ਹੈ ਪਰ ਪਿਛਲੇ ਕੁੱਝ ਅਰਸੇ ਤੋਂ ਲਾਗਤਬਾਜ਼ੀ ਦਾ ਜੋ ਰੂਪ ਵੇਖਣ ਨੂੰ ਮਿਲ ਰਿਹਾ ਹੈ ਉਹ ਸਹੀ ਨਹੀਂ ਹੈ। ਹਰ ਕੋਈ ਟੀਮਾਂ ‘ਚ ਵੰਡਿਆ ਹੋਇਆ ਹੈ ਅਤੇ ਆਪਣੀ ਟੀਮ ਦੀ ਜਿੱਤ ਲਈ ਜੀਅ ਜਾਨ ਲਗਾਉਣ ਲਈ ਤਿਆਰ ਹੈ ਭਾਵੇਂ ਉਸ ਲਈ ਕੁੱਝ ਵੀ ਕਰਨਾ ਪਵੇ। ਜਿੱਤਣ ਦੀ ਭਾਵਨਾ ਹੋਣੀ ਜ਼ਰੂਰੀ ਹੈ ਪਰ ਇਸ ਨਾਲ ਆਪਣੇ ਆਪ ਜਾਂ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਉੱਚਿਤ ਨਹੀਂ ਹੈ। ਇਹ ਰਸਮ ਤਾਂ ਟੀਮ ਦੇ ਸਾਰੇ ਮੈਂਬਰਾਂ ਦੇ ਹੌਂਸਲੇ ਨੂੰ ਦਰਸਾਉਂਦੀ ਹੈ, ਜਿਸ ਨੂੰ ਕਿ ਸਕਾਰਾਤਮਕ ਢੰਗ ਨਾਲ ਅੱਗੇ ਵਧਾਉਣਾ ਸਮੇਂ ਦੀ ਮੰਗ ਹੈ।
ਗੁਜਰਾਤ ਦੇ ਦਵਾਰਕਾ ਸ਼ਹਿਰ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਸ਼੍ਰੀ ਕ੍ਰਿਸ਼ਨ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ। ਦਵਾਰਕਾ ਮੰਦਰਾਂ ਵਿੱਚ ਸ਼ਰਧਾਲੂ ਨੱਚ-ਗਾ ਕੇ ਆਪਣੀ ਕ੍ਰਿਸ਼ਨ ਭਗਤੀ ਨੂੰ ਪੇਸ਼ ਕਰਦੇ ਹਨ ਅਤੇ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦੇ ਭਜਨ ਗਾਉਂਦੇ ਹਨ। ਸਥਾਨਕ ਕਿਸਾਨਾਂ ਵੱਲੋਂ ਆਪਣੇ ਗੱਡਿਆਂ ਨੂੰ ਸਜਾਇਆ ਜਾਂਦਾ ਹੈ ਅਤੇ  ਉਸ ਵਿੱਚ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਨੂੰ ਵਿਰਾਜਮਾਨ ਕਰਕੇ ਜਸ਼ਨ ਮਨਾਇਆ ਜਾਂਦਾ ਹੈ।
ਉੜੀਸਾ ਦੇ ਪੂਰਬੀ ਰਾਜ ਵਿੱਚ, ਪੁਰੀ ਦੇ ਆਲੇ ਦੁਆਲੇ ਅਤੇ ਪੱਛਮੀ ਬੰਗਾਲ ਵਿੱਚ ਨਬਾਦਵਿਪ ਵਿੱਚ, ਇਸ ਤਿਉਹਾਰ ਨੂੰ ਸ਼੍ਰੀ ਕ੍ਰਿਸ਼ਨ ਜਯੰਤੀ ਜਾਂ ਕੇਵਲ ਸ੍ਰੀ ਜਯੰਤੀ ਕਿਹਾ ਜਾਂਦਾ ਹੈ। ਇੱਥੇ ਲੋਕ ਅੱਧੀ ਰਾਤ ਤੱਕ ਵਰਤ ਰੱਖਕੇ ਅਤੇ ਉਪਾਸਨਾ ਕਰਕੇ ਜਨਮਸ਼ਟਤੀ ਮਨਾਉਂਦੇ ਹਨ। ਇਸ ਅਵਸਰ ਤੋਂ ਅਗਲੇ ਦਿਨ ਨੂੰ “ਨੰਦਾ ਉਤਸਵ” ਕਿਹਾ ਜਾਂਦਾ ਹੈ ਜੋ ਸ਼੍ਰੀ ਕ੍ਰਿਸ਼ਨਾ ਦੇ ਧਰਮ ਦੇ ਮਾਤਾ-ਪਿਤਾ ਨੰਦ ਅਤੇ ਯਸ਼ੋਧਾ ਨੂੰ ਸਮਰਪਿਤ ਕੀਤਾ ਜਾਂਦਾ ਹੈ। ਇਸ ਦਿਨ, ਲੋਕ ਅੱਧੀ ਰਾਤ ਦੇ ਬਾਅਦ ਆਪਣਾ ਵਰਤ ਤੋੜਦੇ ਹਨ ।
ਦੱਖਣੀ ਭਾਰਤ ਵਿੱਚ ਜਨਮਾਸ਼ਟਮੀ ਦੇ ਤਿਓਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਫ਼ਰਸ਼ ਨੂੰ ਰੰਗੋਲੀ ਨਾਲ ਸਜਾਇਆ ਜਾਂਦਾ ਹੈ ਅਤੇ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦੇ ਗੀਤ ਗਾਏ ਜਾਂਦੇ ਹਨ ਤੇ ਅੱਧੀ ਰਾਤ ਤੱਕ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੱਖਣੀ ਭਾਰਤ ਵਿੱਚ ਸ਼੍ਰੀ ਕ੍ਰਿਸ਼ਨ ਮੰਦਰਾਂ ਨੂੰ ਪੂਰਾ ਸਜਾਇਆ ਜਾਂਦਾ ਹੈ । ਇਨ੍ਹਾਂ ਭਾਰਤੀ ਰਾਜਾਂ ਤੋਂ ਬਿਨਾਂ ਹੋਰ ਦੇਸ਼ਾਂ ਜਿਵੇਂ ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਵਿੱਚ ਵਸਦੇ ਹਿੰਦੂਆਂ ਦੁਆਰਾ ਵੀ ਇਸ ਤਿਓਹਾਰ ਦੀ ਪਰੰਪਰਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਅਤੇ ਇਸ ਦਿਨ ਭਗਵਤ ਗੀਤਾ ਦਾ ਪਾਠ ਕੀਤਾ ਜਾਂਦਾ ਹੈ।
ਜਨਮਾਸ਼ਟਮੀ ਦੇ ਮੌਕੇ ‘ਤੇ ਹਿੰਦੂਆਂ ਦੁਆਰਾ ਵਰਤ ਰੱਖਣਾ, ਗੀਤ ਗਾਉਣਾ, ਇਕੱਠੇ ਪ੍ਰਾਰਥਨਾ ਕਰਨਾ, ਖ਼ਾਸ ਭੋਜਨ ਤਿਆਰ ਕਰਨ ਅਤੇ ਵੰਡਣ, ਮਿਠਾਈਆਂ ਦਾ ਆਦਾਨ-ਪ੍ਰਦਾਨ ਅਤੇ ਆਪਸੀ ਮੋਹ-ਪਿਆਰ ਨੂੰ ਸਥਾਪਿਤ ਕਰਨਾ ਆਦਿ ਇਸ ਦਿਨ ਦਾ ਹਿੱਸਾ ਹਨ। ਇਹ ਸਾਰੇ ਲੋਕ ਕ੍ਰਿਸ਼ਨਾ ਜਾਂ ਵਿਸ਼ਨੂੰ ਦੇ ਮੰਦਰਾਂ ਵਿੱਚ ਜਾ ਕੇ ਜਨਮਾਸ਼ਟਮੀ ਮਨਾਉਂਦੇ ਹਨ।  ਸ਼੍ਰੀ ਕ੍ਰਿਸ਼ਨ ਦੇ ਜੀਵਨ ਦੀ ਰਾਸਲੀਲ੍ਹਾ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।
ਇਸ ਦਿਨ ਲੋਕਾਂ ਦੀ ਆਪਸੀ ਸਾਂਝ ਆਮ ਹੀ ਦੇਖਣ ਨੂੰ ਮਿਲਦੀ ਹੈ। ਲੋਕ ਇੱਕ ਦੂਜੇ ਨਾਲ ਮੇਲ-ਮਿਲਾਪ ਵਧਾਉਂਦੇ ਹਨ ਅਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਪਰ ਤਿਓਹਾਰਾਂ ਪ੍ਰਤੀ ਉਤਸ਼ਾਹ ਅਤੇ ਇੱਕ ਦੂਜੇ ਨੂੰ ਮਿਲਣ ਦੀ ਪਰੰਪਰਾ ਹੁਣ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਨਾਲੋਂ ਫਿੱਕੀ ਪੈਂਦੀ ਜਾ ਰਹੀ ਹੈ।
ਅਜੋਕੇ ਤਕਨਾਲੋਜੀ ਦੇ ਸਮੇਂ ‘ਚ ਲੋਕ ਆਪਣੇ ਰੋਜ਼ਮਰਾ ਦੇ ਕੰਮਾਂ ‘ਚ ਇੰਨੇ ਮਸ਼ਰੂਫ ਹੋ ਗਏ ਹਨ ਕਿ ਉਨ੍ਹਾਂ ਕੋਲ ਆਪਣੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ, ਤਿਉਹਾਰ-ਉਤਸਵਾਂ ਨੂੰ ਮਨਾਉਣ ਦਾ ਬਿਲਕੁੱਲ ਵੀ ਸਮਾਂ ਨਹੀਂ ਹੈ। ਜ਼ਿਆਦਾਤਰ ਸ਼ੁਭਕਾਮਨਾਵਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਕ ਦੂਜੇ ਨੂੰ ਸੰਦੇਸ਼ਾਂ ਰਾਹੀਂ ਜ਼ਰੂਰ ਭੇਜ ਦਿੰਦੇ ਹਨ। ਇਕ ਵੇਲਾ ਉਹ ਵੀ ਸੀ ਜਦੋਂ ਕਿਸੇ ਵੀ ਦਿਨ-ਤਿਉਹਾਰ ਜਾਂ ਵਿਸ਼ੇਸ ਮੌਕੇ ‘ਤੇ ਪਰਿਵਾਰ ਦੇ ਸਾਰੇ ਮੈਂਬਰ ਇੱਕਠੇ ਹੁੰਦੇ ਸਨ, ਪਰ ਮੌਜੂਦਾ ਸਮੇਂ ‘ਚ ਤਾਂ ਇਕ ਘਰ ਵਿਚ ਰਹਿੰਦਿਆਂ ਹੋਇਆ ਵੀ ਸਮੁੰਦਰੋਂ ਪਾਰ ਦੀ ਦੂਰੀ ਬਣੀ ਹੋਈ ਹੈ।ਕਹਿੰਦੇ ਨੇ ਕੋਈ ਵੀ ਰੀਤ ਇਕ ਤੋਂ ਬਾਅਦ ਦੂਜੀ ਪੀੜ੍ਹੀ ਤੱਕ ਪਹੁੰਚਦੀ ਹੈ ਅਤੇ ਉਸ ਦੀ ਆਪਣੀ ਮਹੱਤਤਾ ਭਵਿੱਖ ਦੀਆਂ ਪੀੜ੍ਹੀਆਂ ਤੱਕ ਤਾਂ ਹੀ ਕਾਇਮ ਰਹੇਗੀ ਜੇਕਰ ਇਹ ਲੜੀ ਬਿਨ੍ਹਾਂ ਟੁੱਟੇ ਜਾਰੀ ਰਹੇ। ਜੇ ਅੱਜ ਅਸੀਂ ਇੰਨਾਂ ਤੋਂ ਮੂੰਹ ਮੋੜ ਲਵਾਂਗੇ ਤਾਂ ਆਉਂਦੇ ਸਮੇਂ ‘ਚ ਇੰਨਾਂ ਬਾਰੇ ਕਿਸੇ ਨੂੰ ਵੀ ਕੁੱਝ ਪਤਾ ਨਹੀਂ ਹੋਵੇਗਾ ਅਤੇ ਇਹ ਤਿਉਹਾਰ, ਰੀਤਾਂ-ਰਸਮਾਂ ਸਿਰਫ਼ ਤੇ ਸਿਰਫ਼ ਇਤਿਹਾਸ ਬਣ ਜਾਣਗੀਆਂ।ਅਜਿਹੇ ‘ਚ ਲੋੜ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਪ੍ਰਤੀ ਜਾਗਰੂਕ ਰਹੀਏ ਅਤੇ ਤਿਉਹਾਰਾਂ ਨਾਲ ਆਪਣੀ ਸਾਂਝ ਨੂੰ ਮੁੜ ਸੁਰਜੀਤ ਕਰੀਏ।ਜਨਮਾਸ਼ਟਮੀ ਦਾ ਤਿਉਹਾਰ ਵੀ ਪ੍ਰੇਮ, ਇਤਫ਼ਾਕ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੰਦਾ ਹੈ , ਬਸ ਲੋੜ ਹੈ ਤਾਂ ਉਸ ਸੁਨੇਹੇ ਨੂੰ ਸਮਝਣ ਦੀ।