ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਸਰਬੀਆ, ਮਾਲਟਾ ਅਤੇ ਰੋਮਾਨੀਆ ਦੀ ਯਾਤਰਾ ਲਈ ਅੱਜ ਹੋਣਗੇ ਰਵਾਨਾ

ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ ਸਰਬੀਆ, ਮਾਲਟਾ ਅਤੇ ਰੋਮਾਨੀਆ ਦੇ ਤਿੰਨ ਮੁਲਕਾਂ ਦੀ ਯਾਤਰਾ ਸ਼ੁਰੂ ਕਰਨਗੇ। ਸੱਤ ਦਿਨਾਂ ਦੀ ਇਸ ਯਾਤਰਾ ਦੌਰਾਨ, ਸ਼੍ਰੀ ਨਾਇਡੂ ਪਹਿਲਾਂ ਸਰਬੀਆ ਪੁੱਜਣਗੇ, ਜਿੱਥੇ ਉਹ ਸਰਬੀਆ ਦੇ ਮੁੱਖ ਆਗੂਆਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ, ਸੰਯੁਕਤ ਸਕੱਤਰ ਡਾ. ਅੰਜੂ ਕੁਮਾਰ ਨੇ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਪ-ਰਾਸ਼ਟਰਪਤੀ ਦੀ ਇਨ੍ਹਾਂ ਮੁਲਕਾਂ ਦੀ ਯਾਤਰਾ ਦੌਰਾਨ ਖੇਤੀਬਾੜੀ ਅਤੇ ਸੈਰ-ਸਪਾਟਾ ਦੇ ਖੇਤਰ ਵਿੱਚ ਕਈ ਸਮਝੌਤਿਆਂ ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ।

ਆਪਣੀ ਯਾਤਰਾ ਦੇ ਦੂਜੇ ਪੜਾਅ ਵਿੱਚ ਸ਼੍ਰੀ ਨਾਇਡੂ ਐਤਵਾਰ ਨੂੰ ਮਾਲਟਾ ਪੁੱਜਣਗੇ, ਜਿੱਥੇ ਉਹ ਦੇਸ਼ ਦੇ ਮੁੱਖ ਨੇਤਾਵਾਂ ਨਾਲ ਆਪਸੀ ਮੁੱਦਿਆਂ ਤੇ ਚਰਚਾ ਕਰਨਗੇ। ਗੱਲਬਾਤ ਦੌਰਾਨ ਦੋਨਾਂ ਪੱਖਾਂ ਵਿੱਚ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਚਰਚਾ ਹੋਵੇਗੀ। ਸ਼੍ਰੀ ਕੁਮਾਰ ਨੇ ਕਿਹਾ ਕਿ ਭਾਰਤੀ ਆਈ.ਟੀ. ਕੰਪਨੀਆਂ ਦੇ ਲਈ ਮਾਲਟਾ ਵਿੱਚ ਚੰਗੇ ਮੌਕੇ ਹਨ।

ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ ਉਪ-ਰਾਸ਼ਟਰਪਤੀ ਰੋਮਾਨੀਆ ਜਾਣਗੇ। ਡਾ. ਅੰਜੂ ਕੁਮਾਰ ਨੇ ਕਿਹਾ ਕਿ ਭਾਰਤ ਦੇ ਇਨ੍ਹਾਂ ਯੂਰਪੀ ਮੁਲਕਾਂ ਨਾਲ ਇਤਿਹਾਸਕ ਸੰਬੰਧ ਹਨ ਅਤੇ ਸ਼੍ਰੀ ਨਾਇਡੂ ਦੀ ਯਾਤਰਾ ਨਾਲ ਇਨ੍ਹਾਂ ਸੰਬੰਧਾਂ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।